Kartarpur Corridor: ਵਿਛੜਿਆਂ ਨੂੰ ਮਿਲਾ ਰਿਹਾ ਕਰਤਾਰਪੁਰ ਲਾਂਘਾ, ਹੁਣ ਮਿਲੇ 75 ਸਾਲ ਪਹਿਲਾਂ ਵਿਛੜੇ ਭਰਾ-ਭੈਣ


Kartarpur Corridor: ਭਾਰਤ-ਪਾਕਿ ਵੰਡ ਦੀ ਚੀਸ ਅੱਜ ਵੀ ਲੱਖਾਂ ਦਿਲਾਂ ਵਿੱਚ ਹੈ। ਕਰਤਾਰਪੁਰ ਲਾਂਘੇ ਕਰਕੇ ਇਸ ਬਾਰੇ ਅਕਸਰ ਹੀ ਭਾਵੁਕ ਕਰਨ ਵਾਲੀਆਂ ਖਬਰਾਂ ਆ ਰਹੀਆਂ ਹਨ। ਹੁਣ ਫਿਰ ਭਾਰਤ-ਪਾਕਿਸਤਾਨ ਦੀ ਵੰਡ ਮੌਕੇ 75 ਸਾਲ ਪਹਿਲਾਂ ਵਿਛੜੇ ਭਰਾ-ਭੈਣ ਦੇ ਕਰਤਾਰਪੁਰ ਲਾਂਘੇ ਉਤੇ ਮਿਲਣ ਦਾ ਸਬੱਬ ਬਣਿਆ ਹੈ। ਬੇਹੱਦ ਭਾਵੁਕ ਕਰਨ ਵਾਲਾ ਇਹ ਮੇਲ ਸੋਸ਼ਲ ਮੀਡੀਆ ਰਾਹੀਂ ਸੰਭਵ ਹੋਇਆ ਹੈ।

‘ਡਾਅਨ ਨਿਊਜ਼’ ਦੀ ਰਿਪੋਰਟ ਮੁਤਾਬਕ ਮਹਿੰਦਰ ਕੌਰ (81) ਮਕਬੂਜ਼ਾ ਕਸ਼ਮੀਰ ਵਿਚ ਰਹਿੰਦੇ ਆਪਣੇ ਵਿਛੜੇ ਭਰਾ ਸ਼ੇਖ਼ ਅਬਦੁਲ ਅਜ਼ੀਜ਼ (78) ਨੂੰ ਕਰਤਾਰਪੁਰ ਲਾਂਘੇ ’ਤੇ ਮਿਲੀ ਹੈ। ਇਨ੍ਹਾਂ ਦੋਵਾਂ ਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਸੀ ਕਿ ਉਹ 1947 ਵਿਚ ਵਿਛੜੇ ਹੋਏ ਭੈਣ-ਭਰਾ ਹਨ ਜਿਸ ਤੋਂ ਬਾਅਦ ਇਹ ਮੁਲਾਕਾਤ ਨੇਪਰੇ ਚੜ੍ਹੀ ਹੈ।

ਹਾਸਲ ਵੇਰਵਿਆਂ ਮੁਤਾਬਕ ਵੰਡ ਦੌਰਾਨ ਸਰਦਾਰ ਭਜਨ ਸਿੰਘ ਦਾ ਪਰਿਵਾਰ ਭਾਰਤੀ ਪਾਸੇ ਵਾਲੇ ਪੰਜਾਬ ਵਿਚ ਉਸ ਵੇਲੇ ਦੁਖਦਾਈ ਢੰਗ ਨਾਲ ਵਿਚ ਬਿਖ਼ਰ ਗਿਆ ਜਦੋਂਕਿ ਅਜ਼ੀਜ਼ ਮਕਬੂਜ਼ਾ ਕਸ਼ਮੀਰ ਵਿਚ ਰਹਿ ਗਿਆ, ਤੇ ਬਾਕੀ ਪਰਿਵਾਰ ਭਾਰਤ ਵਿਚ ਰਹਿ ਗਿਆ। ਅਜ਼ੀਜ਼ ਦਾ ਛੋਟੀ ਉਮਰ ਵਿਚ ਹੀ ਵਿਆਹ ਹੋ ਗਿਆ ਪਰ ਮਾਪਿਆਂ ਤੇ ਪਰਿਵਾਰ ਨਾਲ ਮਿਲਣ ਦੀ ਤਾਂਘ ਹਮੇਸ਼ਾ ਉਸ ਦੇ ਦਿਲ ਵਿਚ ਜਿਊਂਦੀ ਰਹੀ।

ਦੋਵਾਂ ਪਰਿਵਾਰਾਂ ਨੂੰ ਉਸ ਵੇਲੇ ਮਹਿੰਦਰ ਕੌਰ ਤੇ ਅਜ਼ੀਜ਼ ਦੇ ਸਬੰਧਤ ਹੋਣ ਬਾਰੇ ਪਤਾ ਲੱਗਾ ਜਦ ਉਨ੍ਹਾਂ ਇਕ ਸੋਸ਼ਲ ਮੀਡੀਆ ਪੋਸਟ ਦੇਖੀ ਜਿਸ ਵਿਚ ਵੰਡ ਵੇਲੇ ਇਕ ਵਿਅਕਤੀ ਵੱਲੋਂ ਉਸ ਦੀ ਭੈਣ ਨਾਲੋਂ ਜੁਦਾ ਹੋਣ ਦੀ ਕਹਾਣੀ ਬਿਆਨੀ ਗਈ ਸੀ। ਮੇਲ ਹੋਣ ’ਤੇ ਖ਼ੁਸ਼ੀ ਵਿਚ ਖ਼ੀਵੀ ਹੋਈ ਮਹਿੰਦਰ ਕੌਰ ਨੇ ਵਾਰ-ਵਾਰ ਆਪਣੇ ਭਰਾ ਨੂੰ ਗਲਵਕੜੀ ਵਿਚ ਲਿਆ ਤੇ ਉਸ ਦੇ ਹੱਥ ਚੁੰਮੇ।

ਦੋਵਾਂ ਪਰਿਵਾਰਾਂ ਨੇ ਇਕੱਠਿਆਂ ਗੁਰਦੁਆਰਾ ਦਰਬਾਰ ਸਾਹਿਬ (ਕਰਤਾਰਪੁਰ ਸਾਹਿਬ) ’ਚ ਮੱਥਾ ਟੇਕਿਆ ਤੇ ਨਾਲ ਬੈਠ ਕੇ ਲੰਗਰ ਵੀ ਖਾਧਾ। ਉਨ੍ਹਾਂ ਇਕ-ਦੂਜੇ ਨਾਲ ਇਸ ਮੌਕੇ ਤੋਹਫ਼ੇ ਵੀ ਸਾਂਝੇ ਕੀਤੇ। ਕਰਤਾਰਪੁਰ ਪ੍ਰਸ਼ਾਸਨ ਨੇ ਇਸ ਮੌਕੇ ਦੋਵਾਂ ਪਰਿਵਾਰਾਂ ਦਾ ਨਿੱਘਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਮਠਿਆਈਆਂ ਵੰਡੀਆਂ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।Source link

Leave a Comment