ਪੰਜਾਬੀਆਂ ਨੇ ਟੈਕਸਾਂ ਨਾਲ ਭਰਿਆ ਸਰਕਾਰੀ ਖਜ਼ਾਨਾ, ਅਪਰੈਲ ‘ਚ ਹੀ ਇਕੱਠੇ ਕੀਤੇ 3988.23 ਕਰੋੜ ਰੁਪਏ


ਪੰਜਾਬ ਨਿਊਜ਼: ਪੰਜਾਬ ਸਰਕਾਰ ਟੈਕਸਾਂ ਰਾਹੀਂ ਮੋਟੀ ਕਮਾਈ ਕਰ ਰਹੀ ਹੈ। ਇਸ ਵਿੱਤੀ ਸਾਲ ਦੇ ਪਹਿਲੇ ਮਹੀਨੇ ਅਪਰੈਲ ਦੌਰਾਨ ਹੀ ਸਰਕਾਰੀ ਖਜ਼ਾਨੇ ਵਿੱਚ ਕਰਾਂ ਤੋਂ 3988.23 ਕਰੋੜ ਰੁਪਏ ਗਏ ਹਨ। ਸਰਕਾਰ ਦਾ ਦਾਅਵਾ ਹੈ ਕਿ ਅਪਰੈਲ ਮਹੀਨੇ ਦੌਰਾਨ ਮਾਲੀਏ ਵਿੱਚ ਪਿਛਲੇ ਸਾਲ ਦੇ ਮੁਕਾਬਲੇ 22 ਵਾਧਾ ਹੋਇਆ ਹੈ।

ਇਸ ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਨੇ ਅਪਰੈਲ 2022 ਦੇ ਮੁਕਾਬਲੇ ਅਪਰੈਲ 2023 ਦੌਰਾਨ ਆਪਣੇ ਕਰ ਮਾਲੀਏ ਵਿੱਚ 22 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਅਨੁਮਾਨਾਂ ਅਨੁਸਾਰ ਰਾਜ ਨੇ ਅਪਰੈਲ 2023 ਦੌਰਾਨ ਆਪਣੇ ਕਰਾਂ ਤੋਂ 3988.23 ਕਰੋੜ ਰੁਪਏ ਦਾ ਮਾਲੀਆ ਇਕੱਤਰ ਕੀਤਾ ਜਦਕਿ ਅਪਰੈਲ 2022 ਵਿੱਚ 3275.85 ਕਰੋੜ ਰੁਪਏ ਇਕੱਤਰ ਕੀਤੇ ਗਏ ਸਨ।

ਚੀਮਾ ਨੇ ਅੱਗੇ ਕਿਹਾ ਕਿ ਇਸ ਮਹੀਨੇ ਦੌਰਾਨ ਵਸਤੂ ਤੇ ਸੇਵਾ ਕਰ (ਜੀਐਸਟੀ), ਰਾਜ ਆਬਕਾਰੀ ਤੇ ਸਟੈਂਪ ਤੇ ਰਜਿਸਟਰੇਸ਼ਨ ਤੋਂ ਇਕੱਤਰ ਕੀਤੇ ਮਾਲੀਏ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿੱਤ ਵਿਭਾਗ ਦੁਆਰਾ ਏਕੀਕ੍ਰਿਤ ਵਿੱਤ ਪ੍ਰਬੰਧਨ ਪ੍ਰਣਾਲੀ (ਆਈਐਫਐਮਐਸ) ਦੁਆਰਾ ਕੁੱਲ ਕਰ ਉਗਰਾਹੀ ਦੇ ਅੰਕੜਿਆਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਤੇ ਅੰਤਿਮ ਅੰਕੜਿਆਂ ਵਿੱਚ ਥੋੜ੍ਹਾ ਅੰਤਰ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਜੀਐਸਟੀ ਵਿੱਚ ਸਭ ਤੋਂ ਵੱਧ 483 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਅਪਰੈਲ 2022 ਦੌਰਾਨ ਕੁੱਲ ਜੀਐਸਟੀ ਮਾਲੀਆ 1532 ਕਰੋੜ ਰੁਪਏ ਸੀ ਜਦਕਿ ਇਸ ਸਾਲ ਇਹ ਅੰਕੜਾ 2015 ਕਰੋੜ ਰੁਪਏ ਰਿਹਾ। ਅਪਰੈਲ 2022 ਦੇ 564.64 ਕਰੋੜ ਰੁਪਏ ਦੇ ਮੁਕਾਬਲੇ ਇਸ ਸਾਲ ਆਬਕਾਰੀ ਮਾਲੀਆ 216.48 ਕਰੋੜ ਰੁਪਏ ਵਧ ਕੇ 781.12 ਕਰੋੜ ਰੁਪਏ ਰਿਹਾ।

ਸਟੈਂਪ ਤੇ ਰਜਿਸਟਰੇਸ਼ਨ ਤੋਂ ਪ੍ਰਾਪਤ ਮਾਲੀਆ ਵੀ ਅਪਰੈਲ 2022 ਵਿੱਚ 355.4 ਕਰੋੜ ਰੁਪਏ ਦੇ ਮੁਕਾਬਲੇ ਇਸ ਅਪਰੈਲ 85.95 ਕਰੋੜ ਰੁਪਏ ਦੇ ਵਾਧੇ ਨਾਲ 441.35 ਕਰੋੜ ਰੁਪਏ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਮਦਨ ਵਿੱਚ ਮੌਜੂਦਾ ਵਾਧਾ ਕੋਈ ਵਾਧੂ ਟੈਕਸ ਲਾਏ ਬਿਨਾਂ ਹਾਸਲ ਕੀਤਾ ਗਿਆ ਹੈ।



Source link

Leave a Comment