ਅੰਮ੍ਰਿਤਪਾਲ ਦੀ ਗ੍ਰਿਫਤਾਰੀ ਮਗਰੋਂ ਬੋਲੇ ਪਿਤਾ ਤਰਸੇਮ ਸਿੰਘ…ਮੈਨੂੰ ਇਸ ਗੱਲ ਦੀ ਖੁਸ਼ੀ ਕਿ ਮੇਰੇ ਪੁੱਤਰ ਨੇ


Amritpal Singh Arrested: ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਮਗਰੋਂ ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਹੈ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਪੁੱਤਰ ਨੇ ਸਿੱਖੀ ਸਰੂਪ ‘ਚ ਗ੍ਰਿਫਤਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ 18 ਮਾਰਚ ਨੂੰ ਫਰਾਰ ਹੋਣ ਤੋਂ ਬਾਅਦ ਜਦੋਂ ਮੈਂ ਉਸ ਨੂੰ ਸੀਸੀਟੀਵੀ ਫੁਟੇਜ ਤੇ ਫੋਟੋਆਂ ਵਿੱਚ ਪੈਂਟ-ਸ਼ਰਟ ਜਾਂ ਹੋਰ ਕੱਪੜਿਆਂ ਵਿੱਚ ਦੇਖਦਾ ਸੀ ਤਾਂ ਮੈਨੂੰ ਬਹੁਤ ਦੁੱਖ ਹੁੰਦਾ ਸੀ। ਅੱਜ ਉਸ ਨੂੰ ਸਿੱਖੀ ਬਾਣੇ ਵਿੱਚ ਦੇਖ ਕੇ ਖੁਸ਼ੀ ਹੋਈ।

ਤਰਸੇਮ ਸਿੰਘ ਨੇ ਕਿਹਾ ਕਿ ਮੇਰੇ ਬੇਟੇ ਅੰਮ੍ਰਿਤਪਾਲ ਨੇ ਖਾਲਸਾ ਵਹੀਰ ਨੂੰ ਜਾਰੀ ਰੱਖਣ ਦੀ ਗੱਲ ਕਹੀ ਹੈ ਤੇ ਮੈਂ ਉਸ ਦਾ ਸਮਰਥਨ ਕਰਦਾ ਹਾਂ। ਉਨ੍ਹਾਂ ਕਿਹਾ ਕਿ ਜੋ ਵੀ ਖਾਲਸਾ ਵਹੀਰ ਨੂੰ ਅੱਗੇ ਲੈ ਕੇ ਜਾਵੇਗਾ, ਸਾਡਾ ਪਰਿਵਾਰ ਉਸ ਦਾ ਸਾਥ ਦੇਵੇਗਾ। ਤਰਸੇਮ ਸਿੰਘ ਨੇ ਦੱਸਿਆ ਕਿ ਦਮਦਮੀ ਟਕਸਾਲ ਦੇ ਭਾਈ ਰਾਮ ਸਿੰਘ ਸ਼ਨੀਵਾਰ ਨੂੰ ਹੀ ਉਨ੍ਹਾਂ ਕੋਲ ਆਏ ਸਨ, ਜਿਨ੍ਹਾਂ ਨੇ ਖਾਲਸਾ ਵਹੀਰ ਮੁੜ ਸ਼ੁਰੂ ਕਰਨ ਦੀ ਗੱਲ ਕੀਤੀ ਸੀ।

ਅੰਮ੍ਰਿਤਪਾਲ ਦੀ ਗ੍ਰਿਫਤਾਰੀ ਤੋਂ ਕਰੀਬ ਚਾਰ ਘੰਟੇ ਬਾਅਦ ਦੁਪਹਿਰ 12 ਵਜੇ ਦੇ ਕਰੀਬ ਉਸ ਦੇ ਪਿਤਾ ਤਰਸੇਮ ਸਿੰਘ ਪਿੰਡ ਜੱਲੂਪੁਰ ਖੇੜਾ ਵਿੱਚ ਮੀਡੀਆ ਸਾਹਮਣੇ ਆਏ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਬਾਰੇ ਉਨ੍ਹਾਂ ਨੂੰ ਸਵੇਰੇ 7 ਵਜੇ ਮੀਡੀਆ ਤੋਂ ਪਤਾ ਹੀ ਲੱਗਾ। ਗ੍ਰਿਫਤਾਰੀ ਤੋਂ ਥੋੜ੍ਹੀ ਦੇਰ ਬਾਅਦ ਉਸ ਨੂੰ ਇੱਕ ਥਾਣੇਦਾਰ ਦਾ ਫੋਨ ਆਇਆ। ਉਨ੍ਹਾਂ ਨੇ ਇੰਸਪੈਕਟਰ ਨੂੰ ਪੁੱਛਿਆ ਕਿ ਕੀ ਉਹ ਅੰਮ੍ਰਿਤਪਾਲ ਨੂੰ ਮਿਲ ਸਕਦੇ ਹਨ ਪਰ ਇਨਕਾਰ ਕਰ ਦਿੱਤਾ ਗਿਆ।

ਪਰਿਵਾਰ ਦਾ ਕਹਿਣਾ ਹੈ ਕਿ ਗ੍ਰਿਫਤਾਰੀ ਤੋਂ ਪਹਿਲਾਂ ਅੰਮ੍ਰਿਤਪਾਲ ਉਨ੍ਹਾਂ ਦੇ ਸੰਪਰਕ ਵਿੱਚ ਨਹੀਂ ਸੀ। ਇਸ ਮੁੱਦੇ ‘ਤੇ ਅਗਲੇਰੀ ਕਾਨੂੰਨੀ ਮਦਦ ਲਈ ਜਾਵੇਗੀ। ਇਜਾਜ਼ਤ ਮਿਲਦੇ ਹੀ ਪਰਿਵਾਰਕ ਮੈਂਬਰ ਅੰਮ੍ਰਿਤਪਾਲ ਨੂੰ ਮਿਲਣ ਲਈ ਡਿਬਰੂਗੜ੍ਹ ਜੇਲ੍ਹ ਜਾਣਗੇ। ਅੰਮ੍ਰਿਤਪਾਲ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੇ ਲੜਕੇ ਨੂੰ ਸਰਕਾਰ ਨੇ ਨਾਜਾਇਜ਼ ਫੜਿਆ ਹੈ, ਇਸ ਲਈ ਹੁਣ ਉਸ ਨੂੰ ਰਿਹਾਅ ਕੀਤਾ ਜਾਵੇ।

ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਜੱਲੂਪੁਰ ਖੇੜਾ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਸੁਰੱਖਿਆ ਏਜੰਸੀਆਂ ਅੰਮ੍ਰਿਤਪਾਲ ਦੇ ਪਰਿਵਾਰ ‘ਤੇ ਨਜ਼ਰ ਰੱਖ ਰਹੀਆਂ ਹਨ। ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ, ਪਿਤਾ ਤਰਸੇਮ ਸਿੰਘ ਤੇ ਮਾਤਾ ਜੱਲੂਪੁਰ ਖੇੜਾ ਵਿੱਚ ਹੀ ਹਨ।

ਉਧਰ, ਅੰਮ੍ਰਿਤਪਾਲ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਵਾਲਿਆਂ ਦਾ ਰਿਕਾਰਡ ਵੀ ਬਣਾਇਆ ਜਾ ਰਿਹਾ ਹੈ। ਪੁਲਿਸ ਸੂਤਰਾਂ ਮੁਤਾਬਕ ਕਿਸੇ ਵੀ ਤਰ੍ਹਾਂ ਮਾਹੌਲ ਖਰਾਬ ਨਾ ਹੋਏ ਇਸ ਅੰਮ੍ਰਿਤਪਾਲ ਦੇ ਪਿੰਡ ਜੱਲੂਪੁਰ ਖੇੜਾ ਵਿੱਚ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਉਂਝ ਸਵੇਰ ਤੋਂ ਹੀ ਪਿੰਡ ਵਿੱਚ ਸੰਨਾਟਾ ਛਾਇਆ ਹੋਇਆ ਹੈ। ਪਿੰਡ ‘ਚ ਆਉਣ-ਜਾਣ ਵਾਲੇ ਹਰ ਵਿਅਕਤੀ ਤੋਂ ਪੁੱਛਗਿੱਛ ਕਰਨ ਤੋਂ ਇਲਾਵਾ ਗਰਮ ਖਿਆਲੀ ਅਨਸਰਾਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।Source link

Leave a Comment