Jalandhar Bypoll: ‘ਪੰਜਾਬ ‘ਚ 92, ਦਿੱਲੀ 62, ਗੋਆ 2 ਤੇ ਰਾਜ ਸਭਾ ‘ਚ 10, ਬੱਸ ਹੁਣ ਲੋਕ ਸਭਾ ਖ਼ਾਲੀ ਐ ਤੇ..’

Jalandhar Bypoll: 'ਪੰਜਾਬ 'ਚ 92, ਦਿੱਲੀ 62, ਗੋਆ 2 ਤੇ ਰਾਜ ਸਭਾ 'ਚ 10, ਬੱਸ ਹੁਣ ਲੋਕ ਸਭਾ ਖ਼ਾਲੀ ਐ ਤੇ..'


ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਜਲੰਧਰ ਲੋਕ ਸਭਾ ਦੇ ਵੱਖ-ਵੱਖ ਹਲਕਿਆਂ ਵਿੱਚ ਰੋਡ ਸ਼ੋਅ ਕਰਕੇ ਜਲੰਧਰ ਜ਼ਿਮਨੀ ਚੋਣ ਵਿੱਚ ‘ਆਪ’ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਦੋਵਾਂ ਆਗੂਆਂ ਨੇ ਸ਼ਾਹਕੋਟ ਹਲਕੇ ਦੇ ਲੋਹੀਆਂ ਖਾਸ ਤੋਂ ਅੱਗੇ ਫਿਲੌਰ ਹਲਕੇ ਦੇ ਗੁਰਾਇਆਂ ਤੋਂ ਆਦਮਪੁਰ ਤੱਕ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ‘ਆਪ’ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ।

ਜਲੰਧਰ ਦੇ ਲੋਕਾਂ ਨੂੰ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਅਸੀਂ ਤੁਹਾਡੇ ਕੋਲ ਸਿਰਫ਼ ਇੱਕ ਸਾਲ ਦਾ ਸਮਾਂ ਮੰਗਣ ਆਏ ਹਾਂ। ਤੁਸੀਂ ਕਾਂਗਰਸ ਨੂੰ 60 ਸਾਲ ਦਿੱਤੇ। ਸਾਨੂੰ ਗਿਆਰਾਂ ਮਹੀਨੇ ਦਾ ਸਮਾਂ ਦਿਓ। ਜੇਕਰ ਤੁਹਾਨੂੰ ਸਾਡਾ ਕੰਮ ਪਸੰਦ ਨਹੀਂ ਆਇਆ ਤਾਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸਾਨੂੰ ਵੋਟ ਨਾ ਦਿਓ।

ਕੇਜਰੀਵਾਲ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸੀ ਨੇਤਾਵਾਂ ਦਾ ਹੰਕਾਰ ਇੰਨਾ ਵੱਧ ਗਿਆ ਹੈ ਕਿ ਇਸ ਚੋਣ ‘ਚ ਦਿੱਲੀ ਦਾ ਕੋਈ ਵੀ ਵੱਡਾ ਕਾਂਗਰਸੀ ਨੇਤਾ ਤੁਹਾਡੇ ਤੋਂ ਵੋਟਾਂ ਮੰਗਣ ਨਹੀਂ ਆਇਆ। ਜਦੋਂ ਕਿ ਆਮ ਆਦਮੀ ਪਾਰਟੀ ਦੇ ਦੋਵੇਂ ਵੱਡੇ ਆਗੂ ਅਤੇ ਦੋਵੇਂ ਮੁੱਖ ਮੰਤਰੀ ਤੁਹਾਡੇ ਤੋਂ ਵੋਟਾਂ ਮੰਗਣ ਆਪ ਆਏ ਹਨ। ਸਾਨੂੰ ਇੱਕ ਮੌਕਾ ਦਿਓ। ਅਸੀਂ ਤੁਹਾਡੀਆਂ ਉਮੀਦਾਂ ‘ਤੇ ਪੂਰੀ ਤਰ੍ਹਾਂ ਖ਼ਰਾ ਉਤਰਾਂਗੇ।

ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ 10 ਮਈ ਨੂੰ ਝਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਜਿਤਾਉਣ। ਉਸ ਤੋਂ ਬਾਅਦ ਤੁਹਾਡੀ ਸਾਰੀ ਜ਼ਿੰਮੇਵਾਰੀ ਖਤਮ ਹੋ ਜਾਵੇਗੀ, ਸਾਡੀ ਜ਼ਿੰਮੇਵਾਰੀ ਸ਼ੁਰੂ ਹੋ ਜਾਵੇਗੀ। ਤੁਹਾਡੇ ਨਾਲ ਮਿਲ ਕੇ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਵਾਂਗੇ ਅਤੇ ਪੰਜਾਬ ਦੇ ਲੋਕਾਂ ਨੂੰ ਖੁਸ਼ਹਾਲ ਅਤੇ ਸਮਰੱਥ ਬਣਾਵਾਂਗੇ।

ਜਲੰਧਰ ਦੇ ਲੋਕਾਂ ਨੂੰ ਭਾਵੁਕ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਸਾਡੇ 92 ਵਿਧਾਇਕ ਹਨ। ਦਿੱਲੀ ਵਿੱਚ 62 ਅਤੇ ਗੋਆ ਵਿੱਚ ਦੋ ਵਿਧਾਇਕ ਹਨ ਅਤੇ ਰਾਜ ਸਭਾ ਵਿੱਚ ਸਾਡੇ 10 ਸੰਸਦ ਮੈਂਬਰ ਹਨ। ਪਰ ਸਾਡੀ ਪਾਰਟੀ ਦਾ ਲੋਕ ਸਭਾ ਵਿੱਚ ਇੱਕ ਵੀ ਨੁਮਾਇੰਦਾ ਨਹੀਂ ਹੈ। ਤੁਹਾਡੇ ਕੋਲ ‘ਆਪ ਉਮੀਦਵਾਰ ਨੂੰ ਜਿਤਾ ਕੇ ਇਤਿਹਾਸ ਰਚਣ ਦਾ ਮੌਕਾ ਹੈ। ਜੇਕਰ ਜਲੰਧਰ ਤੋਂ ‘ਆਪ’ ਦਾ ਉਮੀਦਵਾਰ ਇਹ ਚੋਣ ਜਿੱਤਦਾ ਹੈ ਤਾਂ ਆਮ ਆਦਮੀ ਪਾਰਟੀ ਦੇ ਨਾਲ-ਨਾਲ ਜਲੰਧਰ ਦਾ ਨਾਂ ਵੀ ਇਤਿਹਾਸ ‘ਚ ਲਿਖਿਆ ਜਾਵੇਗਾ।



Source link

Leave a Reply

Your email address will not be published.