ਸਕੂਲਾਂ ਦੀਆਂ ਸੋਹਣੀਆਂ ਇਮਾਰਤਾਂ ‘ਚ ਅਧਿਆਪਕ ਵੀ ਜ਼ਰੂਰੀ, ਹੁਣ ਵਿਦਿਆਰਥੀ ਸਕੂਲ ਛੱਡਣ ਲਈ ਹੋ ਰਹੇ ਮਜਬੂਰ


Education News: ਪੰਜਾਬ ਸਰਕਾਰ ਸਿੱਖਿਆ ਵਿਭਾਗ ਵਿੱਚ ਵੱਡੀ ਕ੍ਰਾਂਤੀ ਦੇ ਦਾਅਵੇ ਕਰ ਰਹੀ ਹੈ ਪਰ ਅਸਲੀਅਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ। ਹਾਲਾਤ ਇਹ ਹਨ ਕਿ ਅਧਿਆਪਕਾਂ ਦੀ ਘਾਟ ਕਰਕੇ ਵਿਦਿਆਰਥੀ ਸਕੂਲ ਛੱਡਣ ਲਈ ਮਜਬੂਰ ਹਨ। ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਲੀ ਵਿੱਚ ਅਧਿਆਪਕ ਨਾ ਹੋਣ ਕਾਰਨ ਕਾਮਰਸ ਸਟ੍ਰੀਮ ਦੇ ਤਿੰਨ ਵਿਦਿਆਰਥੀਆਂ ਨੇ ਸਕੂਲ ਛੱਡ ਦਿੱਤਾ ਹੈ।

ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਦਿੱਲੀ ਮਾਡਲ ਲਾਗੂ ਕਰਕੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਅੱਗੇ ਲਿਆਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਤਹਿਤ ਇਮਾਰਤਾਂ ਦਾ ਵਧੀਆ ਬਣਾਈਆਂ ਜਾ ਰਹੀਆਂ ਹਨ ਪਰ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਬਰਕਰਾਰ ਹੈ। ਇਸ ਕਰਕੇ ਅਜੇ ਵੀ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਭੇਜਣ ਤੋਂ ਕਤਰਾ ਰਹੇ ਹਨ।

ਇਸ ਦੀ ਮਿਸਾਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਲੀ ਹੈ। ਸਮਾਰਟ ਦਾ ਦਰਜਾ ਹਾਸਲ ਕਰਨ ਵਾਲੇ ਇਸ ਸਕੂਲ ਵਿੱਚ ਵੱਡੀ ਗਿਣਤੀ ਟੀਚਿੰਗ ਤੇ ਨਾਨ-ਟੀਚਿੰਗ ਆਸਾਮੀਆਂ ਲੰਬੇ ਸਮੇਂ ਤੋਂ ਖਾਲੀ ਪਈਆਂ ਹਨ, ਜਿਨ੍ਹਾਂ ਨੂੰ ਸਰਕਾਰ ਵੱਲੋਂ ਭਰਨ ਦਾ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਇਨ੍ਹਾਂ ਵਿੱਚੋਂ ਕਾਮਰਸ ਵਿਸ਼ੇ ਦੀਆਂ ਦੋ, ਫਿਜਿਕਸ਼ ਦੀ ਇਕ, ਡੀਪੀਈ ਦੀ ਇਕ, ਪੀਟੀਈ ਦੀ ਇਕ, ਡਰਾਇੰਗ ਅਧਿਆਪਕ ਦੀ ਇੱਕ, ਪੰਜਾਬੀ ਅਧਿਆਪਕ ਦੀਆਂ ਦੋ, ਪੰਜਾਬੀ ਚੋਣਵੇਂ ਵਿਸ਼ਾ ਦੀਆਂ ਦੋ, ਹਿੰਦੀ ਅਧਿਆਪਕ ਦੀਆਂ ਦੋ ਤੇ ਐਸਐਸਟੀ ਅਧਿਆਪਕ ਦੀ ਇੱਕ ਆਸਾਮੀ ਖਾਲੀ ਪਈ ਹੈ। ਇਸ ਤੋਂ ਇਲਾਵਾ ਸਕੂਲ ਵਿੱਚ ਸੇਵਾਦਾਰ, ਸਫਾਈ ਸੇਵਕ ਤੇ ਚੌਕੀਦਾਰ ਦੀਆਂ ਆਸਾਮੀਆਂ ਵੀ ਖਾਲੀ ਪਈਆਂ ਹਨ। 

ਪਿੰਡ ਦੀ ਸਰਪੰਚ ਕਮਲਜੀਤ ਕੌਰ ਮੁਤਾਬਕ ਸਕੂਲ ਵਿੱਚ ਕਾਮਰਸ ਸਮੇਤ ਕਈ ਵਿਸ਼ਿਆਂ ਦੀਆਂ ਲੰਬੇ ਸਮੇਂ ਤੋਂ ਆਸਾਮੀਆਂ ਖਾਲੀ ਹੋਣ ਕਾਰਨ ਵਿਦਿਆਰਥੀਆਂ ਨੂੰ ਮਜਬੂਰੀਵੱਸ ਸਕੂਲ ਛੱਡਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਾਮਰਸ ਵਿਸ਼ੇ ਦੇ ਤਿੰਨ ‌ਵਿਦਿਆਰਥੀ ਸਕੂਲ ’ਚ ਕਾਮਰਸ ਦਾ ਕੋਈ ਅਧਿਆਪਕ ਨਾ ਹੋਣ ਕਾਰਨ ਸਕੂਲ ਛੱਡ ਕੇ ਹੋਰ ਸਕੂਲਾਂ ਵਿੱਚ ਚਲੇ ਗਏ ਹਨ ਤੇ ਜੇਕਰ ਇਹੀ ਹਾਲ ਰਿਹਾ ਤਾਂ ਕਈ ਹੋਰ ਵਿਦਿਆਰਥੀ ਸਕੂਲ ਛੱਡਣ ਲਈ ਮਜਬੂਰ ਹੋ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਸਕੂਲ ਵਿੱਚ ਖਾਲੀ ਪਈਆਂ ਆਸਾਮੀਆਂ ਨੂੰ ਜਲਦੀ ਤੋਂ ਜਲਦੀ ਭਰਿਆ ਜਾਵੇ।Source link

Leave a Comment