ਰੋਜ਼ੀ-ਰੋਟੀ ਲਈ ਵਿਦੇਸ਼ੀ ਧਰਤੀ ‘ਤੇ ਰੁਲ ਰਹੇ ਪੰਜਾਬੀ ਨੌਜਵਾਨ, ਬੇਲਾਰੂਸ ਦੇ ਜੰਗਲਾਂ ‘ਚ ਲਾਪਤਾ ਹੋਇਆ ਕਰਨ ਸਿੰਘ


Pathankot News: ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਿਆ ਪਠਾਨਕੋਟ ਦੇ ਪਿੰਡ ਸਿਊਂਟੀ ਦਾ ਨੌਜਵਾਨ ਕਰਨ ਸਿੰਘ (28) ਬੇਲਾਰੂਸ ਦੇ ਜੰਗਲਾਂ ਵਿੱਚ ਲਾਪਤਾ ਹੋ ਗਿਆ ਹੈ। ਇਸ ਨੌਜਵਾਨ ਦਾ ਆਖਰੀ ਵਾਰ 15 ਮਾਰਚ ਨੂੰ ਆਪਣੇ ਪਰਿਵਾਰ ਨਾਲ ਸੰਪਰਕ ਹੋਇਆ ਸੀ। ਮਾਪਿਆਂ ਨੇ ਸੂਬਾ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੁੱਤਰ ਬਾਰੇ ਪਤਾ ਲਗਵਾਉਣ ਵਿੱਚ ਮਦਦ ਕੀਤੀ ਜਾਵੇ। 

ਨੌਜਵਾਨ ਦੇ ਪਿਤਾ ਰਘੂਨਾਥ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਪੁੱਤ ਕਰਨ ਸਿੰਘ ਕੰਮ ਦੀ ਭਾਲ ਵਿੱਚ ਇਸ ਸਾਲ ਜਨਵਰੀ ਮਹੀਨੇ ਕਿਸੇ ਪ੍ਰਾਈਵੇਟ ਏਜੰਟ ਰਾਹੀਂ ਸਪੇਨ ਗਿਆ ਸੀ। ਏਜੰਟ ਨੇ 14 ਲੱਖ ਰੁਪਏ ਲਏ ਸਨ ਤੇ ਵਾਅਦਾ ਕੀਤਾ ਸੀ ਕਿ ਕਰਨ ਨੂੰ ਸਿੱਧੇ ਰਸਤੇ ਸਪੇਨ ਭੇਜਿਆ ਜਾਵੇਗਾ। ਕਰਨ 10 ਜਨਵਰੀ ਨੂੰ ਸਪੇਨ ਦੀ ਫਲਾਈਟ ਲੈਣ ਲਈ ਦਿੱਲੀ ਹਵਾਈ ਅੱਡੇ ਗਿਆ, ਪਰ ਏਜੰਟ ਨੇ ਧੋਖੇ ਨਾਲ ਉਸ ਨੂੰ ਤੇ ਹੋਰ ਕਈ ਨੌਜਵਾਨਾਂ ਨੂੰ ਦੁਬਈ ਉਤਾਰ ਦਿੱਤਾ। 

ਕੁਝ ਦਿਨ ਦੁਬਈ ਰਹਿਣ ਮਗਰੋਂ ਉਸ ਨੂੰ ਦਿੱਲੀ ਵਾਪਸ ਲਿਆਂਦਾ ਗਿਆ, ਜਿਥੋਂ ਬੱਸ ਰਾਹੀਂ ਲਖਨਊ ਲਿਜਾਇਆ ਗਿਆ ਤੇ ਲਖਨਊ ਹਵਾਈ ਅੱਡੇ ਤੋਂ ਰੂਸ ਭੇਜ ਦਿੱਤਾ ਗਿਆ। ਰਘੂਨਾਥ ਸਿੰਘ ਨੇ ਦੱਸਿਆ ਕਿ ਰੂਸ ਤੋਂ ਸਾਰੇ ਨੌਜਵਾਨਾਂ ਨੂੰ ਇੱਕ ਟੈਕਸੀ ਵਿੱਚ ਬਿਠਾ ਕੇ ਬੇਲਾਰੂਸ ਦੇ ਜੰਗਲਾਂ ਵਿੱਚ ਛੱਡ ਦਿੱਤਾ ਗਿਆ, ਜਿਥੇ ਉਹ ਕਈ ਦਿਨਾਂ ਤੱਕ ਭਟਕਦੇ ਰਹੇ। 

ਇਸ ਮਗਰੋਂ 15 ਮਾਰਚ ਨੂੰ ਪਰਿਵਾਰ ਦੀ ਕਰਨ ਨਾਲ ਗੱਲ ਹੋਈ ਸੀ ਜਿਸ ਦੌਰਾਨ ਉਸ ਨੇ ਦੱਸਿਆ ਸੀ ਕਿ ਚਾਰ ਦਿਨਾਂ ਤੋਂ ਕੁਝ ਨਹੀਂ ਸੀ ਖਾਧਾ। ਇਸ ਮਗਰੋਂ ਪਰਿਵਾਰ ਦਾ ਕਰਨ ਨਾਲ ਕੋਈ ਸੰਪਰਕ ਨਹੀਂ ਹੋਇਆ। ਕਰਨ ਦੇ ਨਾਲ ਵਾਲੇ ਲੜਕਿਆਂ ਨੂੰ ਸੁਰੱਖਿਆ ਅਧਿਕਾਰੀਆਂ ਨੇ ਫੜ ਕੇ ਇੱਕ ਕੈਂਪ ਵਿੱਚ ਰੱਖਿਆ ਹੋਇਆ ਹੈ, ਪਰ ਕਰਨ ਬਾਰੇ ਕੋਈ ਖ਼ਬਰ ਨਹੀਂ ਮਿਲੀ। ਲੜਕਿਆਂ ਤੋਂ ਪਤਾ ਲੱਗਿਆ ਹੈ ਕਿ ਬੇਲਾਰੂਸ ਦੇ ਜੰਗਲ ਵਿੱਚ ਕਰਨ ਉਨ੍ਹਾਂ ਤੋਂ ਵਿਛੜ ਗਿਆ ਸੀ।



Source link

Leave a Comment