ਸ਼ੰਕਰ ਦਾਸ ਦੀ ਰਿਪੋਰਟ
ਖਬਰਾਂ ਮੁਤਾਬਕ ਹਰਜੋਤ ਬੈਂਸ ਦਾ ਵਿਆਹ ਉਨ੍ਹਾਂ ਦੇ ਆਪਣੇ ਜੱਦੀ ਘਰ ਆਨੰਦਪੁਰ ਸਾਹਿਬ ਵਿਖੇ ਹੋਵੇਗਾ। ਜੋਤੀ ਯਾਦਵ ਇਸ ਸਮੇਂ ਮਾਨਸਾ ਵਿਖੇ ਪੁਲਿਸ ਸੁਪਰਡੈਂਟ ਵਜੋਂ ਤਾਇਨਾਤ ਹਨ। ਦੱਸਿਆ ਜਾ ਰਿਹਾ ਹੈ ਕਿ ਹਰਜੋਤ ਬੈਂਸ ਤੇ ਜੋਤੀ ਯਾਦਵ ਦਾ ਵਿਆਹ ਇਸੇ ਮਹੀਨੇ 25-26 ਮਾਰਚ ਨੂੰ ਹੋ ਸਕਦਾ ਹੈ। ਵਿਆਹ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਰਜੋਤ ਬੈਂਸ ਦੇ ਵਿਆਹ ਵਿੱਚ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਹੋਰ ਪਾਰਟੀਆਂ ਦੀਆਂ ਸਿਆਸੀ ਸ਼ਖ਼ਸੀਅਤਾਂ ਵੀ ਉਨ੍ਹਾਂ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਸਕਦੀਆਂ ਹਨ।
ਕੌਣ ਹੈ IPS ਜੋਤੀ ਯਾਦਵ?
ਡਾ. ਜੋਤੀ ਯਾਦਵ 2019 ਬੈਚ ਦੀ ਇੱਕ ਆਈਪੀਐਸ ਅਧਿਕਾਰੀ ਹੈ ਤੇ ਇਸ ਸਮੇਂ ਉਹ ਮਾਨਸਾ ਜ਼ਿਲ੍ਹੇ ਦੀ ਐਸਪੀ ਵਜੋਂ ਤਾਇਨਾਤ ਹੈ। ਇਸ ਤੋਂ ਪਹਿਲਾਂ ਉਹ ਲੁਧਿਆਣਾ ਵਿੱਚ ਏਡੀਸੀਪੀ ਵੀ ਰਹਿ ਚੁੱਕੀ ਹੈ। ਉਸ ਦਾ ਪਰਿਵਾਰ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਰਹਿੰਦਾ ਹੈ।
ਦੱਸ ਦੇਈਏ ਕਿ ਪੰਜਾਬ ਦੇ ਸਿੱਖਿਆ ਮੰਤਰੀ ਆਪਣੀ ਸਰਕਾਰ ਦੀ ਤਰਫੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਦਾਖਲੇ ਲਈ ਵਿਸ਼ੇਸ਼ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਕੀਤੇ ਇੱਕ ਟਵੀਟ ਵਿੱਚ ਜਾਣਕਾਰੀ ਦਿੱਤੀ ਹੈ ਕਿ ਇੱਕ ਵਿਸ਼ੇਸ਼ ਮੁਹਿੰਮ ਤਹਿਤ ਇੱਕ ਦਿਨ (10 ਮਾਰਚ ਨੂੰ) ਇੱਕ ਲੱਖ ਬੱਚਿਆਂ ਨੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲਿਆ ਹੈ। ਇਨ੍ਹਾਂ ‘ਚੋਂ ਕਈ ਬੱਚੇ ਅਜਿਹੇ ਹਨ, ਜਿਨ੍ਹਾਂ ਨੇ ਪ੍ਰਾਈਵੇਟ ਸਕੂਲਾਂ ਤੋਂ ਆਪਣਾ ਨਾਂ ਕਟਵਾ ਕੇ ਸਰਕਾਰੀ ਸਕੂਲਾਂ ‘ਚ ਦਾਖਲਾ ਲਿਆ ਹੈ।
ਬੈਂਸ ਤੇ ਜੋਤੀ ਯਾਦਵ ਸੋਸ਼ਲ ਮੀਡੀਆ ‘ਤੇ ਐਕਟਿਵ
ਹਰਜੋਤ ਬੈਂਸ ਅਤੇ ਆਈਪੀਐਸ ਅਧਿਕਾਰੀ ਦੋਵੇਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹਨ। ਹਰਜੋਤ ਸਿੰਘ ਦੇ ਇੰਸਟਾਗ੍ਰਾਮ ‘ਤੇ 71 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ, ਜਦਕਿ ਟਵਿੱਟਰ ‘ਤੇ 76 ਹਜ਼ਾਰ ਤੋਂ ਵੱਧ ਲੋਕ ਉਨ੍ਹਾਂ ਨੂੰ ਫਾਲੋ ਕਰਦੇ ਹਨ। ਇਸ ਦੇ ਨਾਲ ਹੀ ਮਾਨਸਾ ਦੀ ਐਸਪੀ ਜੋਤੀ ਯਾਦਵ ਨੂੰ ਉਸ ਦੇ ਇੰਸਟਾਗ੍ਰਾਮ ਅਕਾਊਂਟ ‘ਤੇ 68 ਹਜ਼ਾਰ ਤੋਂ ਵੱਧ ਲੋਕ ਫਾਲੋ ਕਰਦੇ ਹਨ। ਜਨਵਰੀ ‘ਚ ਇਕ ਪੋਸਟ ‘ਚ ਉਨ੍ਹਾਂ ਨੇ ਆਪਣੇ ਪ੍ਰਮੋਸ਼ਨ ਦਾ ਜ਼ਿਕਰ ਕੀਤਾ ਸੀ। ਉਸ ਨੇ ਇਸ ਦੀ ਇੱਕ ਤਸਵੀਰ ਵੀ ਪੋਸਟ ਕੀਤੀ ਹੈ।