ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਜਿਲ੍ਹਾ ਬਠਿੰਡਾ ਦੇ ਵਿਦਿਆਰਥੀਆਂ ਵੱਲੋ ਝੰਡੇ ਗੱਡਣ ਦਾ ਸਿਲਸਲਾ ਲਗਾਤਾਰ ਜਾਰੀ ਹੈ। ਬਠਿੰਡਾ ਸ਼ਹਿਰ ਦੀ 8 ਸਾਲਾਂ ਵਿਦਿਆਰਥਣ ਇਬਾਦਤ ਕੌਰ ਵੱਲੋ ਇੱਕ ਨਵਾਂ ਇੰਡੀਆ ਬੁੱਕ ਰਿਕਾਰਡ ਬਣਾ ਕੇ ਸ਼ਹਿਰ ਦੇ ਨਾਮ ਨੂੰ ਫਿਰ ਤੋ ਚਾਰ ਚੰਦ ਲਗਾ ਦਿੱਤੇ ਹਨ। ਬਠਿੰਡਾ ਦੀ ਐਸਐਸਪੀ ਸ੍ਰੀਮਤੀ ਅਮਨੀਤ ਕੌਡਲ ਵੱਲੋ ਇਬਾਦਤ ਕੌਰ ਨੂੰ ਇਸ ਪ੍ਰਾਪਤੀ ਤੇ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਹੈ।
ਸਾਰਪ ਬ੍ਰੇਨਸ ਸੰਸਥਾ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਸੇਟ ਜੇਵੀਅਰ ਸਕੂਲ ਬਠਿੰਡਾ ਦੀ ਤੀਜੀ ਜਮਾਤ ਦੀ ਵਿਦਿਆਰਥਣ ਇਬਾਦਤ ਕੌਰ ਸਿੱਧੂ ਸਪੁੱਤਰੀ ਅਰਸ਼ਪ੍ਰੀਤ ਸਿੱਧੂ ਨੇ ਅੰਗਰੇਜ਼ੀ ਦੇ ਈਬੀਐਮ, ਈਐਫਏ, ਆਰਓਐਸ, ਏਸੀਡੀ, ਸੀਡੀਐਮਏ ਆਦਿ 100 ਸ਼ਬਦਾਂ ਨੂੰ ਸੰਖੇਪ ਰੂਪ ਅਤੇ ਪੂਰਣ ਰੂਪ ਵਿੱਚ ਅੱਖਾਂ ਤੇ ਪੱਟੀ ਬੰਨ ਕੇ ਮੂੰਹ ਜੁਬਾਨੀ 1 ਮਿੰਟ 56 ਸੈਕੰਡ ਵਿੱਚ ਸੁਣਾ ਕੇ ਇਹ ਨਵਾਂ ਰਿਕਾਰਡ ਬਣਾਇਆ ਹੈ। ਉਸ ਨੇ ਇਸ ਦੀ ਤਿਆਰੀ ਅਬੈਕਸ ਵਿਧੀ ਦੇ ਨਾਲ ਆਪਣੀ ਸਪੀਡ ਅਤੇ ਫੋਕਸ ਨੂੰ ਵਧਾ ਕੇ ਕੀਤੀ ਹੈ, ਜਿਸ ਦੇ ਲਈ ਕਰੀਬ ਉਸ ਨੂੰ 5 ਮਹੀਨੇ ਦਾ ਸਮਾਂ ਲੱਗਿਆ ਹੈ। ਇੰਡੀਆ ਬੁੱਕ ਆਫ ਰਿਕਾਰਡ ਨੇ ਇਸ ਰਿਕਾਰਡ ਦੀ ਪੁਸ਼ਟੀ ਕਰਦਿਆਂ ਉਸਨੂੰ ਸਰਟੀਫਿਕੇਟ ਅਤੇ ਮੈਡਲ ਨਾਲ ਨਿਵਾਜਿਆ ਹੈ।
ਬਠਿੰਡਾ ਦੇ ਐਸਐਸਪੀ ਸ੍ਰੀਮਤੀ ਅਮਨੀਤ ਕੌਡਲ ਨੇ ਅੱਜ ਆਪਣੇ ਦਫਤਰ ਵਿੱਚ ਇਬਾਦਤ ਕੌਰ ਸਿੱਧੂ ਨੂੰ ਰਿਕਾਰਡ ਬਨਾਉਣ ਤੇ ਸਨਮਾਨਿਤ ਕੀਤਾ। ਇਸ ਮੌਕੇ ਉਹ ਉਸ ਦੀ ਦਿਮਾਗ ਸ਼ਕਤੀ ਅਤੇ ਯਾਦਦਾਸ਼ਤ ਦੇਖ ਕੇ ਹੈਰਾਨ ਹੋ ਗਏ। ਉਨ੍ਹਾਂ ਕਿਹਾ ਕਿ ਛੋਟੀ ਉਮਰ ਵਿੱਚ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਕਰਨ ਨਾਲ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ਼ ਵੱਧਦਾ ਹੈ ਅਤੇ ਇਹ ਰਿਕਾਰਡ ਸਮੁੱਚੇ ਜਿਲ੍ਹੇ ਅਤੇ ਪੰਜਾਬ ਦੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਸ਼ਾਰਪ ਬ੍ਰੇਨਸ ਸੰਸਥਾ ਵੱਲੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸੇ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਭਰਪੂਰ ਪ੍ਰਸ਼ੰਸ਼ਾ ਕੀਤੀ। ਇਸ ਮੌਕੇ ਇਬਾਦਤ ਕੌਰ ਦੀ ਮਾਤਾ ਅਰਸ਼ਪ੍ਰੀਤ ਸਿੱਧੂ ਦੇ ਨਾਲ ਸ਼ਾਰਪ ਬ੍ਰੇਨਸ ਬਠਿੰਡਾ ਸੈਟਰ ਇੰਚਾਰਜ ਮੈਡਮ ਨੀਲਮ ਗਰਗ ਅਤੇ ਡਾ: ਅਸਮਾਨ ਪ੍ਰੀਤ ਸਿੰਘ ਸਿੱਧੂ ਖੇਤੀਬਾੜੀ ਅਫਸਰ ਬਠਿੰਡਾ ਵੀ ਹਾਜ਼ਰ ਸਨ। ਸੇਟ ਜੇਵੀਅਰ ਸਕੂਲ ਬਠਿੰਡਾ ਦੇ ਪ੍ਰਿੰਸੀਪਲ ਫਾਦਰ ਸਿਡਲੋਏ ਫਰਾਟਡੋ ਨੇ ਵੀ ਇਬਾਦਤ ਕੌਰ ਦੇ ਇਸ ਰਿਕਾਰਡ ਤੇ ਖੁਸ਼ੀ ਜਾਹਿਰ ਕਰਦਿਆਂ ਉਸਨੂੰ ਵਧਾਈ ਦਿੱਤੀ ਹੈ।