ਲੁਧਿਆਣਾ ਨਿਊਜ਼: ਜ਼ਿਲ੍ਹਾ ਲੁਧਿਆਣਾ ਵਿੱਚ ਚੱਲ ਰਹੇ ਸੀਜ਼ਨ ਦੌਰਾਨ ਕਣਕ ਦੀ ਆਮਦ ਤੇ ਖਰੀਦ ਨੇ ਪਿਛਲੇ ਸਾਲ ਦੇ ਰਿਕਾਰਡ ਨੂੰ ਪਾਰ ਕਰ ਲਿਆ ਹੈ। ਹਾਸਲ ਜਾਣਕਾਰੀ ਮੁਤਾਬਕ ਪਿਛਲੇ ਸਾਲ ਦਾ ਰਿਕਾਰਡ ਤੋੜਦਿਆਂ ਇਸ ਸਾਲ 30 ਅਪਰੈਲ ਤੱਕ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਕੁੱਲ 7,63,290 ਮੀਟਰਿਕ ਟਨ ਕਣਕ ਦੀ ਆਮਦ ਹੋਈ, ਜਦਕਿ ਪਿਛਲਾ ਅੰਕੜਾ 6,80,312 ਮੀਟਰਿਕ ਟਨ ਸੀ।
ਇਸੇ ਤਰ੍ਹਾਂ 6,66,025 ਮੀਟਰਿਕ ਟਨ ਕਣਕ ਦੀ ਖਰੀਦ ਵੀ ਪਿਛਲੇ ਸਾਲ 30 ਅਪਰੈਲ 2022 ਨੂੰ 5,85,879 ਮੀਟਰਿਕ ਟਨ ਕਣਕ ਦੇ ਰਿਕਾਰਡ ਨੂੰ ਪਾਰ ਕਰ ਗਈ ਹੈ। ਕਣਕ ਦੀ ਖਰੀਦ ਸਥਿਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਕਿ ਖਰੀਦ ਏਜੰਸੀਆਂ ਵੱਲੋਂ 1536 ਕਰੋੜ ਰੁਪਏ ਦੀਆਂ ਅਦਾਇਗੀਆਂ ਵੀ ਕਰ ਦਿੱਤੀਆਂ ਗਈਆਂ ਹਨ।
ਉਧਰ ਜਗਰਾਓਂ ਤੋਂ ਮਿਲੀ ਰਿਪੋਰਟ ਮੁਤਾਬਕ ਮੰਡੀਆਂ ਵਿੱਚ ਕਣਕ ਦੀਆਂ ਬੋਰੀਆਂ ਦੀ ਲਿਫਟਿੰਗ ਦਾ ਕੰਮ ਢਿੱਲਾ ਹੈ। ਮਜ਼ਦੂਰਾਂ ਨੇ ਦੱਸਿਆ ਕਿ ਪਹਿਲਾਂ ਨਵੇਂ ਠੇਕੇਦਾਰ ਦੇ ਘੱਟ ਰੇਟ ਕਰਕੇ ਟਰੱਕ ਯੂਨੀਅਨ ਵੱਲੋਂ ਰੋਕੇ ਕੰਮ ਤੇ ਹੁਣ ਕੈਂਟਰ ਯੂਨੀਅਨ ਵੱਲੋਂ ਸੰਘਰਸ਼ ਦੇ ਰਾਹ ਪੈਣ ਕਾਰਨ ਕਣਕ ਦਾ ਸੀਜ਼ਨ ਪੱਛੜ ਗਿਆ ਹੈ। ਉਪਰੋਂ ਉਂਝ ਹੀ ਢਿੱਲੀ ਚੱਲ ਰਹੀ ਲਿਫਟਿੰਗ ਵਿੱਚ ਦੋ ਹਫ਼ਤੇ ਤੱਕ ਚੱਲੇ ਇਸ ਸੰਘਰਸ਼ ਕਾਰਨ ਲੱਖਾਂ ਬੋਰੀਆਂ ਮੰਡੀਆਂ ਵਿੱਚ ਹੀ ਪਈਆਂ ਹਨ।
ਮੌਸਮ ਵਿਭਾਗ ਦੀ ਅਗਲੇ ਦਿਨ ਤਿੰਨ ਤੱਕ ਮੀਂਹ ਦੀ ਕੀਤੀ ਭਵਿੱਖਬਾਣੀ ਤੇ ਲਿਫਟਿੰਗ ਦਾ ਕੰਮ ਹਾਲੇ ਕਈ ਦਿਨ ਹੋਰ ਲਟਕੇ ਰਹਿਣ ਦੀ ਸੰਭਾਵਨਾ ਦੇ ਮੱਦੇਨਜ਼ਰ ਮਜ਼ਦੂਰਾਂ ਨੂੰ ਮੰਡੀਆਂ ਦੇ ਸ਼ੈੱਡਾਂ ਹੇਠਾਂ ਬੋਰੀਆਂ ਦੇ ਚੱਕੇ ਲਾਉਣ ਦਾ ਵਾਧੂ ਕੰਮ ਕਰਨਾ ਪੈ ਰਿਹਾ ਹੈ।
ਪ੍ਰਧਾਨ ਰਾਜਪਾਲ ਪਾਲਾ ਤੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਤੋਂ ਵਾਰ-ਵਾਰ ਮੰਗ ਕਰਨ ‘ਤੇ ਉਨ੍ਹਾਂ ਦੇ ਮਸਲੇ ਦਾ ਕੋਈ ਹੱਲ ਨਹੀਂ ਕੱਢਿਆ ਗਿਆ। ਲਿਫਟਿੰਗ ਵਿੱਚ ਦੇਰੀ ਕਰਕੇ ਮੰਡੀ ਮਜ਼ਦੂਰਾਂ ਨੂੰ ਬਿਨਾਂ ਵਾਧੂ ਮਿਹਨਤਾਨੇ ਦੇ ਕੰਮ ਕਰਨਾ ਪੈਂਦਾ ਹੈ, ਉਪਰੋਂ ਕਈ ਹਫ਼ਤੇ ਮੰਡੀ ਵਿੱਚ ਕਣਕ ਪਏ ਰਹਿਣ ਕਾਰਨ ਸ਼ਾਰਟੇਜ ਵੀ ਉਨ੍ਹਾਂ ਸਿਰ ਪਾਈ ਜਾਂਦੀ ਹੈ, ਜੋ ਸਰਾਸਰ ਗਰੀਬ ਤਬਕੇ ਨਾਲ ਧੱਕਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।