ਪ੍ਰਕਾਸ਼ ਸਿੰਘ ਬਾਦਲ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਅੰਤਿਮ ਅਰਦਾਸ ਵਿੱਚ ਵੱਡੀ ਗਿਣਤੀ ਲੋਕ ਪਹੁੰਚ ਰਹੇ ਹਨ। ਉਨ੍ਹਾਂ ਦਾ 25 ਅਪ੍ਰੈਲ ਨੂੰ 95 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ। 75 ਸਾਲਾਂ ਦੇ ਸਿਆਸੀ ਸਫ਼ਰ ਵਿੱਚ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਲਈ ਪਿੰਡ ਬਾਦਲ ਵਿੱਚ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਵਿੱਚ ਪੰਡਾਲ ਲਾਇਆ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਇਸ ਮੌਕੇ ਦੇਸ਼ ਦੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ ਤੋਂ ਇਲਾਵਾ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਲਈ ਹਜ਼ਾਰਾਂ ਲੋਕ ਪਿੰਡ ਬਾਦਲ ਪਹੁੰਚਣਗੇ। ਇਸ ਨੂੰ ਵੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਪਾਰਕਿੰਗ ਲਈ 60 ਏਕੜ ਜਗ੍ਹਾ ਦਾ ਪ੍ਰਬੰਧ ਕੀਤਾ ਹੈ।
ਰੂਟ ਪਲਾਨ ਜਾਰੀ
ਉਧਰ, ਅੰਤਿਮ ਅਰਦਾਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਰੂਟ ਪਲਾਨ ਜਾਰੀ ਕੀਤਾ ਗਿਆ ਹੈ। ਜਿਲ੍ਹਾ ਪ੍ਰਸਾਸ਼ਨ ਨੇ ਚਾਰ ਮਈ ਨੂੰ ਇਸੇ ਰੂਟ ਪਲਾਨ ਮੁਤਾਬਕ ਸੜਕਾਂ ਉੱਪਰ ਆਵਾਜਾਈ ਦੀ ਸਲਾਹ ਦਿੱਤੀ ਹੈ ਤਾਂ ਜੋ ਕੋਈ ਸਮੱਸਿਆ ਨਾ ਆਵੇ।
ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਰੂਟ ਪਲਾਨ ਮੁਤਾਬਕ ਬਠਿੰਡੇ ਵਾਲੇ ਪਾਸਿਓਂ ਆਉਣ ਵਾਲੇ ਲੋਕਾਂ ਲਈ ਬਾਦਲ ਪਿੰਡ ਤੋਂ ਪਹਿਲਾਂ ਖੱਬੇ ਤੇ ਸੱਜੇ ਹੱਥ ਖਾਲੀ ਖੇਤਾਂ ਵਿੱਚ (60 ਏਕੜ) ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ, ਜਿੱਥੇ ਗੱਡੀਆਂ ਖੜ੍ਹੀਆਂ ਕਰ ਕੇ ਲੋਕ ਲੰਗਰ ਵਾਲੀ ਜਗ੍ਹਾ ਦੇ ਨਾਲ ਦੀ ਹੁੰਦੇ ਹੋਏ ਪੰਡਾਲ ਵਿੱਚ ਪਹੁੰਚ ਸਕਦੇ ਹਨ।
ਇਸੇ ਤਰ੍ਹਾਂ ਲੰਬੀ, ਖਿਓਵਾਲੀ ਤੇ ਮਹਿਣਾ ਵਾਲੇ ਪਾਸਿਓਂ ਆਉਣ ਵਾਲੇ ਵਾਹਨ ਸਰਕਾਰੀ ਪਸ਼ੂ ਹਸਪਤਾਲ, ਖੇਡ ਸਟੇਡੀਅਮ ਹੁੰਦੇ ਹੋਏ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਦੇ ਪਿਛਲੇ ਪਾਸੇ ਪਹੁੰਚ ਕੇ ਮਿੱਠੜੀ ਰੋਡ ’ਤੇ ਬਣੀ ਪਾਰਕਿੰਗ ਵਿੱਚ ਵਹੀਕਲ ਖੜ੍ਹੇ ਕਰ ਕੇ ਲੰਗਰ ਵਾਲੀ ਜਗ੍ਹਾ ਦੇ ਨਾਲ ਦੀ ਹੁੰਦੇ ਹੋਏ ਮੁੱਖ ਪੰਡਾਲ ਵਿੱਚ ਪਹੁੰਚ ਸਕਦੇ ਹਨ। ਇਸ ਤੋਂ ਇਲਾਵਾ ਸਿੰਘੇਵਾਲਾ ਤੋਂ ਆਉਣ ਵਾਲੀਆਂ ਗੱਡੀਆਂ ਮਿੱਠੜੀ ਰੋਡ ਪਾਰਕਿੰਗ ਤੱਕ ਪਹੁੰਚ ਸਕਦੀਆਂ ਹਨ।