ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ 2 ਮਈ, 2023 ਤੋਂ ਸਾਰੇ ਸਰਕਾਰੀ ਦਫ਼ਤਰ ਸਵੇਰੇ 07:30 ਵਜੇ ਖੁੱਲ੍ਹਣਗੇ ਅਤੇ ਦੁਪਹਿਰ 02:00 ਵਜੇ ਬੰਦ ਹੋਣਗੇ। ਇਹ ਸਮਾਂ ਸਾਰਣੀ 15 ਜੁਲਾਈ, 2023 ਤੱਕ ਲਾਗੂ ਰਹੇਗੀ। ਉਨ੍ਹਾਂ ਦੱਸਿਆ ਕਿ ਇਹ ਬਦਲਿਆ ਨਵਾਂ ਸਮਾਂ ਖੇਤਰੀ ਦਫ਼ਤਰਾਂ, ਸਿਵਲ ਸਕੱਤਰੇਤ ਅਤੇ ਹੋਰ ਮੁੱਖ ਦਫ਼ਤਰਾਂ ਸਮੇਤ ਸਾਰੇ ਦਫ਼ਤਰਾਂ ਵਿੱਚ ਇਕਸਾਰ ਲਾਗੂ ਹੋਵੇਗਾ।
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਦਫਤਰਾਂ ਦਾ ਸਮਾਂ ਬਦਲਣ ਦਾ ਐਲਾਨ ਕੀਤਾ ਸੀ। ਇਹ ਨਵਾਂ ਸਮਾਂ 2 ਮਈ ਤੋਂ ਬਦਲਿਆ ਜਾਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ 2 ਮਈ ਤੋਂ ਸਵੇਰੇ 7.30 ਤੋਂ ਦੁਪਿਹਰ 2 ਵਜੇ ਤੱਕ ਦਫਤਰ ਖੁੱਲ੍ਹਿਆ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰ ਕੇ ਕਿਹਾ ਸੀ ਕਿ ਪੰਜਾਬ ਸਰਕਾਰ ਨਵੀਂ ਸੋਚ ਦੀ ਸਰਕਾਰ ਹੈ।
ਦੱਸ ਦੇਈਏ ਕਿ ਬਿਜਲੀ ਬੋਰਡ ਦਾ ਜਿਆਦਾ ਲੋਡ 2 ਵਜੇ ਤੋਂ 5 ਵਜੇ ਤੱਕ ਪੀਕ ਤੇ ਹੁੰਦਾ ਹੈ ਇਸ ਲਈ ਜੇ ਸਰਕਾਰੀ ਦਫਤਰ 2 ਵਜੇ ਬੰਦ ਹੋ ਜਾਣਗੇ ਤਾਂ ਇਸ ਨਾਲ ਬਿਜਲੀ ਬੋਰਡ ਉੱਤੇ ਵੀ ਜ਼ਿਆਦਾ ਬੋਝ ਨਹੀਂ ਪਵੇਗਾ। ਗਰਮੀਆਂ ਵਿੱਚ ਬਿਜਲੀ ਦੀ ਮੰਗ ਬਹੁਤ ਜਿਆਦਾ ਹੁੰਦੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਦਫ਼ਤਰ ਖੁੱਲ੍ਹਣ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ ,ਜਿਸ ਨਾਲ ਬਿਜਲੀ ਦੀ ਖਪਤ ਵਿੱਚ ਕਾਫ਼ੀ ਕਮੀ ਆਉਣ ਦੀ ਉਮੀਦ ਹੈ।