ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਸ਼ੰਭੂ ਬਾਰਡਰ (Shambhu Border) ‘ਤੇ ਬੈਠੇ ਕਿਸਾਨਾਂ ਨੂੰ ਲੈ ਕੇ ਇੱਕ ਵਾਰ ਫ਼ਿਰ ਵਿਵਾਦਿਤ ਟਿੱਪਣੀ ਕੀਤੀ ਹੈ। ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ “ਸ਼ੰਭੂ ਬਾਰਡਰ ਦਾ ਬੰਦ ਹੋਣਾ ਇੱਕ ਵੱਡੀ ਸਮੱਸਿਆ ਹੈ, ਆਮ ਲੋਕਾਂ ਖਾਸ ਕਰਕੇ ਕਾਰੋਬਾਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਨੋਹਰ ਲਾਲ ਖੱਟਰ (Manohar Lal Khattar) ਨੇ ਕਿਹਾ ਕਿ ਸ਼ੰਭੂ ਬਾਰਡਰ ਖੋਲ੍ਹਣ ਲਈ ਅਸੀਂ ਵੀ ਤਿਆਰ ਹਾਂ। ਅਸੀਂ ਉਸਦੀ ਯੋਜਨਾ ਵੀ ਬਣਾ ਲਈ ਸੀ ਪਰ ਮਾਮਲਾ ਅਦਾਲਤ ਵਿੱਚ ਚਲਾ ਗਿਆ। ਕੁੱਝ ਲੋਕ ਸ਼ੰਭੂ ਬਾਰਡਰ ਖੋਲ੍ਹਣ ਦੇ ਹੱਕ ‘ਚ ਸੀ ਅਤੇ ਕੁੱਝ ਲੋਕ ਬੰਦ ਕਰਨ ਦੇ ਹੱਕ ‘ਚ ਸੀ। ਹਾਈਕੋਰਟ ਨੇ ਸ਼ੰਭੂ ਬਾਰਡਰ (Shambhu Border) ਖੋਲ੍ਹਣ ਲਈ ਹਾਂ ਕਰ ਦਿੱਤੀ ਸੀ ਪਰ ਕੁੱਝ ਲੋਕ ਸੁਪਰੀਮ ਕੋਰਟ ਚਲੇ ਗਏ, ਸੁਪਰੀਮ ਕੋਰਟ ਨੇ ਹਾਈਕੋਰਟ ਦੇ ਹੁਕਮ ਨੂੰ ਬਦਲ ਦਿੱਤਾ।
ਸੁਪਰੀਮ ਕੋਰਟ (Supreme Court) ਸੁਨਿਚਿਤ ਕਰ ਰਹੀ ਹੈ ਕਿ ਰਸਤਾ ਖੋਲ੍ਹਣ ‘ਚ ਤਾਂ ਕੋਈ ਅਪੱਤੀ ਤਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਵੀ ਹਰਿਆਣਾ ਦੇ ਦੋਵੇਂ ਬਾਰਡਰਾਂ ‘ਤੇ ਕਿਸਾਨ ਬੈਠੇ ਸੀ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋਈ। ਸਾਡੀ ਕਿਸਾਨਾਂ ਨਾਲ ਗੱਲਬਾਤ ਹੋਈ, ਹਰਿਆਣਾ ‘ਚ ਇਸ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਹੈ। ਪੰਜਾਬ ਦੇ ਕਿਸਾਨਾਂ ‘ਚ ਇੱਕ ਉਤਾਵਲਾਪਨ ਹੈ, ਨਹੀਂ ਤਾਂ ਇਹ ਰਸਤਾ ਕਦੇ ਬੰਦ ਨਾ ਕੀਤਾ ਹੁੰਦਾ।
ਮਨੋਹਰ ਲਾਲ ਖੱਟਰ (Manohar Lal Khattar) ਨੇ ਕਿਹਾ ਸੀ ਕਿ ਜੋ ਲੋਕ ਸ਼ੰਭੂ ਬਾਰਡਰ ‘ਤੇ ਬੈਠੇ ਹੋਏ ਹਨ, ਉਹ ਕਿਸਾਨ ਨਹੀਂ ਹਨ ਸਗੋਂ ਕਿਸਾਨਾਂ ਦਾ ਮੁਖੌਟਾ ਪਹਿਨੇ ਉਹ ਕੁੱਝ ਲੋਕ ਹਨ, ਜੋ ਸਿਸਟਮ ਨੂੰ ਖ਼ਰਾਬ ਕਰਨਾ ਚਾਹੁੰਦੇ ਹਨ।
ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਡਿਟੇਲ ‘ਚ ਜਾਣ ਦੀ ਲੋੜ ਨਹੀਂ ਹੈ, ਤੁਸੀਂ ਵੀ ਜਾਣਦੇ ਹੋ ਕਿ ਉਹ ਕੌਣ ਹਨ ? ਅੱਜ ਹਰਿਆਣਾ ਦੇ ਲੋਕ ਇਸ ਗੱਲੋਂ ਖੁਸ਼ ਹਨ ਕਿ ਉਨ੍ਹਾਂ ਨੇ ਅਜਿਹੇ ਲੋਕਾਂ ਨੂੰ ਸੂਬੇ ਵਿਚ ਪੈਰ ਨਹੀਂ ਰੱਖਣ ਦਿੱਤਾ।