Punjab News: ਸਿੱਖ ਫਾਰ ਜਸਟਿਸ ਦੇ ਲੀਡਰ ਗੁਰਪਤਵੰਤ ਸਿੰਘ ਪੰਨੂ ਨੇ ਅੰਮ੍ਰਿਤਸਰ ਵਿੱਚ ਹੋ ਰਹੀ ਜੀ-20 ਸੰਮੇਲਨ ਸਬੰਧੀ ਇੱਕ ਹੋਰ ਵੀਡੀਓ ਜਾਰੀ ਕੀਤੀ ਹੈ। ਵੀਡੀਓ ‘ਚ ਗੁਰਪਤਵੰਤ ਪੰਨੂ ਨੇ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰ ਰਹੇ ਸਿੱਖ ਚਿਹਰਿਆਂ ਨੂੰ ਸੰਦੇਸ਼ ਦਿੱਤਾ ਹੈ ਕਿ ਅੱਜ ਉਨ੍ਹਾਂ ਕੋਲ ਸਿੱਖ ਨੇਸ਼ਨ ਬਾਰੇ ਬੋਲਣ ਦਾ ਮੌਕਾ ਮਿਲਿਆ ਹੈ।
ਪੰਨੂ ਨੇ ਇਹ ਸੰਦੇਸ਼ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ, ਪ੍ਰੋ. ਮਹਿੰਦਰ ਬੇਦੀ, ਸਰਬਜੋਤ ਸਿੰਘ ਬਹਿਲ ਤੇ ਪ੍ਰੋ. ਕਰਮਜੀਤ ਸਿੰਘ ਨੂੰ ਦਿੱਤਾ ਹੈ। ਪੰਨੂ ਨੇ ਕਿਹਾ ਕਿ ਅੱਜ ਖਾਲਿਸਤਾਨ ਰੈਫਰੈਂਡਮ ਬਾਰੇ ਗੱਲ ਕਰਨ ਦਾ ਮੌਕਾ ਹੈ।
ਪੰਨੂ ਨੇ ਕਿਹਾ ਹੈ ਕਿ ਸਿੱਖਾਂ ਨੂੰ ਭਾਰਤ ਤੋਂ ਵੱਖ ਹੋਣ ਤੋਂ ਬਾਅਦ ਹੀ ਉਨ੍ਹਾਂ ਦੇ ਹੱਕ ਮਿਲਣਗੇ। ਅੱਜ ਸਾਰੇ ਸਿੱਖਾਂ ਦੀਆਂ ਨਜ਼ਰਾਂ ਜੀ-20 ਦੀ ਮੇਜ਼ਬਾਨੀ ਕਰ ਰਹੇ ਸਿੱਖ ਚਿਹਰਿਆਂ ਵੱਲ ਹਨ। ਅੱਜ ਸਿੱਖ ਭਾਈਚਾਰਾ ਵੀ ਦੇਖ ਰਿਹਾ ਹੈ ਕਿ ਸਿੱਖਾਂ ਦੇ ਹੱਕਾਂ ਦੀ ਗੱਲ ਕੌਣ ਕਰ ਰਿਹਾ ਹੈ। ਦੱਸ ਦਈਏ ਕਿ ਪੰਨੂ ਨੇ ਪਹਿਲਾਂ ਕਈ ਵਾਰ ਧਮਕੀਆਂ ਦਿੱਤੀਆਂ ਹਨ ਪਰ ਹੁਣ ਉਹ ਸ਼ਾਂਤੀ ਨਾਲ ਗੱਲ ਕਰਨ ਲਈ ਕਹਿ ਰਿਹਾ ਹੈ।
ਦੱਸ ਦਈਏ ਕਿ 15 ਤੋਂ 17 ਮਾਰਚ ਤੱਕ ਤੇ 19 ਤੋਂ 20 ਤਕ ਦੋ ਪੜਾਵਾਂ ਵਿੱਚ G 20 ਸਮੇਲਨ ਅੰਮ੍ਰਿਤਸਰ ਵਿਚ ਚੱਲੇਗਾ ਜਿਥੇ 15 ਮਾਰਚ ਨੂੰ ਰਿਸਰਚ ਤੇ ਕਲੇਬੋਰੇਸ਼ਨ 16 ਤੇ 17 ਮਾਰਚ ਨੂੰ ਸਿੱਖਿਆ ਉੱਤੇ ਸਮੂਹ ਦੇਸ਼ਾਂ ਦੇ ਡੈਲੀਗੇਟ ਸੈਮੀਨਾਰ ਕਰਨਗੇ। 17 ਮਾਰਚ ਨੂੰ ਸ਼ਾਮ ਨੂੰ ਅੰਮ੍ਰਿਤਸਰ ਦੇ ਗੁਰਦੁਆਰੇ, ਮੰਦਰ ਤੇ ਟੂਰਿਸਟ ਥਾਵਾਂ ‘ਤੇ ਘੁੰਮਣਗੇ।
ਦੱਸ ਦਈਏ ਸੰਮੇਲਨ ਵਿੱਚ ਜੀ20 ਨਾਲ ਸਬੰਧਤ 28 ਮੁਲਕਾਂ ਦੇ ਲਗਪਗ 55 ਡੈਲੀਗੇਟ ਸ਼ਾਮਲ ਹੋਣਗੇ। ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਕਰਵਾਏ ਜਾ ਰਹੇ ਸੰਮੇਲਨ ਵਿੱਚ ਸੈਮੀਨਾਰ, ਪ੍ਰਦਰਸ਼ਨੀਆਂ ਤੇ ਵੱਖ ਵੱਖ ਕਾਰਜ ਸਮੂਹਾਂ ਦੀਆਂ ਮੀਟਿੰਗਾਂ ਸ਼ਾਮਲ ਹੋਣਗੀਆਂ। ਇਸ ਸੰਮੇਲਨ ਵਿੱਚ ਦੂਜੀ ਐਜੂਕੇਸ਼ਨ ਵਰਕਿੰਗ ਗਰੁੱਪ ਦੇ ਮੈਂਬਰਾਂ ਤੋਂ ਇਲਾਵਾ ਯੂਨੈਸਕੋ, ਯੂਨੀਸੈਫ਼ ਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਦੇ ਨੁਮਾਇੰਦੇ ਵੀ ਸ਼ਾਮਲ ਹੋ ਰਹੇ ਹਨ।