ਸੜਕ ਹਾਦਸਿਆਂ ਨੂੰ ਰੋਕਣ ਲਈ ਸਖ਼ਤ ਹਦਾਇਤਾਂ, ਵਾਹਨਾਂ ਦੀ ਬੇਤਰਤੀਬੀ ਪਾਰਕਿੰਗ ਕਰਨ ’ਤੇ ਹੋਵੇਗੀ ਕਾਰਵਾਈ


Sangrur News: ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਨੈਸ਼ਨਲ ਹਾਈਵੇ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਸਪੱਸ਼ਟ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਸੜਕ ਹਾਦਸਿਆਂ ਦਾ ਕਾਰਨ ਬਣਨ ਵਾਲੀਆਂ ਥਾਵਾਂ (ਬਲੈਕ ਸਪੋਟ) ਦੀ ਪਛਾਣ ਕਰਕੇ ਸਮਾਂਬੱਧ ਢੰਗ ਨਾਲ ਢੁਕਵੇਂ ਹੱਲ ਨੂੰ ਯਕੀਨੀ ਬਣਾਇਆ ਜਾਵੇ। ਇਹ ਹਦਾਇਤ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਤੇ ਸੇਫ਼ ਸਕੂਲ ਵਾਹਨ ਸਕੀਮ ਤਹਿਤ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜਾਰੀ ਕੀਤੀ। 

ਡਿਪਟੀ ਕਮਿਸ਼ਨਰ ਨੇ ਸਮੂਹ ਉਪ ਮੰਡਲ ਮੈਜਿਸਟਰੇਟ ਨੂੰ ਹਦਾਇਤ ਕੀਤੀ ਕਿ ਰਾਜ ਮਾਰਗਾਂ ਤੇ ਲਿੰਕ ਸੜਕਾਂ ਦੇ ਆਲੇ ਦੁਆਲੇ ਖੜ੍ਹੇ ਰੁੱਖਾਂ ਦੀ ਨਿਯਮਾਂ ਮੁਤਾਬਕ ਸਹੀ ਢੰਗ ਨਾਲ ਨਿਯਮਤ ਕਟਾਈ ਸਬੰਧੀ ਪ੍ਰਕਿਰਿਆ ਬਾਰੇ ਵੀ ਨਿਗਰਾਨੀ ਕੀਤੀ ਜਾਵੇ ਤਾਂ ਜੋ ਅਜਿਹਾ ਕੋਈ ਵੀ ਰੁੱਖ ਸੜਕੀ ਆਵਾਜਾਈ ਵਿੱਚ ਵਿਘਨ ਜਾਂ ਸੜਕ ਹਾਦਸਿਆਂ ਦਾ ਕਾਰਨ ਨਾ ਬਣ ਸਕੇ। ਉਨ੍ਹਾਂ ਨੈਸ਼ਨਲ ਹਾਈਵੇ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਸੜਕਾਂ ਦੁਆਲੇ ਟਰੈਫਿਕ ਚਿੰਨ੍ਹਾਂ ਤੇ ਸੰਕੇਤਾਂ ਦੇ ਨਾਲ ਨਾਲ ਸੜਕ ਹਾਦਸਿਆਂ ਨੂੰ ਘਟਾਉਣ ਲਈ ਕੈਟ ਆਈ, ਰੋਡ ਸਟੱਡ, ਰੰਬਲ ਸਟਰਿੱਪ ਆਦਿ ਬਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਜੇਕਰ ਕਿਸੇ ਵੀ ਅਦਾਰੇ ਜਾਂ ਸੰਸਥਾਨ ਦੇ ਬਾਹਰ ਵਾਹਨਾਂ ਦੀ ਬੇਤਰਤੀਬੀ ਪਾਰਕਿੰਗ ਕੀਤੀ ਜਾਂਦੀ ਹੈ ਤਾਂ ਟਰੈਫਿਕ ਪੁਲਿਸ ਤੇ ਸਬੰਧੀ ਕਾਰਜਸਾਧਕ ਅਧਿਕਾਰੀ ਇਸ ਸਬੰਧੀ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਉਣੀ ਯਕੀਨੀ ਬਣਾਉਣਗੇ ਕਿਉਂ ਜੋ ਆਵਾਜਾਈ ਵਿੱਚ ਵਿਘਨ ਰਾਹਗੀਰਾਂ ਲਈ ਮੁਸ਼ਕਿਲਾਂ ਪੈਦਾ ਕਰਦਾ ਹੈ ਤੇ ਟਰੈਫਿਕ ਜਾਮ ਹੋਣ ਨਾਲ ਨਾਗਰਿਕਾਂ ਦਾ ਕੀਮਤੀ ਸਮਾਂ ਅਜਾਈਂ ਨਸ਼ਟ ਹੁੰਦਾ ਹੈ। 

ਜੋਰਵਾਲ ਨੇ ਬਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਬੇਤਰਤੀਬੇ ਢੰਗ ਨਾਲ ਸਮਾਨ ਬਾਹਰ ਰੱਖੇ ਜਾਣ ਕਾਰਨ ਲੋਕਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਉਪ ਮੰਡਲ ਮੈਜਿਸਟਰੇਟ ਨੂੰ ਲਗਾਤਾਰ ਕਾਰਵਾਈ ਅਮਲ ਵਿੱਚ ਲਿਆਉਣ ਦੀ ਹਦਾਇਤ ਕੀਤੀ ਤਾਂ ਜੋ ਸ਼ਹਿਰਾਂ ਵਿੱਚੋਂ ਬੇਲੋੜੇ ਭੀੜ ਭੜੱਕੇ ਨੂੰ ਘਟਾਇਆ ਜਾ ਸਕੇ।

ਸੇਫ਼ ਸਕੂਲ ਵਾਹਨ ਯੋਜਨਾ ਨੂੰ ਜ਼ਿਲ੍ਹੇ ਵਿੱਚ ਸਫ਼ਲਤਾ ਨਾਲ ਲਾਗੂ ਕਰਨ ਦੀ ਹਦਾਇਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਕੂਲਾਂ ਦੇ ਪ੍ਰਬੰਧਾਂ ਹੇਠ ਚਲਾਏ ਜਾ ਰਹੇ ਵਾਹਨਾਂ ਦੀ ਨਿਰੰਤਰ ਜਾਂਚ ਕੀਤੀ ਜਾਵੇ ਤੇ ਵਾਹਨ ਚਾਲਕਾਂ ਦੇ ਮੈਡੀਕਲ ਨਿਰੀਖਣ ਦੇ ਨਾਲ ਨਾਲ ਨਿਰਧਾਰਿਤ ਮਾਪਦੰਡਾਂ ਤਹਿਤ ਦਸਤਾਵੇਜ਼ਾਂ ਦੀ ਪੜਤਾਲ ਨੂੰ ਯਕੀਨੀ ਬਣਾਇਆ ਜਾਵੇ। 

ਜੋਰਵਾਲ ਨੇ ਸਕੂਲੀ ਬੱਸਾਂ ਵਿੱਚ ਮਹਿਲਾ ਸਹਾਇਕ ਹੋਣ, ਡਰਾਇਵਰਾਂ ਤੇ ਸਹਾਇਕਾਂ ਦੀ ਪੁਲਿਸ ਵੈਰੀਫਿਕੇਸ਼ਨ, ਛੁੱਟੀ ਹੋਣ ਸਮੇਂ ਸਕੂਲਾਂ ਬਾਹਰ ਆਵਾਜਾਈ ਨਿਯੰਤਰਤ ਕਰਨ, ਸਕੂਲੀ ਵਾਹਨਾਂ ਦੇ ਸਟਾਫ਼ ਦੀਆਂ ਅੱਖਾਂ ਦੀ ਜਾਂਚ ਲਈ ਕੈਂਪ ਲਗਾਉਣ ਬਾਰੇ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ।Source link

Leave a Comment