ਪਟਿਆਲਾ ਨਿਊਜ਼: ਪਟਿਆਲਾ ਪੁਲਿਸ ਨੇ ਮੁਸਤੈਦੀ ਨਾਲ ਸਾਈਬਰ ਠੱਗਾਂ ਨੂੰ ਚੰਗਾ ਸਬਕ ਸਿਖਾਇਆ ਹੈ। ਵੇਲੇ ਸਿਰ ਕਾਰਵਾਈ ਕਰਦਿਆਂ ਸਾਈਬਰ ਹੈਲਪ ਡੈਸਕ ਨੇ ਸਿਰਫ ਅੱਠ ਘੰਟਿਆਂ ਅੰਦਰ ਹੀ ਠੱਗਾਂ ਕੋਲੋਂ ਪੀੜਤ ਦੇ ਖਾਤੇ ਵਿੱਚ 3 ਲੱਖ 7 ਹਜ਼ਾਰ ਰੁਪਏ ਵਾਪਸ ਕਰਵਾਏ। ਇਹ ਵੀ ਅਹਿਮ ਹੈ ਕਿ ਸਾਈਬਰ ਠੱਗਾਂ ਨੇ ਆਨਲਾਈਨ ਸ਼ਾਪਿੰਗ ਲਈ ਆਰਡਰ ਦਿੱਤਾ ਸੀ ਜਿਸ ਨੂੰ ਸਾਈਬਰ ਹੈਲਪ ਡੈਸਕ ਨੇ ਤੁਰੰਤ ਕੈਂਸਲ ਕਰਵਾਇਆ ਤੇ ਪੈਸੇ ਵਾਪਸ ਮੁੜਵਾਏ।
ਇਸ ਬਾਰੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਦੇ 3 ਲੱਖ 7 ਹਜ਼ਾਰ ਰੁਪਏ ਸਾਈਬਰ ਸੈੱਲ ਵੱਲੋਂ 8 ਘੰਟਿਆਂ ਵਿੱਚ ਵਾਪਸ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਸਾਈਬਰ ਹੈਲਪ ਡੈਸਕ ਵੱਲੋਂ ਦਰਖ਼ਾਸਤ ਕਰਤਾ ਸ਼ੁਭਮ ਵੱਲੋਂ ਦਿੱਤੀ ਦਰਖ਼ਾਸਤ ’ਤੇ ਕਾਰਵਾਈ ਕਰਦਿਆਂ ਆਨਲਾਈਨ ਠੱਗੀ ਰਾਹੀਂ ਨਿਕਲੇ ਉਨ੍ਹਾਂ ਦੇ ਸਾਰੇ ਪੈਸੇ 3 ਲੱਖ 7 ਹਜ਼ਾਰ ਰੁਪਏ ਉਨ੍ਹਾਂ ਦੇ ਬੈਂਕ ਖਾਤਾ ਵਿੱਚ ਵਾਪਸ ਕਰਵਾਏ।
ਉਨ੍ਹਾਂ ਕਿਹਾ ਕਿ ਸਾਈਬਰ ਠੱਗਾਂ ਵੱਲੋਂ ਦਰਖ਼ਾਸਤ ਕਰਤਾ ਦੇ ਬੈਂਕ ਖਾਤੇ ਵਿੱਚੋਂ ਠੱਗੇ ਗਏ ਪੈਸੇ ਰਿਲਾਇੰਸ ਡਿਜੀਟਲ ਵਿੱਚ ਖਰਚ ਕੀਤੇ ਗਏ ਸਨ। ਸਾਈਬਰ ਠੱਗਾਂ ਵੱਲੋਂ ਉਨ੍ਹਾਂ ਪੈਸਿਆਂ ਦੀ ਆਨਲਾਈਨ ਸ਼ਾਪਿੰਗ ਕਰਕੇ ਆਜੀਓ ਸ਼ਾਪਿੰਗ ਐਪ ਵਿੱਚ ਆਡਰ ਪਲੇਸ ਕੀਤੇ ਗਏ ਸਨ, ਸਾਈਬਰ ਹੈਲਪ ਡੈਸਕ ਵੱਲੋਂ ਉਨ੍ਹਾਂ ਆਡਰਾਂ ਨੂੰ ਕੈਂਸਲ ਕਰਵਾਇਆ ਗਿਆ ਤੇ ਦਰਖ਼ਾਸਤ ਕਰਤਾ ਦੇ ਸਾਰੇ ਪੈਸੇ 8 ਘੰਟਿਆਂ ਵਿੱਚ ਵਾਪਸ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਰਿਫੰਡ ਕਰਵਾਏ ਗਏ।
ਐਸਐਸਪੀ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨਾਲ ਕੋਈ ਸਾਈਬਰ ਫਰਾਡ ਹੋ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ 1930 ਡਾਇਲ ਕਰੋ ਤੇ ਆਪਣੀ ਸ਼ਿਕਾਇਤ ਘਰ ਬੈਠੇ ਦਰਜ ਕਰਵਾਓ। ਜੇਕਰ ਕਿਸੇ ਕਾਰਨ ਤੁਹਾਡੀ ਕਾਲ ਨਹੀਂ ਲੱਗਦੀ ਤਾਂ ਆਪਣੇ ਨੇੜਲੇ ਸਾਈਬਰ ਹੈਲਪ ਡੈਸਕ ਨੂੰ ਸੰਪਰਕ ਕਰੋ।