Wrestlers Protest: ਪੰਜਾਬ ਦੇ ਕਿਸਾਨਾਂ ਦੇ ਮੁੜ ਦਿੱਲੀ ਵੱਲ ਚਾਲੇ, ਪਹਿਲਵਾਨਾਂ ਦੀ ਹਮਾਇਤ ‘ਚ ਕੀਤਾ ਵੱਡੇ ਐਲਾਨ


ਪਹਿਲਵਾਨਾਂ ਦਾ ਵਿਰੋਧ: ਦਿੱਲੀ ਦੇ ਜੰਤਰ-ਮੰਤਰ ’ਤੇ ਪਹਿਲਵਾਨਾਂ ਦੇ ਧਰਨੇ ਨੂੰ ਦੇਸ਼ ਵਿੱਚੋਂ ਵੱਡਾ ਹੁੰਗਾਰਾ ਮਿਲਣ ਲੱਗਾ ਹੈ। ਸਿਆਸੀ ਪਾਰਟੀਆਂ ਤੋਂ ਬਾਅਦ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਵੀ ਪਹਿਲਵਾਨਾਂ ਦੀ ਹਮਾਇਤ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਨੇ ਕਿਹਾ ਕਿ ਜਥੇਬੰਦੀ ਨੇ ਫ਼ੈਸਲਾ ਕੀਤਾ ਹੈ ਕਿ ਮੋਦੀ ਸਰਕਾਰ ਦੇ ਜਬਰ ਵਿਰੁੱਧ 7 ਮਈ ਨੂੰ ਸੈਂਕੜੇ ਔਰਤਾਂ ਦਾ ਜੱਥਾ ਹਰਿੰਦਰ ਕੌਰ ਬਿੰਦੂ, ਕੁਲਦੀਪ ਕੌਰ ਕੁੱਸਾ ਤੇ ਕਮਲਦੀਪ ਕੌਰ ਬਰਨਾਲਾ ਆਗੂਆਂ ਦੀ ਅਗਵਾਈ ਹੇਠ ਦਿੱਲੀ ਸਥਿਤ ਜੰਤਰ ਮੰਤਰ ਜਾਵੇਗਾ।

ਇਸ ਦੇ ਨਾਲ ਹੀ ਪੰਜਾਬ, ਹਰਿਆਣਾ ਤੇ ਉੱਤਰਾਖੰਡ ਵਿੱਚ 11, 12 ਤੇ 13 ਮਈ ਔਰਤਾਂ ਵੱਲੋਂ ਰੋਸ ਮੁਜ਼ਾਹਰੇ ਕਰਕੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾਵੇਗੀ। ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਭਾਜਪਾ ਸਰਕਾਰ ਸ਼ੁਰੂ ਤੋਂ ਹੀ ਪੀੜਤਾਂ ਨੂੰ ਇਨਸਾਫ ਦੇਣ ਦੀ ਥਾਂ ਮੁਲਜ਼ਮ ਦੇ ਹੱਕ ਵਿੱਚ ਭੁਗਤ ਰਹੀ ਹੈ ਤੇ ਉਸ ਉਪਰ ਐਫਆਈਆਰ ਵੀ ਖਿਡਾਰੀਆਂ ਦੇ ਸੰਘਰਸ਼ ਤੇ ਸੁਪਰੀਮ ਕੋਰਟ ਦੇ ਦਖ਼ਲ ਤੋਂ ਬਾਅਦ ਹੀ ਦਰਜ ਕੀਤੀ ਗਈ ਪਰ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋਈ।

ਉਧਰ, ਪੰਜਾਬ ਦੀਆਂ ਕਿਸਾਨ ਤੇ ਮਜ਼ਦੂਰ ਯੂਨੀਅਨਾਂ ਨੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਮਹਿਲਾ ਪਹਿਲਵਾਨਾਂ ਵੱਲੋਂ ਇਨਸਾਫ਼ ਲੈਣ ਲਈ ਜੰਤਰ-ਮੰਤਰ ’ਤੇ ਦਿੱਤੇ ਜਾ ਰਹੇ ਧਰਨੇ ਉਪਰ ਦੇਰ ਰਾਤ ਪੁਲਿਸ ਕਾਰਵਾਈ ਦੀ ਨਿਖੇਧੀ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀ ਕਲਾਂ, ਜ਼ੋਰਾ ਸਿੰਘ ਨਸਰਾਲੀ ਤੇ ਲਛਮਣ ਸਿੰਘ ਸੇਵੇਵਾਲਾ ਨੇ ਬਿਆਨ ਰਾਹੀਂ ਕਿਹਾ ਕਿ ਮਹਿਲਾ ਪਹਿਲਵਾਨ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਦਾ ਇਨਸਾਫ਼ ਲੈਣ ਲਈ ਜੰਤਰ-ਮੰਤਰ ’ਤੇ ਸੰਘਰਸ਼ ਕਰ ਰਹੀਆਂ ਹਨ ਪਰ ਭਾਜਪਾ ਸਰਕਾਰ ਮੁਲਜ਼ਮ ਉਪਰ ਬਣਦੀ ਕਾਰਵਾਈ ਕਰਨ ਦੀ ਥਾਂ ਸੰਘਰਸ਼ ਕਰ ਰਹੇ ਖਿਡਾਰੀਆਂ ਨੂੰ ਡਰਾਉਣ ਧਮਕਾਉਣ ਤੇ ਜਬਰ ਢਾਹੁਣ ਦੇ ਰਾਹ ਪੈ ਗਈ ਹੈ।

ਪਹਿਲਵਾਨਾਂ ਵੱਲੋਂ ਤਮਗੇ ਵਾਪਸ ਕਰਨ ਦਾ ਐਲਾਨ

ਉਧਰ, ਦਿੱਲੀ ਪੁਲਿਸ ਦੇ ਦੁਰਵਿਵਹਾਰ ਤੋਂ ਦੁਖੀ ਪਹਿਲਵਾਨਾਂ ਨੇ ਤਮਗੇ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਹੈ। ਪਹਿਲਵਾਨ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਨੇ ਸਰਕਾਰ ਨੂੰ ਆਪਣੇ ਤਮਗੇ ਤੇ ਪੁਰਸਕਾਰ ਵਾਪਸ ਕਰਨ ਦੀ ਪੇਸ਼ਕਸ਼ ਕਰਦੇ ਹੋਏ ਕਿਹਾ ਕਿ ਜੇ ਉਨ੍ਹਾਂ ਨੂੰ ਜਿਸ ਤਰ੍ਹਾਂ ਬੇਇਜ਼ੱਤ ਕੀਤਾ ਜਾ ਰਿਹਾ ਹੈ, ਉਸ ਨਾਲ ਇਨ੍ਹਾਂ ਪੁਰਸਕਾਰਾਂ ਤੇ ਤਮਗਿਆਂ ਦੀ ਕੋਈ ਤੁੱਕ ਨਹੀਂ ਰਹਿ ਜਾਂਦੀ।

ਓਲੰਪਿਕ ਕਾਂਸੀ ਤਮਗਾ ਜੇਤੂ ਬਜਰੰਗ ਨੇ ਪੱਤਰਕਾਰਾਂ ਨੂੰ ਕਿਹਾ, ‘ਜੇ ਪਹਿਲਵਾਨਾਂ ਨਾਲ ਅਜਿਹਾ ਵਿਵਹਾਰ ਕੀਤਾ ਜਾਂਦਾ ਹੈ ਤਾਂ ਅਸੀਂ ਇਨ੍ਹਾਂ ਮੈਡਲਾਂ ਦਾ ਕੀ ਕਰਾਂਗੇ। ਇਸ ਦੀ ਬਜਾਏ ਅਸੀਂ ਭਾਰਤ ਸਰਕਾਰ ਨੂੰ ਆਪਣੇ ਸਾਰੇ ਮੈਡਲ ਅਤੇ ਪੁਰਸਕਾਰ ਵਾਪਸ ਕਰ ਦੇਵਾਂਗੇ ਅਤੇ ਆਮ ਜ਼ਿੰਦਗੀ ਜੀਵਾਂਗੇ। ਅਸੀਂ ਪਦਮਸ੍ਰੀ ਪੁਰਸਕਾਰ ਜੇਤੂ ਹਾਂ ਤੇ ਸਿਰਫ ਮੈਂ ਹੀ ਨਹੀਂ, ਸਾਕਸ਼ੀ (ਮਲਿਕ) ਵੀ ਇੱਥੇ ਹੈ। ਉਹ ਸਾਡੇ ਨਾਲ ਦੁਰਵਿਵਹਾਰ ਕਰ ਰਹੇ ਹਨ। ਔਰਤਾਂ ਤੇ ਧੀਆਂ ਸੜਕਾਂ ‘ਤੇ ਬੈਠੀਆਂ ਰਹਿਮ ਦੀ ਭੀਖ ਮੰਗ ਰਹੀਆਂ ਹਨ ਪਰ ਕੋਈ ਪ੍ਰਵਾਹ ਨਹੀਂ ਕਰ ਰਿਹਾ।’Source link

Leave a Comment