Chandigarh News: ਆਵਾਰਾ ਕੁੱਤਿਆਂ ਦੀ ਦਹਿਸ਼ਤ ਨੂੰ ਪਏਗੀ ਠੱਲ੍ਹ, ਨਸਬੰਦੀ ਲਈ ਵਰਕ ਆਰਡਰ ਜਾਰੀ


Chandigarh News: ਮੁਹਾਲੀ ਵਿੱਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਦਾ ਹੱਲ ਹੋਏਗਾ। ਸ਼ਹਿਰ ਦੇ ਆਵਾਰਾ ਕੁੱਤਿਆਂ ਦੇ ਨਸਬੰਦੀ ਹੋਏਗੀ। ਮੁਹਾਲੀ ਨਗਰ ਨਿਗਮ ਨੇ ਕੰਪੈਸ਼ਨ ਫਾਰ ਐਨੀਮਲ ਵੈੱਲਫੇਅਰ ਐਸੋਸੀਏਸ਼ਨ ਨੂੰ ਆਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਲਈ ਵਰਕ ਆਰਡਰ ਜਾਰੀ ਕਰ ਦਿੱਤਾ ਹੈ। ਇਹ ਸੰਸਥਾ ਸੋਮਵਾਰ ਤੋਂ ਆਵਾਰਾ ਕੁੱਤਿਆਂ ਦੇ ਨਸਬੰਦੀ ਅਪਰੇਸ਼ਨ ਕਰਨ ਦਾ ਕੰਮ ਸ਼ੁਰੂ ਕਰੇਗੀ। 

ਮੁਹਾਲੀ ਨਿਗਮ ਵੱਲੋਂ ਇਸ ਸੰਸਥਾ ਨੂੰ 1125 ਰੁਪਏ ਪ੍ਰਤੀ ਜਾਨਵਰ (ਜੀਐਸਟੀ ਸਮੇਤ) ਦੇ ਹਿਸਾਬ ਨਾਲ ਪੈਸਿਆਂ ਦੀ ਅਦਾਇਗੀ ਕੀਤੀ ਜਾਵੇਗੀ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਕਿਸੇ ਵੀ ਕੰਪਨੀ ਜਾਂ ਸੰਸਥਾ ਵੱਲੋਂ ਲੋੜੀਂਦੀਆਂ ਸ਼ਰਤਾਂ ਪੂਰੀਆਂ ਨਾ ਕੀਤੇ ਜਾਣ ਕਾਰਨ ਇਹ ਕੰਮ ਠੰਢੇ ਬਸਤੇ ਵਿੱਚ ਪਿਆ ਸੀ। 

ਇਸ ਦੌਰਾਨ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਕਾਫ਼ੀ ਵਧ ਗਈ ਤੇ ਹੁਣ ਤੱਕ ਆਵਾਰਾ ਕੁੱਤੇ ਕਾਫ਼ੀ ਲੋਕਾਂ ਨੂੰ ਕੱਟ ਚੁੱਕੇ ਹਨ, ਪਰ ਹੁਣ ਉਕਤ ਸੰਸਥਾ ਵੱਲੋਂ ਲੋੜੀਂਦੀਆਂ ਸ਼ਰਤਾਂ ਪੂਰੀਆਂ ਕੀਤੇ ਜਾਣ ਤੋਂ ਬਾਅਦ ਮੁਹਾਲੀ ਨਿਗਮ ਵੱਲੋਂ ਨਸਬੰਦੀ ਅਪਰੇਸ਼ਨ ਲਈ ਵਰਕ ਆਰਡਰ ਜਾਰੀ ਕੀਤੇ ਗਏ ਹਨ।

ਡਿਪਟੀ ਮੇਅਰ ਨੇ ਦੱਸਿਆ ਕਿ ਉਪਰੋਕਤ ਸੰਸਥਾ ਵੱਲੋਂ ਚੰਡੀਗੜ੍ਹ ਵਿੱਚ ਵੀ ਆਵਾਰਾ ਕੁੱਤਿਆਂ ਦੀ ਨਸਬੰਦੀ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਵਾਰਾ ਕੁੱਤਿਆਂ ਦੀ ਨਸਬੰਦੀ ਦਾ ਕੰਮ ਸ਼ੁਰੂ ਹੋਣ ਨਾਲ ਜਿੱਥੇ ਇਨ੍ਹਾਂ ਦੀ ਗਿਣਤੀ ਕੰਟਰੋਲ ਹੋਵੇਗੀ, ਉੱਥੇ ਹੀ ਸ਼ਹਿਰ ਵਾਸੀਆਂ ਨੂੰ ਵੀ ਰਾਹਤ ਮਿਲੇਗੀ। 

ਆਵਾਰਾ ਕੁੱਤਿਆਂ ਦੀ ਨਸਬੰਦੀ ਦਾ ਕੰਮ ਕਰਨ ਵਾਲੀ ਸੰਸਥਾ ਕੰਪੈਸ਼ਨ ਫਾਰ ਐਨੀਮਲ ਵੈੱਲਫੇਅਰ ਐਸੋਸੀਏਸ਼ਨ ਦੇ ਸੰਚਾਲਕ ਰਾਹੁਲ ਬੰਸਲ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਇੱਥੇ ਆ ਗਈ ਹੈ ਅਤੇ ਆਵਾਰਾ ਕੁੱਤਿਆਂ ਦੀ ਨਸਬੰਦੀ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸੈਂਟਰ ਦੇ ਰੱਖ-ਰਖਾਓ ਦਾ ਕੰਮ ਚੱਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਸੰਸਥਾ ਨੂੰ ਆਸ ਹੈ ਕਿ ਅਗਲੇ ਇੱਕ-ਦੋ ਦਿਨਾਂ ਤੱਕ ਇਹ ਕੰਮ ਪੂਰੀ ਤਰ੍ਹਾਂ ਮੁਕੰਮਲ ਹੋ ਜਾਵੇਗਾ ਤੇ ਸੋਮਵਾਰ ਤੋਂ ਹਰ ਹਾਲ ਵਿੱਚ ਆਵਾਰਾ ਕੁੱਤਿਆਂ ਦੇ ਨਸਬੰਦੀ ਦੇ ਅਪਰੇਸ਼ਨ ਕਰਨ ਦਾ ਕੰਮ ਆਰੰਭ ਕੀਤਾ ਜਾਵੇਗਾ।

ਸ਼ੁੱਕਰਵਾਰ ਨੂੰ ਕਈ ਕਾਰੀਗਰ ਤੇ ਮਜ਼ਦੂਰ ਡੌਗ ਸ਼ੈਲਟਰ ਦਾ ਨਵੀਨੀਕਰਨ ਤੇ ਹੋਰ ਪ੍ਰਬੰਧ ਮੁਕੰਮਲ ਕਰਨ ਵਿੱਚ ਜੁੱਟੇ ਹੋਏ ਸਨ। ਉਨ੍ਹਾਂ ਦੱਸਿਆ ਕਿ ਸੈਂਟਰ ਦੀ ਸਮਰੱਥਾ ਅਨੁਸਾਰ ਇੱਥੇ ਰੋਜ਼ਾਨਾ ਕਰੀਬ ਦੋ ਦਰਜਨ ਅਪਰੇਸ਼ਨ ਕੀਤੇ ਜਾਣਗੇ ਤੇ ਅਪਰੇਸ਼ਨ ਮਗਰੋਂ ਆਵਾਰਾ ਕੁੱਤਿਆਂ ਨੂੰ ਦੋ-ਤਿੰਨ ਦਿਨ ਦੇਖਭਾਲ ਲਈ ਸ਼ੈਲਟਰ ਵਿੱਚ ਹੀ ਰੱਖਿਆ ਜਾਵੇਗਾ।



Source link

Leave a Comment