ਚੰਡੀਗੜ੍ਹ ਨਿਊਜ਼: ਚੰਡੀਗੜ੍ਹ ਵਿੱਚ 19 ਤੇ 20 ਮਈ ਨੂੰ ਸਖਤੀ ਰਹੇਗੀ। ਉਪ ਰਾਸ਼ਟਰਪਤੀ ਜਗਦੀਪ ਧਨਖੜ ਪੰਜਾਬ ਯੂਨੀਵਰਸਿਟੀ ਵਿੱਚ 20 ਮਈ ਨੂੰ ਹੋਣ ਵਾਲੀ 70ਵੀਂ ਸਲਾਨਾ ਕਨਵੋਕੇਸ਼ਨ ਵਿੱਚ ਪਹੁੰਚ ਰਹੇ ਹਨ। ਉੱਪ ਰਾਸ਼ਟਰਪਤੀ ਦੀ ਆਮਦ ਨੂੰ ਲੈ ਕੇ ਸ਼ਹਿਰ ਵਿੱਚ 19 ਤੋਂ 21 ਮਈ ਤੱਕ ਡਰੋਨ ਦੀ ਵਰਤੋਂ ’ਤੇ ਪਾਬੰਦੀ ਲਗਾਈ ਗਈ ਹੈ। ਇਹ ਹੁਕਮ ਡੀਸੀ ਵਿਨੈ ਪ੍ਰਤਾਪ ਸਿੰਘ ਨੇ ਜਾਰੀ ਕੀਤੇ ਹਨ।
ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਵੀਵੀਆਈਪੀ ਦੇ ਆਉਣ ਕਰਕੇ ਦੋ ਦਿਨ ਡਰੋਨ ਦੀ ਵਰਤੋਂ ’ਤੇ ਪਾਬੰਦੀ ਲਗਾਈ ਗਈ ਹੈ। ਇਸ ਦੌਰਾਨ ਸ਼ਹਿਰ ਵਿੱਚ ਧਾਰਾ 144 ਲਗਾਈ ਗਈ ਹੈ, ਜੇਕਰ ਕੋਈ ਵੀ ਵਿਅਕਤੀ ਡਰੋਨ ਦੀ ਵਰਤੋਂ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਹੁਕਮ ਪੁਲੀਸ, ਅਰਧ ਸੈਨਿਕ ਬਲ ਤੇ ਸੁਰੱਖਿਆ ਲਈ ਤਾਇਨਾਤ ਟੀਮਾਂ ਐਸਪੀਜੀ ’ਤੇ ਲਾਗੂ ਨਹੀਂ ਹੋਣਗੇ।
ਉੱਪ ਰਾਸ਼ਟਰਪਤੀ ਦੀ ਆਮਦ ਨੂੰ ਲੈ ਕੇ ਚੱਲ ਰਹੀਆਂ ਤਿਆਰੀਆਂ ਤੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਅਥਾਰਿਟੀ ਵੱਲੋਂ ਪਹਿਲਾਂ ਜਾਰੀ ਕੀਤੇ ਰੂਟ ਪਲਾਨ ਵਿੱਚ ਸੋਧ ਕਰ ਦਿੱਤੀ ਗਈ ਹੈ। ਯੂਨੀਵਰਸਿਟੀ ਵੱਲੋਂ ਮਿਲੀ ਜਾਣਕਾਰੀ ਮੁਤਾਬਕ 20 ਮਈ ਨੂੰ ਪੀਯੂ ਕੈਂਪਸ ਨੂੰ ‘ਨੋ ਵਾਹਨ ਰੋਡ’ ਐਲਾਨਿਆ ਗਿਆ ਹੈ। ਉਸ ਦਿਨ ਗੇਟ ਨੰਬਰ -1 ਤੋਂ ਪ੍ਰਬੰਧਕੀ ਬਲਾਕ, ਕੈਮਿਸਟਰੀ ਵਿਭਾਗ ਤੇ ਫਿਜ਼ਿਕਸ ਵਿਭਾਗ ਦੀ ਸੜਕ ਤੋਂ ਜਿਮਨੇਜ਼ੀਅਮ ਹਾਲ ਹੁੰਦੇ ਹੋਏ ਗੋਲਡਨ ਜੁਬਲੀ ਹਾਊਸ ਤੱਕ ਵੀ.ਵੀ.ਆਈ.ਪੀ. ਰਸਤਾ ਐਲਾਨਿਆ ਗਿਆ ਹੈ। ਉਸ ਦਿਨ ਗੇਟ ਨੰਬਰ-1 ਰਾਹੀਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਮ ਜਨਤਾ ਦੇ ਆਉਣ ਜਾਣ ਲਈ ਆਗਿਆ ਨਹੀਂ ਹੋਵੇਗੀ।
ਇਸ ਰੂਟ ’ਤੇ ਇੱਕ ਦਿਨ ਪਹਿਲਾਂ ਯਾਨੀ ਕਿ 19 ਮਈ ਨੂੰ ਇਸ ਰੂਟ ਵਾਲੀ ਸੜਕ ’ਤੇ ਕਿਸੇ ਵੀ ਵਾਹਨ ਨੂੰ ਪਾਰਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੰਜਾਬ ਯੂਨੀਵਰਸਿਟੀ ਦੇ ਸਮੂਹ ਨਿਵਾਸੀਆਂ ਤੇ ਆਉਣ ਜਾਣ ਵਾਲੇ ਲੋਕਾਂ ਨੂੰ 19 ਅਤੇ 20 ਮਈ ਨੂੰ ਪੀਯੂ ਕੈਂਪਸ ਵਿੱਚ ਸੜਕ ਕਿਨਾਰੇ ਵਾਹਨ ਖੜ੍ਹੇ ਨਾ ਕਰਨ ਦੀ ਹਦਾਇਤ ਦਿੱਤੀ ਗਈ ਹੈ।
ਜੇਕਰ ਕੋਈ ਵਾਹਨ ਅਣਅਧਿਕਾਰਤ ਖੇਤਰ ਵਿੱਚ ਖੜ੍ਹਾ ਪਾਇਆ ਜਾਂਦਾ ਹੈ, ਤਾਂ ਉਸ ਨੂੰ ਟ੍ਰੈਫ਼ਿਕ ਪੁਲਿਸ ਵੱਲੋਂ ਹਟਾ ਦਿੱਤਾ ਜਾਵੇਗਾ। ਗੇਟ ਨੰਬਰ-2 (ਵੀ.ਆਈ.ਪੀਜ਼, ਗੈਸਟ ਇਨਵਾਈਟੀਜ਼, ਫੈਕਲਟੀ ਅਤੇ ਮੀਡੀਆ) ਲਈ ਦਾਖਲੇ ਤੇ ਬਾਹਰ ਜਾਣ ਲਈ ਖੁੱਲ੍ਹਾ ਰਹੇਗਾ, ਗੇਟ ਨੰਬਰ-3 ਵਿਦਿਆਰਥੀਆਂ ਲਈ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਦਾਖਲੇ ਅਤੇ ਬਾਹਰ ਜਾਣ ਲਈ ਖੁੱਲ੍ਹਾ ਰਹੇਗਾ।