Weather Report: ਅੱਤ ਦੀ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਮੌਸਮ ਵਿਭਾਗ ਦੇ ਤਾਜ਼ਾ ਅਪਡੇਟ ਮੁਤਾਬਕ ਕੱਲ੍ਹ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਬਾਕੀ ਥਾਵਾਂ ’ਤੇ 23, 24 ਤੇ 25 ਮਈ ਨੂੰ ਗਰਜ-ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਐਤਕੀ ਹੋਈ ਬੇਮੌਸਮੀ ਬਾਰਸ਼ ਤੋਂ ਬਾਅਦ ਹੁਣ ਗਰਮੀ ਆਪਣਾ ਪੂਰਾ ਜੌਹਰ ਦਿਖਾਉਣ ਲੱਗੀ ਹੈ। ਪੰਜਾਬ ਵਿੱਚ ਤਪਸ਼ ਵਧਣ ਕਾਰਨ ਇਸ ਸਾਲ ਮਈ ਮਹੀਨੇ ਵਿੱਚ ਤਾਪਮਾਨ ਦੇ ਰਿਕਾਡਰ ਟੁੱਟ ਰਹੇ ਹਨ। ਪੰਜਾਬ ’ਚ ਗਰਮ ਹਵਾਵਾਂ ਦਾ ਦੌਰ ਚੱਲ ਰਿਹਾ ਹੈ। ਐਤਵਾਰ ਨੂੰ ਬਠਿੰਡਾ ’ਚ ਵੱਧ ਤੋਂ ਵੱਧ ਤਾਪਮਾਨ 44 ਤੇ ਘੱਟੋ-ਘੱਟ 23.2 ਸੈਲਸੀਅਸ ਦਰਜ ਕੀਤਾ ਗਿਆ।
ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਇਹ ਅਨੁਪਾਤ 43 ਤੇ 24, ਫ਼ਿਰੋਜ਼ਪੁਰ 43 ਤੇ 22, ਜਲੰਧਰ 22 ਤੇ 42 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗਰਮੀ ਵਧਣ ਕਾਰਨ ਬਾਜ਼ਾਰਾਂ ਵਿਚ ਰੌਣਕ ਘਟ ਗਈ ਤੇ ਬਿਜਲੀ ਦੀ ਮੰਗ ਵਧਣ ਲੱਗੀ ਹੈ। ਲੋਕ ਗਰਮੀ ਤੋਂ ਬਚਣ ਲਈ ਆਪਣੇ ਸਿਰ-ਮੂੰਹ ਢਕ ਕੇ ਜਾਂਦੇ ਦੇਖੇ ਗਏ।
ਇਸੇ ਤਰ੍ਹਾਂ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਚੰਬਾ ’ਚ ਤਾਪਮਾਨ 35 ਤੇ 16, ਡਲਹੌਜੀ 23 ਤੇ 13, ਕਸੌਲੀ 26 ਤੇ 16, ਸ਼ਿਮਲਾ 25 ਤੇ 18 ਜਦਕਿ ਕੁੱਲੂ ’ਚ 32 ਤੇ 12 ਡਿਗਰੀ ਸੈਲਸੀਅਸ ਰਿਹਾ। ਹਰਿਆਣਾ ਦੇ ਸ਼ਹਿਰ ਅੰਬਾਲਾ ’ਚ ਅਨੁਪਾਤ ਦੀ ਦਰ 41 ਤੇ 25, ਕਰਨਾਲ 40 ਤੇ 22 ਰਹੀ। ਰਾਜਸਥਾਨ ਦੇ ਸ਼ਹਿਰ ਅਜਮੇਰ ’ਚ 40 ਤੇ 28, ਬੀਕਾਨੇਰ 44 ਤੇ 30, ਅਲਵਰ 43 ਤੇ31 ਅਤੇ ਚੁਰੂ ’ਚ ਪਾਰਾ 44 ਤੇ 29 ਡਿਗਰੀ ਸੈਲਸੀਅਸ ਰਿਹਾ।