ਰਵਨੀਤ ਬਿੱਟੂ ਵੱਲੋਂ ਕੀਤੀ ਝੂਠੀ ਬਿਆਨਬਾਜ਼ੀ ਤੋਂ ਭੜਕੇ ‘ਆਪ’ ਆਗੂ

ਰਵਨੀਤ ਬਿੱਟੂ ਵੱਲੋਂ ਕੀਤੀ ਝੂਠੀ ਬਿਆਨਬਾਜ਼ੀ ਤੋਂ ਭੜਕੇ 'ਆਪ' ਆਗੂ


Ludhiana News : ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੱਲੋਂ ਟਰੱਕ ਯੂਨੀਅਨ ਜਗਰਾਉਂ ਦੇ ਚੱਲ ਰਹੇ ਵਿਵਾਦ ਦੌਰਾਨ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਉਹਨਾਂ ਦੇ ਪਤੀ ਪ੍ਰੋਫੈਸਰ ਸੁਖਵਿੰਦਰ ਸਿੰਘ ਵਿਰੁੱਧ ਕੀਤੀ ਗਈ ਬਿਆਨਬਾਜ਼ੀ ਅਤੇ ਲਗਾਏ ਗਏ ਦੋਸ਼ਾਂ ਤੋਂ ਆਮ ਆਦਮੀ ਪਾਰਟੀ ਹਲਕਾ ਜਗਰਾਉਂ ਦੇ ਆਗੂਆਂ ਦਾ ਗੁੱਸਾ ਸੱਤਵੇਂ ਅਸਮਾਨ ਉਪਰ ਜਾ ਚੜ੍ਹਿਆ ਹੈ। ਅੱਜ ਆਮ ਆਦਮੀ ਪਾਰਟੀ ਹਲਕਾ ਜਗਰਾਉਂ ਦੇ ਬਲਾਕ ਪ੍ਰਧਾਨਾਂ ਅਤੇ ਸਰਕਲ ਪ੍ਰਧਾਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਉਹਨਾਂ ਦੇ ਪਤੀ ਪ੍ਰੋਫੈਸਰ ਸੁਖਵਿੰਦਰ ਸਿੰਘ ਦਾ ਦਾਮਨ ਚਿੱਟੇ ਦੁੱਧ ਵਾਂਗ ਸਾਫ਼ ਹੈ।

ਜੇਕਰ ਕੋਈ ਸੌੜੀ ਸਿਆਸਤ ਕਰਕੇ ਆਪਣੇ ਨਿੱਜੀ ਹਿੱਤਾਂ ਲਈ ਸਾਡੇ ਸਨਮਾਨਯੋਗ ਆਗੂਆਂ ਵਿਰੁੱਧ ਝੂਠੀ ਬਿਆਨਬਾਜ਼ੀ ਕਰੇਗਾ, ਉਹ ਕਿਸੇ ਵੀ ਕੀਮਤ ਉਪਰ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਹਨਾਂ ਦੋਸ਼ ਲਾਉਂਦਿਆਂ ਆਖਿਆ ਕਿ ਬਿੱਟੂ ਨੇ ਚੋਣਾਂ ਜਿੱਤਣ ਤੋਂ ਬਾਅਦ ਕਦੇ ਜਗਰਾਉਂ ਹਲਕੇ ਵਿੱਚੋਂ ਭਗੌੜਾ ਹੋ ਗਿਆ ਤੇ ਕਦੇ ਗੇੜਾ ਤੱਕ ਨਹੀਂ ਮਾਰਿਆ ਅਤੇ ਨਾ ਹੀ ਜਗਰਾਉਂ ਹਲਕੇ ਦੇ ਲੋਕਾਂ ਦੀ ਕੋਈ ਸਾਰ ਲਈ ਹੈ। ਹੁਣ 2024 ਦੀਆਂ ਐਮ.ਪੀ.ਚੋਣਾਂ ਨੇੜੇ ਵੇਖਕੇ ਭਗੌੜਾ ਐਮ.ਪੀ. ਝੂਠੀ ਸਿਆਸਤ ਚਮਕਾਉਣ ਲੱਗ ਪਿਆ ਹੈ। ਦੁਨੀਆਂ ਜਾਣਦੀ ਹੈ ਕਿ ਬਿੱਟੂ ਦੇ ਦਾਦੇ ਬੇਅੰਤ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਪੰਜਾਬ ਦੀ ਜੁਆਨੀ ਦਾ ਘਾਣ ਕੀਤਾ ਅਤੇ ਲੱਖਾਂ ਬੇਦੋਸ਼ੇ ਮੁੰਡੇ-ਕੁੜੀਆਂ ਦਾ ਲਹੂ ਪੰਜਾਬ ਦੀ ਧਰਤੀ ਉਪਰ ਡੋਲਿਆ ਹੈ ਅਤੇ ਹੁਣ ਸਾਢੇ ਚਾਰ ਸਾਲ ਬਾਅਦ ਬੇਅੰਤ ਸਿੰਘ ਦਾ ਪੋਤਾ ਤੇ ਭਗੌੜਾ ਐਮ.ਪੀ. ਵੋਟਾਂ ਲੈਣ ਲਈ ਖੁੱਡ ਵਿੱਚੋਂ ਬਾਹਰ ਆ ਗਿਆ ਹੈ।

ਆਗੂਆਂ ਨੇ ਰਵਨੀਤ ਬਿੱਟੂ ਨੂੰ ਚੈਲਿੰਜ ਕਰਦਿਆਂ ਆਖਿਆ ਕਿ ਜੇਕਰ ਐਮ.ਪੀ. ਬਿੱਟੂ ਵਿੱਚ ਹਿੰਮਤ ਹੈ ਤਾਂ ਉਹ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਉਹਨਾਂ ਦੇ ਪਤੀ ਪ੍ਰੋਫੈਸਰ ਸੁਖਵਿੰਦਰ ਸਿੰਘ ਵਿਰੁੱਧ ਇੱਕ ਵੀ ਦੋਸ਼ ਸਾਬਿਤ ਕਰਕੇ ਵਿਖਾਉਣ ਤਾਂ ਅਸੀਂ ਸਾਰੇ ਉਹਨਾਂ ਦਾ ਸਾਥ ਛੱਡਕੇ ਆਪੋ-ਆਪਣੇ ਘਰੀਂ ਬੈਠ ਜਾਵਾਂਗੇ, ਨਹੀਂ ਤਾਂ ਬਿਟੂ ਉਹਨਾਂ ਆਮ ਲੋਕਾਂ ਕੋਲੋਂ ਮੁਆਫ਼ੀ ਮੰਗੇ, ਜਿਨ੍ਹਾਂ ਦੇ ਦੁੱਖ-ਦਰਦ, ਸਮੱਸਿਆਵਾਂ ਬੀਬੀ ਮਾਣੂੰਕੇ ਅਤੇ ਉਹਨਾਂ ਦੇ ਪਤੀ ਪ੍ਰੋਫੈਸਰ ਸੁਖਵਿੰਦਰ ਸਿੰਘ ਨਿਰਸੁਆਰਥ ਹੋਕੇ ਇਮਾਨਦਾਰੀ ਨਾਲ ਹੱਲ ਕਰਦੇ ਹਨ। ਬਲਾਕ ਪ੍ਰਧਾਨਾਂ ਅਤੇ ਸਰਕਲ ਪ੍ਰਧਾਨਾਂ ਨੇ ਰਵਨੀਤ ਬਿੱਟੂ ਨੂੰ ਸੁਆਲ ਕਰਦਿਆਂ ਆਖਿਆ ਕਿ ਐਮ.ਪੀ.ਬਿੱਟੂ ਦੂਜਿਆਂ ਤੇ ਦੋਸ਼ ਲਗਾਉਣ ਤੋਂ ਪਹਿਲਾਂ ਆਪਣੀ ਪੀੜੀ ਹੇਠਾਂ ਸੋਟਾ ਫੇਰੇ ਅਤੇ ਦੱਸੇ 9 ਸਾਲ ਐਮ.ਪੀ.ਰਹਿਣ ਦੇ ਬਾਵਜੂਦ ਲੁਧਿਆਣਾ ਲੋਕ ਸਭਾ ਹਲਕੇ ਲਈ ਕਿਹੜੇ ਪ੍ਰੋਜੈਕਟ ਲਿਆਂਦੇ ਅਤੇ ਜਗਰਾਉਂ ਹਲਕੇ ਅੰਦਰ ਐਮ.ਪੀ.ਕੋਟੇ ਵਿੱਚੋਂ ਕੀ ਕਰਵਾਇਆ ਹੈ।

ਬਿੱਟੂ ਨੇ ਤਾਂ ਕੇਵਲ ਕਾਂਗਰਸ ਸਰਕਾਰ ਮੌਕੇ ਆਪਣੇ ਭਰਾ ਨੂੰ ਸਿੱਧਾ ਡੀ.ਐਸ.ਪੀ.ਭਰਤੀ ਕਰਵਾਕੇ ਮਾਹਰਕਾ ਮਾਰਿਆ ਹੈ ਅਤੇ ਲੋਕਾਂ ਦੇ ਧੀਆਂ-ਪੁੱਤਾਂ ਦੇ ਹੱਕਾਂ ਤੇ ਡਾਕਾ ਮਾਰਿਆ ਹੈ। ਉਹਨਾਂ ਆਖਿਆ ਕਿ ਬਿੱਟੂ ਨੇ ਵੋਟਾਂ ਵੇਲੇ ਵਾਅਦਾ ਕੀਤਾ ਸੀ ਕਿ ਹਰ ਪਿੰਡ ਅਤੇ ਸ਼ਹਿਰ ਦੇ ਹਰ ਵਾਰਡ ਤੇ ਮੁਹੱਲੇ ਵਾਸਤੇ ਇੱਕ-ਇੱਕ ਕਰੋੜ ਰੁਪਏ ਜਾਰੀ ਕੀਤੇ ਜਾਣਗੇ, ਕਿੱਥੇ ਗਏ ਬਿੱਟੂ ਦੇ ਇੱਕ-ਇੱਕ ਕਰੋੜ ਰੁਪਏ। ਉਹਨਾਂ ਦੋਸ਼ ਲਾਇਆ ਕਿ ਬਿੱਟੂ ਲੁਧਿਆਣੇ ਨੂੰ ਸਮਾਰਟ ਸਿਟੀ ਬਨਾਉਣ ਦੇ ਨਾਂਮ ‘ਤੇ ਕਰੋੜਾਂ ਰੁਪਏ ਖਾ ਗਿਆ, ਲੁਧਿਆਣਾ ਸ਼ਹਿਰ ਦੀ ਪਾਰਕਿੰਗ ਦੇ ਸਾਰੇ ਠੇਕੇ ਬਿੱਟੂ ਨੇ ਆਪਣੇ ਚਹੇਤਿਆਂ ਨੂੰ ਧੱਕੇ ਨਾਲ ਦਿਵਾਏ ਅਤੇ ਪਰਕਿੰਗ ਦੀ ਫੀਸ 20 ਰੁਪਏ ਤੋਂ ਵਧਾਕੇ 150 ਰੁਪਏ ਕਰਕੇ ਪੂਰੀ ਲੁੱਟ ਮਚਾਈ।

ਆਗੂਆਂ ਨੇ ਕਿਹਾ ਕਿ ਲੁਧਿਆਣੇ ਦਾ ਲਾਡੋਵਾਲ ਟੋਲ ਪਲਾਜ਼ਾ, ਜੋ ਬੰਦ ਹੋ ਚੁੱਕਾ ਸੀ, ਬਿੱਟੂ ਨੇ ਪੈਸੇ ਲੈ ਕੇ ਚਾਲੂ ਕਰਵਾਇਆ। ਉਹਨਾਂ ਕਿਹਾ ਕਿ ਲੁਧਿਆਣਾ ਦੇ ਬੁੱਢੇ ਨਾਲੇ ਵਾਸਤੇ 650 ਕਰੋੜ ਰੁਪਏ ਮੰਨਜੂਰ ਹੋਏ ਸੀ, ਬਿੱਟੂ ਦੱਸੇ ਉਹ 650 ਕਰੋੜ ਰੁਪਏ ਕਿਉਂ ਨਹੀਂ ਖਰਚੇ ਅਤੇ ਲੁਧਿਆਣੇ ਦੇ ਲੋਕਾਂ ਨੂੰ ਨਰਕਭਰੀ ਜ਼ਿੰਦਗੀ ‘ਚ ਜਿਊਣ ਲਈ ਕਿਉਂ ਮਜਬੂਰ ਕੀਤਾ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਬੁੱਢੇ ਨਾਲ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਹੈ ਅਤੇ ਪੈਸਾ ਖਰਚਣਾ ਸ਼ੁਰੂ ਕੀਤਾ ਹੈ। ਉਹਨਾਂ ਦੋਸ਼ ਲਗਇਆ ਕਿ ਬਿੱਟੂ ਆਪਣੀ ਸਰਕਾਰ ਮੌਕੇ ਨਗਰ ਨਿਗਮਾਂ, ਮਾਰਕੀਟ ਕਮੇਟੀਆਂ ਅਤੇ ਨਗਰ ਕੌਸਲਾਂ ਵਿੱਚੋਂ ਕਮਿਸ਼ਨ ਖਾਂਦਾ ਰਿਹਾ ਅਤੇ ਹੁਣ ‘ਆਪ’ ਦੀ ਸਰਕਾਰ ਨੇ ਕਮਿਸ਼ਨ ਬੰਦ ਕਰ ਦਿੱਤਾ ਹੈ ਅਤੇ ਬਿੱਟੂ ਚੀਕਾਂ ਮਾਰਦਾ ਹੋਇਆ ਅੱਕੀਂ ਪਲਾਹੀਂ ਹੱਥ ਮਾਰ ਰਿਹਾ ਹੈ।

ਆਗੂਆਂ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਆਪਣੇ 9 ਸਾਲ ਦੇ ਕਾਰਜਕਾਲ ਦੌਰਾਨ ਲੁਧਿਆਣਾ ਲੋਕ ਸਭਾ ਹਲਕੇ ਲਈ ਕੁੱਝ ਵੀ ਨਹੀਂ ਕੀਤਾ ਅਤੇ ਇਸੇ ਕਰਕੇ ਹੀ ਲੋਕਾਂ ਨੇ ਲੁਧਿਆਣੇ ਵਿੱਚੋਂ ਕਾਂਗਰਸ ਨੂੰ ਪੂਰੀ ਤਰ੍ਹਾਂ ਨਾਲ ਮਾਂਜ ਕੇ ਰੱਖ ਦਿੱਤਾ ਹੈ। ਇਸ ਲਈ ਹੁਣ ਬਿੱਟੂ ਖੱਡ ਵਿੱਚੋਂ ਨਿੱਕਲਕੇ ਆਪਣੀ ਗੁਆਚੀ ਹੋਈ ਸਿਆਸੀ ਜ਼ਮੀਨ ਬਚਾਉਣ ਲਈ ਐਮ.ਐਲ.ਏ.ਬੀਬੀ ਮਾਣੂੰਕੇ ਅਤੇ ਉਹਨਾਂ ਦੇ ਪਤੀ ਪ੍ਰੋਫੈਸਰ ਸੁਖਵਿੰਦਰ ਸਿੰਘ ਉਪਰ ਝੂਠੇ ਦੋਸ਼ ਲਗਾਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਝੂਠੀ ਬਿਆਨਬਾਜ਼ੀ ਕਿਸੇ ਵੀ ਕੀਮਤ ਉਪਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਐਮ.ਪੀ.ਬਿੱਟੂ ਨੂੰ ਆੜੇ ਹੱਥੀਂ ਲੈਣ ਵਾਲਿਆਂ ਵਿੱਚ ਡਾਇਰੈਕਟਰ ਹਰਪ੍ਰੀਤ ਸਿੰਘ ਮਾਣੂੰਕੇ, ਕੋਆਰਡੀਨੇਟਰ ਕਮਲਜੀਤ ਸਿੰਘ ਹੰਸਰਾ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਛਿੰਦਰਪਾਲ ਸਿੰਘ ਮੀਨੀਆਂ, ਨਿਰਭੈ ਸਿੰਘ ਕਮਾਲਪੁਰਾ, ਗੁਰਪ੍ਰੀਤ ਸਿੰਘ ਨੋਨੀ (ਸਾਰੇ ਬਲਾਕ ਪ੍ਰਧਾਨ), ਕਰਤਾਰ ਸਿੰਘ ਸਵੱਦੀ, ਸੁਖਦੇਵ ਸਿੰਘ ਕਾਉਂਕੇ, ਗੁਰਪ੍ਰੀਤ ਸਿੰਘ ਡਾਂਗੀਆਂ, ਇੰਦਰਜੀਤ ਸਿੰਘ ਲੰਮੇ, ਮਿੰਟੂ ਮਾਣੂੰਕੇ, ਸਰੋਜ ਰਾਣੀ, ਬਲਜੀਤ ਸਿੰਘ ਸ਼ੇਖਦੌਲਤ, ਪਾਲੀ ਡੱਲਾ (ਸਾਰੇ ਸਰਕਲ ਪ੍ਰਧਾਨ), ਜਸਵਿੰਦਰ ਸਿੰਘ ਲੋਪੋਂ, ਡਾ.ਮਨਦੀਪ ਸਿੰਘ ਸਰਾਂ, ਸੋਨੀ ਕਾਉਂਕੇ, ਸਰਪੰਚ ਗੁਰਨਾਮ ਸਿੰਘ ਭੈਣੀ, ਲਖਵੀਰ ਸਿੰਘ ਲੱਖਾ, ਦੇਸ਼ਾ ਬਾਘੀਆਂ, ਐਸ.ਡੀ.ਰਸੂਲਪੁਰ, ਗੁਰਦੇਵ ਸਿੰਘ ਚਕਰ, ਡਾ.ਜਗਦੇਵ ਸਿੰਘ ਗਿੱਦੜਵਿੰਡੀ, ਸੁਭਾਸ਼ ਕੁਮਾਰ ਆਦਿ ਵੀ ਹਾਜ਼ਰ ਸਨ।Source link

Leave a Reply

Your email address will not be published.