Punjab News: ਐੱਸਟੀਐੱਫ ਨੇ ਰਾਜਜੀਤ ਸਿੰਘ ਦਾ ਗ੍ਰਿਫ਼ਤਾਰੀ ਵਾਰੰਟ ਕੀਤਾ ਹਾਸਲ


ਪੰਜਾਬ ਵਿੱਚ ਡਰੱਗਜ਼ ਰੈਕੇਟ ਮਾਮਲੇ ਵਿੱਚ ਬਰਖਾਸਤ ਏਆਈਜੀ ਰਾਜਜੀਤ ਸਿੰਘ ਹੁੰਦਲ ਜੋ ਕਿ ਪਿਛਲੇ ਕੁਝ ਸਮੇਂ ਤੋਂ ਚਰਚਾ ਵਿੱਚ ਬਣਿਆ ਹੋਇਆ ਹੈ। ਪੰਜਾਬ ਪੁਲੀਸ ਦੀ ਵਿਸ਼ੇਸ਼ ਟਾਸਕ ਫੋਰਸ (ਐੱਸਟੀਐੱਫ) ਨੇ ਬਰਖਾਸਤ ਏਆਈਜੀ ਰਾਜਜੀਤ ਸਿੰਘ ਵਿਰੁੱਧ ਅਦਾਲਤ ਤੋਂ ਗ੍ਰਿਫ਼ਤਾਰੀ ਵਾਰੰਟ ਹਾਸਲ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਦੀਆਂ ਟੀਮਾਂ ਵੱਲੋਂ ਲਗਾਤਾਰ ਛਾਪੇ ਮਾਰੇ ਗਏ

ਪੁਲਿਸ ਅਧਿਕਾਰੀਆਂ ਮੁਤਾਬਕ ਐੱਸਟੀਐੱਫ ਨੂੰ ਬਰਖਾਸਤ ਪੁਲਿਸ ਅਧਿਕਾਰੀ ਰਾਜਜੀਤ ਸਿੰਘ ਦਾ ਥਹੁ-ਪਤਾ ਲਗਾਉਣ ’ਚ ਕੋਈ ਵੀ ਕਾਮਯਾਬੀ ਨਹੀਂ ਮਿਲੀ ਹੈ। ਸਾਬਕਾ ਐੱਸਐੱਸਪੀ ਦੀ ਤਲਾਸ਼ ’ਚ ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਵਿੱਚ ਪੁਲਿਸ ਦੀਆਂ ਟੀਮਾਂ ਵੱਲੋਂ ਲਗਾਤਾਰ ਛਾਪੇ ਮਾਰੇ ਗਏ ਪਰ ਅਜੇ ਤੱਕ ਪੁਲਿਸ ਦੇ ਹੱਥ ਖਾਲੀ ਹੀ ਨੇ। 

ਮੋਹਾਲੀ ਦੀ ਅਦਾਲਤ ਤੋਂ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤਾ

ਐੱਸਟੀਐੱਫ (STF) ਨੇ ਮੋਹਾਲੀ ਦੀ ਅਦਾਲਤ ਤੋਂ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਤੋਂ ਬਾਅਦ ਰਾਜਜੀਤ ਸਿੰਘ ਨੂੰ ਅਦਾਲਤ ਵਿੱਚ ਭਗੌੜਾ ਕਰਾਰ ਦੇਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਰਾਜਜੀਤ ਸਿੰਘ ਐੱਸਐੱਚਓ ਤੋਂ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਦੇ ਅਹੁਦੇ ਤੱਕ ਰਿਹਾ ਹੈ ਜਿਸ ਕਰਕੇ ਪੁਲਿਸ ਤੋਂ ਕਿਵੇਂ ਬਚਾਅ ਕਰਨਾ ਹੈ, ਇਸ ਗੱਲ ਬਾਰੇ ਉਸ ਨੂੰ ਪੂਰੀ ਜਾਣਕਾਰੀ ਹੈ।

ਇਹੀ ਕਾਰਨ ਹੈ ਕਿ ਰਾਜਜੀਤ ਸਿੰਘ ਨੂੰ ਜਦੋਂ ਐੱਸਟੀਐੱਫ ਨੇ ਨਾਮਜ਼ਦ ਕੀਤਾ ਸੀ ਤਾਂ ਉਸ ਤੋਂ ਕੁੱਝ ਦਿਨ ਪਹਿਲਾਂ ਹੀ ਮੋਬਾਈਲ ਫੋਨ ਬੰਦ ਹੋ ਗਏ ਸਨ। ਪੰਜਾਬ ਦੇ ਗ੍ਰਹਿ ਵਿਭਾਗ ਨੇ ਪੰਜਾਬ ਪੁਲਿਸ ਦੇ ਵਿਵਾਦਿਤ ਅਧਿਕਾਰੀ ਰਾਜਜੀਤ ਸਿੰਘ ਨੂੰ 17 ਅਪਰੈਲ ਨੂੰ ਬਰਖਾਸਤ ਕਰਨ ਦੇ ਹੁਕਮ ਜਾਰੀ ਕਰਦਿਆਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਨਾਮਜ਼ਦ ਕਰਨ ਦੇ ਹੁਕਮ ਦਿੱਤੇ ਸਨ। ਐੱਸਟੀਐੱਫ ਨੇ ਇਨ੍ਹਾਂ ਹੁਕਮਾਂ ’ਤੇ ਕਾਰਵਾਈ ਕਰਦਿਆਂ ਅਗਲੇ ਹੀ ਦਿਨ ਬਰਖਾਸਤ ਪੁਲਿਸ ਅਧਿਕਾਰੀ ਨੂੰ ਧਾਰਾ 120 ਬੀ, 218 ਅਤੇ 384 ਸਮੇਤ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ 59 ਅਤੇ 39 ਤਹਿਤ ਨਾਮਜ਼ਦ ਕੀਤਾ ਸੀ। ਇਹ ਧਾਰਾਵਾਂ ਸੇਵਾਮੁਕਤ ਡੀਜੀਪੀ ਸਿਧਾਰਥ ਚਟੋਪਾਧਿਆਏ ਦੀ ਅਗਵਾਈ ਹੇਠਲੀ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਆਪਣੀਆਂ ਰਿਪੋਰਟਾਂ ਵਿੱਚ ਉਠਾਏ ਗਏ ਨੁਕਤਿਆਂ ਦੇ ਆਧਾਰ ’ਤੇ ਲਾਈਆਂ ਗਈਆਂ ਹਨ।

ਰਾਜਜੀਤ ਸਿੰਘ ਨੂੰ ਐੱਸਟੀਐੱਫ ਦੇ ਤਤਕਾਲੀ ਮੁਖੀ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਇੰਸਪੈਕਟਰ (ਬਰਖਾਸਤ) ਇੰਦਰਜੀਤ ਸਿੰਘ ਵਿਰੁੱਧ ਨਸ਼ਿਆਂ ਦੀ ਤਸਕਰੀ ਦੇ ਦਰਜ ਮਾਮਲੇ ਵਿੱਚ ਵੀ ਨਾਮਜ਼ਦ ਕੀਤਾ ਗਿਆ ਹੈ। ਸਿਟ ਦੀਆਂ ਰਿਪੋਰਟਾਂ ਮੁਤਾਬਕ ਬੇਕਸੂਰ ਲੋਕਾਂ ਨੂੰ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਵਿੱਚ ਫਸਾ ਕੇ ਫਿਰੌਤੀਆਂ ਵਸੂਲੀਆਂ ਜਾਂਦੀਆਂ ਸਨ। ਸਿਟ ਵੱਲੋਂ ਰਾਜਜੀਤ ਸਿੰਘ ਤੋਂ ਬਿਨਾਂ ਕਿਸੇ ਹੋਰ ਪੁਲਿਸ ਅਧਿਕਾਰੀ ਦੇ ਨਾਮ ਦਾ ਹਵਾਲਾ ਆਪਣੀਆਂ ਰਿਪੋਰਟਾਂ ਵਿੱਚ ਨਹੀਂ ਦਿੱਤਾ ਗਿਆ ਹੈ ਪਰ ਇਹ ਜ਼ਰੂਰ ਕਿਹਾ ਗਿਆ ਹੈ ਕਿ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਦੀ ਜ਼ਰੂਰਤ ਹੈ। ਡਰੱਗ ਮਾਮਲੇ ‘ਚ ਨਾਮਜ਼ਦ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਖਿਲਾਫ ਐਲਓਸੀ ਜਾਰੀ ਕੀਤਾ ਹੋਇਆ ਹੈ।

ਦੱਸ ਦੇਈਏ ਕਿ ਡਰੱਗ ਰੈਕੇਟ ਮਾਮਲੇ ਵਿੱਚ ਬਰਖਾਸਤ ਏਆਈਜੀ ਰਾਜਜੀਤ ਸਿੰਘ ਹੁੰਦਲ ਨੂੰ ਗ੍ਰਿਫ਼ਤਾਰ ਕਰਨ ਲਈ ਸਪੈਸ਼ਲ ਟਾਸਕ ਫੋਰਸ ਦੀਆਂ 14 ਟੀਮਾਂ ਬਣਾਈਆਂ ਗਈਆਂ ਹਨ। ਜਿਸ ਦੀ ਗ੍ਰਿਫ਼ਤਾਰੀ ਲਈ ਛੇ ਰਾਜਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪਰ ਅਜੇ ਤੱਕ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ ਹੈ।Source link

Leave a Comment