ਜਲੰਧਰ ਉਪ ਚੋਣ: ਜਲੰਧਰ ਜ਼ਿਮਨੀ ਚੋਣ ਦੇ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ। ਸਿਆਸੀ ਪਾਰਟੀਆਂ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਇਹ ਚੋਣਾਂ ਸੱਤਾਧਿਰ ਆਮ ਆਦਮੀ ਪਾਰਟੀ ਲਈ ਵੱਕਾਰ ਦਾ ਸਵਾਲ ਹੈ ਕਿਉਂਕਿ ਸਰਕਾਰ ਬਣਨ ਮਗਰੋਂ ਪਾਰਟੀ ਸੰਗਰੂਰ ਜ਼ਿਮਨੀ ਚੋਣ ਹਾਰ ਚੁੱਕੀ ਹੈ। ਇਸ ਲਈ ਆਮ ਆਦਮੀ ਪਾਰਟੀ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ।
ਉਧਰ, ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਸੂਬੇ ਦੀ ‘ਆਪ’ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਜ਼ਿਮਨੀ ਚੋਣਾਂ ਦੌਰਾਨ ਸਰਕਾਰੀ ਮਸ਼ੀਨਰੀ ਤੇ ਪ੍ਰਸ਼ਾਸਨ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਦੇ ਵੋਟਰਾਂ ਨੂੰ ਭੀੜ ਦਿਖਾਉਣ ਲਈ ਕੇਜਰੀਵਾਲ ਦੇ ਰੋਡ ਸ਼ੋਅ ਵਿੱਚ ਦੂਜੇ ਜ਼ਿਲ੍ਹਿਆਂ ਤੋਂ ਲੋਕ ਕਿਰਾਏ ’ਤੇ ਲਿਆਂਦੇ ਜਾ ਰਹੇ ਹਨ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ‘ਆਪ’ ਸਰਕਾਰ ਨੇ ਇਸ ਸੀਟ ਤੋਂ ਹਾਰ ਕਬੂਲ ਲਈ ਹੈ।
ਆਪਣੇ ਉਮੀਦਵਾਰ ਦੀ ਭਰੋਸੇਯੋਗਤਾ, ਕਾਬਲੀਅਤ, ਚਰਿੱਤਰ ਅਤੇ ਇਮਾਨਦਾਰੀ ਲਈ ਵੋਟ ਕਰੋ…ਮੈਡਮ ਕਰਮਜੀਤ ਕੌਰ ਅਤੇ ਵਿਰੋਧੀ ਧਿਰ ਵਿੱਚ ਫਰਕ ਹੈ ਚਾਕ ਅਤੇ ਚੀਜ਼…ਸੱਚ ਦੀ ਜਿੱਤ ਹੋਣੀ ਚਾਹੀਦੀ ਹੈ !! pic.twitter.com/VqMYR024ij
— ਨਵਜੋਤ ਸਿੰਘ ਸਿੱਧੂ (@sherryontopp) 7 ਮਈ, 2023
ਸਿੱਧੂ ਨੇ ਕਿਹਾ ਕਿ ‘ਆਪ’ ਵਰਕਰ ਜਲੰਧਰ ਜ਼ਿਲ੍ਹੇ ਦੀਆਂ ਪੰਚਾਇਤਾਂ ਨੂੰ ਡਰਾ-ਧਮਕਾ ਕੇ ‘ਆਪ’ ਵਿੱਚ ਸ਼ਾਮਲ ਕਰ ਰਹੇ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਸ਼ਾਮਲ ਹੋਏ ਪੰਚ-ਸਰਪੰਚ ਉਨ੍ਹਾਂ ਦੇ ਉਮੀਦਵਾਰ ਨੂੰ ਵੋਟ ਨਹੀਂ ਪਾਉਣਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਝੂਠ ਬੋਲਣ ਦੇ ਮਾਹਿਰ ਹਨ।
ਦੱਸ ਦਈਏ ਕਿ ਜਲੰਧਰ ਜ਼ਿਮਨੀ ਚੋਣ ਦੇ ਪ੍ਰਚਾਰ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਆਪਣੀ ਪੂਰੀ ਵਾਹ ਲਾਈ ਹੋਈ ਹੈ। ਸਾਰੀਆਂ ਹੀ ਪਾਰਟੀਆਂ ਦੇ ਵੱਡੇ ਆਗੂ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਮੰਗ ਰਹੇ ਹਨ। ਜਲੰਧਰ ਜ਼ਿਮਨੀ ਚੋਣ ਲਈ ਅੱਜ 8 ਮਈ ਨੂੰ ਚੋਣ ਪ੍ਰਚਾਰ ਬੰਦ ਹੋ ਜਾਵੇਗਾ, ਜਿਸ ਦੇ ਮੱਦੇਨਜ਼ਰ ਸਿਆਸੀ ਆਗੂਆਂ ਅੱਜ ਆਖਰੀ ਹੱਲਾ ਮਾਰਨਗੇ।