Punjab News: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਮਗਰੋਂ ਬੀਜੇਪੀ ਦਾ ਵੱਡਾ ਦਾਅ


ਪੰਜਾਬ ਨਿਊਜ਼: ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਮਿਲੇ ਹੁੰਗਾਰੇ ਤੋਂ ਬਾਅਦ ਪੰਜਾਬ ਬੀਜੇਪੀ ਨੇ ਪਾਰਟੀ ਦੇ ਢਾਂਢੇ ‘ਚ ਵੱਡਾ ਫੇਰਬਦਲ ਕੀਤਾ ਹੈ। ਬੇਸ਼ੱਕ ਬੀਜੇਪੀ ਹਾਰ ਗਈ ਪਰ ਵੋਟਰਾਂ ਦੇ ਹੁੰਗਾਰੇ ਨੂੰ ਵੇਖ ਕਾਫੀ ਉਤਸ਼ਾਹਿਤ ਹੈ। ਇਸ ਲਈ ਬੀਜੇਪੀ ਨੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਗਠਜੋੜ ਤੋਂ ਇਨਕਾਰ ਕਰ ਦਿੱਤਾ ਹੈ ਤੇ ਦੂਜੇ ਪਾਸੇ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਇਸ ਲਈ ਪੰਜਾਬ ਬੀਜੇਪੀ ਨੇ 169 ਕਾਰਜਕਾਰਨੀ ਮੈਂਬਰ ਤੇ 23 ਸਥਾਈ ਇਨਵਾਈਟੀ ਮੈਂਬਰ ਬਣਾਏ ਗਏ ਹਨ। ਅਹਿਮ ਗੱਲ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਨਵੀਂਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਉਨ੍ਹਾਂ ਨੂੰ ਸਪੈਸ਼ਲ ਇਨਵਾਈਟੀ ਬਣਾਇਆ ਗਿਆ ਹੈ। ਬੀਜੇਪੀ ਨੇ ਕਈ ਸਿੱਖ ਚਿਹਰਿਆਂ ਨੂੰ ਅੱਗੇ ਲਿਆਂਦਾ ਹੈ।

ਇਹ ਨਨੇ 23 ਸਥਾਈ ਇਨਵਾਈਟੀ ਮੈਂਬਰ

ਕੈਪਟਨ ਅਮਰਿੰਦਰ ਸਿੰਘ, ਸੰਨੀ ਦਿਓਲ, ਸੁਨੀਲ ਜਾਖੜ, ਅਵਿਨਾਸ਼ ਰਾਏ ਖੰਨਾ, ਮਨੋਰੰਜਨ ਕਾਲੀਆ, ਤਰੁਣ ਚੁੱਘ, ਸ਼ਵੇਤ ਮਲਿਕ, ਇਕਬਾਲ ਸਿੰਘ ਲਾਲਪੁਰਾ, ਚਰਨਜੀਤ ਸਿੰਘ ਅਟਵਾਲ, ਮਨਪ੍ਰੀਤ ਸਿੰਘ ਬਾਦਲ, ਪ੍ਰੋ: ਰਜਿੰਦਰ ਭੰਡਾਰੀ, ਰਜਿੰਦਰ ਮੋਹਨ ਸਿੰਘ ਛੀਨਾ, ਜਸਵਿੰਦਰ ਸਿੰਘ ਢਿੱਲੋਂ, ਹਰਜੀਤ ਸਿੰਘ ਗਰੇਵਾਲ, ਰਾਣਾ ਗੁਰਮੀਤ ਸਿੰਘ ਸੋਢੀ, ਅਮਨਜੋਤ ਕੌਰ ਰਾਮੂਵਾਲੀਆ, ਜੈਵੀਰ ਸਿੰਘ ਸ਼ੇਰਗਿੱਲ, ਸੋਮ ਪ੍ਰਕਾਸ਼, ਭਗਤ ਚੁੰਨੀ ਲਾਲ, ਜੰਗੀ ਲਾਲ ਮਹਾਜਨ, ਲਕਸ਼ਮੀਕਾਂਤ ਚਾਵਲਾ, ਤੀਕਸ਼ਣ ਸੂਦ ਤੇ ਸਰਬਜੀਤ ਸਿੰਘ ਵਿਰਕ ਸ਼ਾਮਲ ਹਨ।

ਅਕਾਲੀ ਦਲ ਨਾਲ ਨਹੀਂ ਹੋਏਗਾ ਕੋਈ ਗਠਜੋੜ

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਤੋਂ ਬਾਅਦ ਇਹ ਗੱਲ ਹੋਰ ਵੀ ਸਪੱਸ਼ਟ ਹੋ ਗਈ ਹੈ ਕਿ ਬੀਜੇਪੀ ਅਕਾਲੀ ਦਲ ਨੂੰ ਨਾਲ ਨਹੀਂ ਲੈਣ ਜਾ ਰਹੀ। ਇਸ ਦਾ ਵੱਡਾ ਕਾਰਨ ਇਹ ਵੀ ਹੈ ਕਿ ਉਪ ਚੋਣ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਵੋਟ ਪ੍ਰਤੀਸ਼ਤਤਾ 34.1 ਫੀਸਦੀ, ਕਾਂਗਰਸ ਦੀ 27.4 ਫੀਸਦੀ, ਅਕਾਲੀ ਦਲ-ਬਸਪਾ ਗਠਜੋੜ ਦੀ 17.9 ਫੀਸਦੀ ਰਹੀ, ਉੱਥੇ ਹੀ ਭਾਜਪਾ 15.2 ਫੀਸਦੀ ਵੋਟ ਲੈ ਗਈ। ਬੀਜੇਪੀ ਨੂੰ ਮਹਿਸੂਸ ਹੋਣ ਲੱਗਾ ਹੈ ਕਿ ਅਕਾਲੀ ਦਲ ਤੋਂ ਬਗੈਰ ਹੀ ਉਹ ਆਪਣਾ ਆਧਾਰ ਬਣਾ ਸਕਦੀ ਹੈ। ਇਨ੍ਹਾਂ ਨਤੀਜਿਆਂ ਦੇ ਮੱਦੇਨਜ਼ਰ ਭਾਜਪਾ ਨੇ ਅਕਾਲੀ ਦਲ ਨਾਲ ਗੱਠਜੋੜ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ।



Source link

Leave a Comment