ਪੰਜਾਬ ਪੁਲਿਸ ਦੀ ਐਸਟੀਐਫ ਨੇ ਕੱਲ ਭਾਜਪਾ ਆਗੂ ਅਤੇ ਕਾਂਗਰਸ ਦੀ ਸਾਬਕਾ ਐਮਐਲਏ ਸਤਕਾਰ ਕੌਰ ਗਹਿਰੀ ਨੂੰ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ 100 ਗ੍ਰਾਮ ਹੈਰੋਇਨ ਸਮੇਤ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ।
ਗਹਿਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੇਲੇ ਫਿਰੋਜ਼ਪੁਰ ਦਿਹਾਤੀ ਤੋਂ ਕਾਂਗਰਸੀ ਵਿਧਾਇਕ ਸਨ। ਬਾਅਦ ਵਿੱਚ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਭਾਜਪਾ ਵਿੱਚ ਸ਼ਾਮਲ ਹੋ ਗਈ।
ਆਈਜੀ ਹੈੱਡਕੁਆਟਰ ਸੁਖਚੈਨ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤਕੌਰ ਕੌਰ ਬਾਰੇ ਕਿਸੇ ਸੂਤਰ ਨੇ ਪੁਲੀਸ ਨੂੰ ਸੂਚਿਤ ਕੀਤਾ ਸੀ ਪਰ ਸੂਚਨਾ ਦੇ ਸਮੇਂ ਪੁਲੀਸ ਨੂੰ ਮੁਲਜ਼ਮ ਔਰਤ ਦੀ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜਦੋਂ ਉਸ ਨੂੰ ਐਸਟੀਐਫ ਦੀ ਟੀਮ ਵੱਲੋਂ ਰੰਗੇ ਹੱਥੀਂ ਫੜਿਆ ਗਿਆ ਤਾਂ ਉਹ ਨਸ਼ਾ ਵੇਚਣ ਲਈ ਨਿੱਜੀ ਤੌਰ ‘ਤੇ ਆਈ ਸੀ। ਉਸ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਕਾਬੂ ਕਰ ਲਿਆ।
ਗਿੱਲ ਨੇ ਦੱਸਿਆ ਕਿ ਸਤਕਾਰ ਕੌਰ ਤੋਂ ਚਾਰ ਵਾਹਨ ਜ਼ਬਤ ਕੀਤੇ ਗਏ ਹਨ ਅਤੇ ਸੰਨੀ ਇਨਕਲੇਵ ਖਰੜ ਸਥਿਤ ਸਤਕਾਰ ਕੌਰ ਦੇ ਘਰ ਦੀ ਤਲਾਸ਼ੀ ਦੌਰਾਨ 1.50 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਘਰੋਂ ਜਾਅਲੀ ਵਾਹਨ ਨੰਬਰ ਪਲੇਟਾਂ ਵੀ ਬਰਾਮਦ ਕੀਤੀਆਂ ਹਨ।
ਇਸ ਤੋਂ ਪਹਿਲਾਂ ਉਸ ‘ਤੇ ਗੈਰ-ਕਾਨੂੰਨੀ ਮਾਈਨਿੰਗ ਅਤੇ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਇਕੱਠੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ।