Punjab News: ਨਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਓਵਰਡੋਜ਼ ਨਾਲ ਹਫ਼ਤੇ ’ਚ ਇਕੋ ਪਿੰਡ ਦੇ 3 ਨੌਜਵਾਨਾਂ ਨੇ


ਪੰਜਾਬ ਨਿਊਜ਼: ਵੱਧ ਰਹੇ ਨਸ਼ੇ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ। ਜਿਸ ਤੋਂ ਬਾਅਦ ਘਰ ਵਿੱਚ ਸੋਗ ਪਸਰ ਗਿਆ। ਮਿਲੀ ਜਾਣਕਾਰੀ ਅਨੁਸਾਰ ਨਸ਼ੇ ਦੀ ਓਵਰਡੋਜ਼ ਨਾਲ ਮੁੰਨਾ (23) ਨਾਮ ਦੇ ਮੁੰਡੇ ਦੀ ਮੌਤ ਹੋ ਗਈ। ਪਿੰਡ ਵਾਲਿਆਂ ਨੇ ਦੱਸਿਆ ਹੈ ਕਿ ਇੱਕ ਹਫ਼ਤੇ ਵਿੱਚ ਪਿੰਡ ’ਚ ਨਸ਼ੇ ਦੀ ਓਵਰਡੋਜ਼ ਨਾਲ ਇਹ ਤੀਜੀ ਮੌਤ ਹੋਈ ਹੈ। ਮੁੰਨਾ ਤੋਂ ਪਹਿਲਾਂ ਮੀਸਾ ਅਤੇ ਮਨੀ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਪਿੰਡ ਗੰਨਾ ਪਿੰਡ ਵਿਚ 5 ਹੋਰ ਨੌਜਵਾਨ ਮੌਤ ਦੇ ਕੰਢੇ ’ਤੇ ਖੜ੍ਹੇ ਹਨ, ਜਿਨ੍ਹਾਂ ਦੇ ਨਸ਼ੇ ਦੀ ਟੀਕੇ ਲਾਉਣ ਕਾਰਨ ਪੂਰੇ ਸਰੀਰ ਦੀਆਂ ਨਸਾਂ ਮਰ ਚੁੱਕੀਆਂ ਹਨ।

ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਖਾ ਲਿਆ ਹੈ। ਪਿੰਡ ਦੇ ਜਿੰਨੇ ਨੌਜਵਾਨ ਨਸ਼ੇ ਦੀ ਇਸ ਦਲਦਲ ਵਿਚ ਫਸ ਚੁੱਕੇ ਹਨ, ਉਹ ਸਾਰੇ ਇਕ-ਦੂਜੇ ਨੂੰ ਇਕ ਹੀ ਸਰਿੰਜ ਨਾਲ ਟੀਕੇ ਲਾਉਣ ਕਾਰਨ ਏਡਜ਼ ਤੋਂ ਪੀੜਤ ਹੋ ਚੁੱਕੇ ਹਨ। ਜਾਣਕਾਰੀ ਅਨੁਸਾਰ ਪਿਛਲੇ ਇਕ ਹਫ਼ਤੇ ਵਿਚ ਪਿੰਡ ਗੰਨਾ ਵਿਚ ਨਸ਼ੇ ਦੀ ਓਵਰਡੋਜ਼ ਨਾਲ 3 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। 6 ਦਿਨ ਪਹਿਲਾਂ ਮਨੀ ਦੀ ਨਸ਼ੇ ਦਾ ਟੀਕਾ ਲਗਾਉਣ ਤੋਂ ਬਾਅਦ ਓਵਰਡੋਜ਼ ਕਾਰਨ ਮੌਤ ਹੋ ਗਈ ਸੀ ਅਤੇ 3 ਦਿਨ ਪਹਿਲਾਂ ਮੀਸਾ ਦੀ ਵੀ ਨਸ਼ੇ ਦੇ ਟੀਕੇ ਦੀ ਓਵਰਡੋਜ਼ ਕਾਰਨ ਕੁਝ ਮਿੰਟਾਂ ਵਿਚ ਹੀ ਮੌਤ ਹੋ ਗਈ ਅਤੇ ਅੱਜ ਮੁੰਨਾ  ਵੀ ਨਸ਼ੇ ਦਾ ਟੀਕਾ ਲਾਉਂਦੇ ਸਮੇਂ ਓਵਰਡੋਜ਼ ਕਾਰਨ ਮਰ ਗਿਆ। ਤਿੰਨੋਂ ਹੀ ਨੌਜਵਾਨਾਂ ਦੀ ਉਮਰ 20 ਤੋਂ 23 ਸਾਲਾਂ ਦੇ ਵਿਚਕਾਰ ਹੀ ਸੀ। ਜਿਸ ਕਾਰਨ ਪਿੰਡ ਵਿਚ ਸੋਗ ਤੇ ਡਰ ਦੀ ਲਹਿਰ ਦੌੜ ਗਈ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚ ਦੋ ਵਿਆਹੇ ਹੋਏ ਸਨ। ਪਿੰਡ ਵਾਸੀ ਆਪਣੇ ਬੱਚਿਆਂ ਸਬੰਧੀ ਚਿੰਤਤ ਹਨ ਕਿ ਉਹ ਆਉਣ ਵਾਲੇ ਭਵਿੱਖ ਨੂੰ ਕਿਵੇਂ ਬਚਾ ਕੇ ਰੱਖਣ। ਇਹ ਵੀ ਪਤਾ ਲੱਗਾ ਹੈ ਕਿ ਤਿੰਨੋਂ ਨੌਜਵਾਨ ਏਡਜ਼ ਤੋਂ ਪੀੜਤ ਹੋ ਚੁੱਕੇ ਸਨ। ਹੁਣ ਚਿੰਤਾ ਦਾ ਵਿਸ਼ਾ ਇਹ ਹੈ ਕਿ ਏਡਜ਼ ਤੋਂ ਪੀੜਤ ਇਹ ਨਸ਼ੇੜੀ ਕਿਤੇ ਇਹ ਰੋਗ ਆਪਣੀਆਂ ਪਤਨੀਆਂ ਵਿਚ ਤਾਂ ਨਹੀਂ ਵੰਡ ਗਏ।

ਗੰਨਾ ਪਿੰਡ, ਜੋ ਪਹਿਲਾਂ ਗ਼ੈਰ-ਕਾਨੂੰਨੀ ਢੰਗ ਨਾਲ ਦੇਸੀ ਜ਼ਹਿਰੀਲੀ ਸ਼ਰਾਬ ਤਿਆਰ ਕਰਨ ਤੇ ਸਮੱਗਲਿੰਗ ਕਰਨ ਲਈ ਪੂਰੇ ਸੂਬੇ ’ਚ ਮਸ਼ਹੂਰ ਸੀ, ਹੁਣ ਇਥੋਂ ਦੇ ਜ਼ਿਆਦਾਤਰ ਸਮੱਗਲਰਾਂ ਨੇ ਚਿੱਟੇ ਦੇ ਕਾਰੋਬਾਰ ’ਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਕੁਝ ਰੁਪਿਆਂ ਖਾਤਿਰ ਆਸ-ਪਾਸ ਦੇ ਪਿੰਡਾਂ ’ਚ ਚਿੱਟਾ ਵੇਚ ਕੇ ਹੁਣ ਜਦੋਂ ਆਪਣੇ ਹੀ ਪਿੰਡ ਦੇ ਬੱਚੇ ਇਸ ਨਸ਼ੇ ਦਾ ਸ਼ਿਕਾਰ ਹੋ ਕੇ ਮਰਨ ਲੱਗੇ ਹਨ ਤਾਂ ਉਨ੍ਹਾਂ ਨੂੰ ਮਰਦਾ ਦੇਖ ਕੇ ਵੀ ਇਹ ਲੋਕ ਸਬਕ ਸਿੱਖਣ ਲਈ ਤਿਆਰ ਨਹੀਂ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।Source link

Leave a Comment