ਭਾਰਤ ਬਜ਼ੁਰਗਾਂ ਦੀ ਸਿਆਣਪ ਤੇ ਨੌਜਵਾਨਾਂ ਦੀ ਤਾਕਤ ਨਾਲ ਹੀ ਬਣੇਗਾ ਵਿਸ਼ਵ ਸ਼ਕਤੀ: ਅਨੀਰੁੱਧ ਤਿਵਾੜੀ

ਪਟਿਆਲਾ, 21 ਸਤੰਬਰ:

ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ, (ਮਗਸੀਪਾ) ਚੰਡੀਗੜ੍ਹ ਦੇ ਡਾਇਰੈਕਟਰ ਜਨਰਲ ਤੇ ਸਪੈਸ਼ਲ ਮੁੱਖ ਸਕੱਤਰ ਅਨੀਰੁੱਧ ਤਿਵਾੜੀ ਨੇ ਕਿਹਾ ਹੈ ਕਿ ਸਾਡਾ ਦੇਸ਼ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਤਰੱਕੀ ਕਰਨ ਵਾਲੀ ਅਰਥਵਿਵਸਥਾ ਹੈ। ਉਨ੍ਹਾਂ ਇੱਥੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ (ਆਰ.ਜੀ.ਐਨ.ਯੂ.ਐਲ) ਵੱਲੋਂ ਕਰਵਾਏ ਦੋ ਦਿਨਾਂ ਰਾਸ਼ਟਰੀ ਸੰਮੇਲਨ “ਸੀਜ਼ਨਜ਼ ਆਫ਼ ਲਾਈਫ਼” ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਕਿਹਾ ਕਿ ਜੇ ਅਸੀਂ ਬਜ਼ੁਰਗਾਂ ਦਾ ਤਜ਼ਰਬੇ ਤੇ ਸਿਆਣਪ ਅਤੇ ਨੌਜਵਾਨਾਂ ਦੀ ਤਾਕਤ ਨਾਲ ਜੋੜੀਏ, ਤਾਂ ਭਾਰਤ ਵਿਸ਼ਵ ਸ਼ਕਤੀ ਬਣੇਗਾ।

ਕੇਂਦਰੀ ਸਮਾਜਿਕ ਨਿਆਂ ਮੰਤਰਾਲੇ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਸੋਸ਼ਲ ਡਿਫੈਂਸ ਦੇ ਸਾਂਝੇ ਯਤਨਾਂ ਨਾਲ ਕਰਵਾਏ ਇਸ ਸੰਮੇਲਨ ਦੌਰਾਨ ਅਨੀਰੁੱਧ ਤਿਵਾੜੀ ਨੇ ਕਿਹਾ ਕਿ ਉਮਰ ਕਿਸੇ ਵੀ ਕੰਮ ਵਿੱਚ ਰੁਕਾਵਟ ਨਹੀਂ। ਉਨ੍ਹਾਂ ਕਿਹਾ ਕਿ ਨੋਬਲ ਇਨਾਮ ਜੇਤੂਆਂ ਦੀ ਉਮਰ ਵੀ ਵਧ ਰਹੀ ਹੈ, ਖ਼ੁਸ਼ ਰਹਿਣ ਦਾ ਰਾਜ ਸਿਆਣਪ ਅਤੇ ਤਾਕਤ ਦਾ ਸੰਤੁਲਨ ਹੈ। ਉਨ੍ਹਾਂ ਗੀਤਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਬਜ਼ੁਰਗਾਂ ਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਨੌਜਵਾਨ ਪੀੜ੍ਹੀ ਦੇ ਰਾਹ ਦਸੇਰੇ ਬਣ ਸਕਣ।

ਸਪੈਸ਼ਲ ਚੀਫ ਸੈਕਟਰੀ ਸ੍ਰੀ ਤਿਵਾੜੀ ਨੇ ਦੱਸਿਆ ਕਿ ਭਾਰਤ ਸਭ ਤੋਂ ਪੁਰਾਣੀਆਂ ਸਭਿਆਚਾਰਾਂ ਵਿੱਚੋਂ ਇੱਕ ਹੈ ਤੇ ਨਾਲ ਹੀ ਨੌਜਵਾਨ ਦੇਸ਼ ਵੀ ਹੈ। ਸਾਡੇ ਦੇਸ਼ ਦੀ 64 ਫੀਸਦੀ ਅਬਾਦੀ 15 ਤੋਂ 35 ਸਾਲ ਦੀ ਹੈ ਜਦਕਿ 6 ਫੀਸਦੀ ਬਜ਼ੁਰਗ ਹਨ, ਜੇਕਰ ਦੋਵਾਂ ਪੀੜ੍ਹੀਆਂ ਨੂੰ ਇਕੱਠਾ ਕੀਤਾ ਜਾਵੇ, ਤਾਂ ਭਾਰਤ ਜਲਦੀ ਹੀ ਵਿਕਸਿਤ ਦੇਸ਼ ਬਣੇਗਾ।
ਰੂਸੀ ਸਮਾਜਿਕ ਅਤੇ ਮੂਲ ਭੌਤਿਕ ਵਿਗਿਆਨ ਅਕੈਡਮੀ, ਮਾਸਕੋ ਦੇ ਪ੍ਰੋਫੈਸਰ ਸੰਜੇ ਤਿਵਾੜੀ ਨੇ ਖੇਡਾਂ ਨੂੰ ਬਜ਼ੁਰਗਾਂ ਦੀ ਖ਼ੁਸ਼ੀ ਵਧਾਉਣ ਦਾ ਸਾਧਨ ਦੱਸਿਆ ਅਤੇ ਕਿਹਾ ਕਿ ਸਮਾਜ ਨੂੰ ਪੀੜ੍ਹੀਆਂ ਵਿਚਾਲੇ ਫ਼ਰਕ ਘਟਾਉਣਾ ਚਾਹੀਦਾ ਹੈ। ਸਮਾਜਿਕ ਨਿਆਂ ਮੰਤਰਾਲੇ ਅਤੇ ਹੋਰ ਸੰਸਥਾਵਾਂ ਦੇ ਅਧਿਕਾਰੀਆਂ ਨੇ ਵੀ ਆਪਣੇ ਸੰਦੇਸ਼ ਭੇਜੇ ਅਤੇ ਬਜ਼ੁਰਗਾਂ ਲਈ ਸਰਕਾਰ ਵੱਲੋਂ ਚੱਲ ਰਹੀਆਂ ਯੋਜਨਾਵਾਂ ਬਾਰੇ ਦੱਸਿਆ।
ਆਰ.ਜੀ.ਐਨ.ਯੂ.ਐਲ ਵੱਲੋਂ ਬਜ਼ੁਰਗਾਂ ਨੂੰ ਸੰਮੇਲਨ ਦੌਰਾਨ ਸਨਮਾਨਿਤ ਕੀਤਾ ਗਿਆ।

ਸੈਮੀਨਾਰ ਦੀ ਅਗਵਾਈ ਰਾਜੀਵ ਗਾਂਧੀ ਰਾਸ਼ਟਰੀ ਕਾਨੂੰਨ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫੈਸਰ (ਡਾਕਟਰ) ਜੈ ਸ਼ੰਕਰ ਸਿੰਘ ਨੇ ਕੀਤੀ।ਸੈਮੀਨਾਰ ਦੀ ਆਯੋਜਕ ਅਤੇ ਸੰਯੋਜਕ ਡਾ. ਜਸਲੀਨ ਕੇਵਲਾਨੀ ਨੇ ਕਿਹਾ ਨੇ ਕਿਹਾ ਕਿ ਸਿਰਫ਼ ਬਜ਼ੁਰਗ ਹੋ ਜਾਣਾ ਉਪਲਬਧੀ ਨਹੀਂ, ਅਸਲ ਗੱਲ ਇਹ ਹੈ ਕਿ ਆਪਣੇ ਅਨੁਭਵ ਨਾਲ ਨੌਜਵਾਨ ਪੀੜ੍ਹੀ ਨੂੰ ਕਿਵੇਂ ਰਾਹ ਦਿਖਾਇਆ ਜਾਵੇ। ਸੰਮੇਲਨ ਵਿੱਚ ਸਰਕਾਰੀ ਮੈਡੀਕਲ ਕਾਲਜ ਦੇ ਛਾਤੀ ਰੋਗਾਂ ਦੇ ਮਾਹਿਰ ਡਾ. ਵਿਸ਼ਾਲ ਚੋਪੜਾ ਤੇ ਲਾਅ ਟੀਚਰਜ਼ ਇੰਡੀਆ ਡਾ. ਕਲਪੇਸ਼ ਗੁਪਤਾ ਨੇ ਵੀ ਆਪਣੇ ਵਿਚਾਰ ਰੱਖੇ।

ਡਾ. ਤਨਿਆ ਸੇਂਗੁਪਤਾ ਅਤੇ ਅਨੁਮੋਲ ਮੈਥਿਊ (ਰਾਸ਼ਟਰੀ ਸਮਾਜਿਕ ਸੁਰੱਖਿਆ ਸੰਸਥਾ), ਅਤੇ ਮਨਮੋਹਨ ਵਰਮਾ, ਕਾਨੂੰਨ ਅਧਿਕਾਰੀ- ਰਾਸ਼ਟਰੀ ਮਹਿਲਾ ਆਯੋਗ, ਰਜਿਸਟਰਾਰ ਡਾ. ਇਵਨੀਤ ਵਾਲੀਆ ਨੇ ਵੀ ਸੰਬੋਧਨ ਕੀਤਾ। ਵਿਦਿਆਰਥੀ ਕਨਵੀਨਰਾਂ ਦਕਸ਼ ਖੰਨਾ ਅਤੇ ਸੀਆ ਪੰਡਿਤਾ ਨੇ ਨੇ ਦੱਸਿਆ ਕਿ ਇਸ ਸੰਮੇਲਨ ਵਿੱਚ 177 ਰਿਸਰਚ ਪੇਪਰ ਭਾਰਤ ਨਾਲ ਨਾਲ ਸ੍ਰੀਲੰਕਾ, ਬੰਗਲਾਦੇਸ਼, ਮਾਲਦੀਵ ਅਤੇ ਇੰਡੋਨੇਸ਼ੀਆ ਦੇ ਲੇਖਕਾਂ ਵੱਲੋਂ ਵੀ ਪੇਸ਼ ਕੀਤੇ ਗਏ।

Leave a Reply

Your email address will not be published. Required fields are marked *