ਡਿਪਟੀ ਕਮਿਸ਼ਨਰ ਨੇ ਪਿੰਡ ਠੀਕਰੀਵਾਲ, ਪੱਤੀ ਸੇਖਵਾਂ ਅਤੇ ਫਰਵਾਹੀ ਦੀਆਂ ਪੰਚਾਇਤਾਂ, ਪਰਾਲੀ ਪ੍ਰਬੰਧਨ ਸਬੰਧੀ ਤਾਇਨਾਤ ਅਫ਼ਸਰਾਂ ਨਾਲ ਬੈਠਕ

ਬਰਨਾਲਾ, 30 ਸਤੰਬਰ: ਵਾਤਾਵਰਨ ਸੰਭਾਲ ਲਈ ਚਲਾਈ ਜਾ ਰਹੀ ਪਰਾਲੀ ਪ੍ਰਬੰਧਨ ਮੁਹਿੱਮ 2025 ਚ ਜ਼ਿਲ੍ਹਾ ਬਰਨਾਲਾ ਦਾ ਹਰ ਇੱਕ ਕਿਸਾਨ ਝੋਨੇ ਦੇ ਪਰਾਲ ਨੂੰ ਬਿਨਾਂ ਅੱਗ ਲਗਾਏ ਖੇਤਾਂ ਵਿੱਚ ਹੀ ਉਸਦਾ ਪ੍ਰਬੰਧਨ ਕਰੇ। ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਇਸ ਗੱਲ ਦਾ ਪ੍ਰਗਟਾਵਾ ਅੱਜ ਇਥੇ ਪਿੰਡ ਠੀਕਰੀਵਾਲ, ਪੱਤੀ ਸੇਖਵਾਂ ਅਤੇ ਫਰਵਾਹੀ ਪਿੰਡਾਂ ਦੀਆਂ ਪੰਚਾਇਤਾਂ ਨਾਲ ਪਰਾਲੀ ਸਬੰਧੀ ਵਿਚਾਰ ਵਟਾਂਦਰਾ ਕਰਦਿਆਂ ਕੀਤਾ।ਇਸ ਮੌਕੇ ਇਨ੍ਹਾਂ ਪਿੰਡਾਂ ਦੇ ਪਰਾਲੀ ਪ੍ਰਬੰਧਨ ਸਬੰਧੀ ਅਫਸਰ ਅਤੇ ਪਿੰਡਾਂ ਦੇ ਮੋਹਤਵਰ ਲੋਕ ਵੀ ਹਾਜ਼ਰ ਸਨ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਦੀ ਲੋੜ ਮੁਤਾਬਕ ਸਰਕਾਰ ਵੱਲੋਂ ਵੱਡੀ ਗਿਣਤੀ ਵਿੱਚ ਪਰਾਲੀ ਪ੍ਰਬੰਧਨ ਸਬੰਧੀ ਖੇਤੀ ਸੰਦ ਵੰਡੇ ਗਏ ਹਨ ਜਿਨ੍ਹਾਂ ਦੀਆਂ ਲਿਸਟਾਂ ਸਬੰਧਿਤ ਪਿੰਡਾਂ ਦੇ ਪੰਚਾਇਤ ਸਕੱਤਰ, ਸਹਿਕਾਰਤਾ ਵਿਭਾਗ ਅਤੇ ਖੇਤੀਬਾੜੀ ਵਿਭਾਗ ਦੇ ਅਫਸਰਾਂ ਅਤੇ ਕਰਮਚਾਰੀਆਂ ਕੋਲ ਉਪਲੱਬਧ ਹੈ। ਕਿਸਾਨ ਵੀਰ ਇਨ੍ਹਾਂ ਚੋਂ ਕਿਸੇ ਨੂੰ ਵੀ ਆਪਣੀ ਲੋੜ ਦੱਸਕੇ ਖੇਤੀ ਸੰਦ ਲੈ ਸੱਕਦੇ ਹਨ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇ ਕਿ ਝੋਨੇ ਦੀ ਵਾਢੀ ਲਈ ਕੋਈ ਵੀ ਮਸ਼ੀਨ ਸੁਪਰ ਐੱਸ ਐਮ ਐੱਸ ਤੋਂ ਬਿਨਾ ਨਾ ਚਲਾਈ ਜਾਵੇ। ਸ਼ਾਮ 06.00 ਵਜੇ ਤੋਂ ਸਵੇਰੇ 10.00 ਵਜੇ ਤੱਕ ਕੰਬਾਇਨਾਂ ਨਾਲ ਜੀਰੀ ਦੀ ਕਟਾਈ ਨਾ ਕੀਤੀ ਜਾਵੇ ਅਤੇ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਬਲਕਿ ਮਸ਼ੀਨਰੀ ਦੀ ਵਰਤੋਂ ਕਰਕੇ ਪ੍ਰਬੰਧਨ ਕੀਤਾ ਜਾਵੇ। ਓਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਮਸ਼ੀਨਰੀ ਦੀ ਦਿੱਕਤ ਆਉਂਦੀ ਹੈ ਤਾਂ ਉਹ ਕੰਟਰੋਲ ਰੂਮ ਦੇ (ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਦੌਰਾਨ) ਨੰਬਰ 01679-233031 ਜਾਂ ਬਲਾਕ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ।

ਓਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸਾਨਾਂ ਲਈ 7 ਲੱਖ ਦਾ ਲੱਕੀ ਡਰਾਅ ਵੀ ਚਲਾਇਆ ਗਿਆ ਹੈ, ਜਿਸ ਵਾਸਤੇ ਕਿਸਾਨ 30 ਸਤੰਬਰ ਤੱਕ ਰਜਿਸਟ੍ਰੇਸ਼ਨ ਕਰ ਸਕਦੇ ਹਨ। ਓਨ੍ਹਾਂ ਦੱਸਿਆ ਕਿ ਇਸ ਵਾਸਤੇ ਕਿਸਾਨਾਂ ਨੇ ਲਿੰਕ https://pahunch.in/lucky_draw_registration_2025  ‘ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰਡ ਕਰਨਾ ਹੈ।

ਉਹਨਾਂ ਦੱਸਿਆ ਕਿ ਪਰਾਲੀ ਪ੍ਰਬੰਧਨ ਲਈ ਪਿੰਡ ਦੀਆਂ ਸੁਸਾਇਟੀਆਂ ‘ਚ ਪਿੰਡਾਂ ਵਿੱਚ ਉਪਲਬਧ ਖੇਤੀ ਮਸ਼ੀਨਰੀ ਅਤੇ ਜ਼ਿਲ੍ਹੇ ਵਿੱਚ ਉਪਲਬਧ ਬੇਲਰਾਂ ਦੀਆਂ ਲਿਸਟਾਂ ਲਗਾਈਆਂ ਗਈਆਂ ਹਨ, ਜਿਸ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ।  ਪਿੰਡ ਦੀ ਪੰਚਾਇਤ ਅਤੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਨਾ ਲਗਾਕੇ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਲਈ ਭਰਵਾਂ ਹੁੰਗਾਰਾ ਦਿੱਤਾ ਗਿਆ।

ਇਸ ਮੌਕੇ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਹਰਬੰਸ ਸਿੰਘ ਸਿੱਧੂ, ਸਹਾਇਕ ਰਜਿਸਟ੍ਰਾਰ ਸਹਿਕਾਰਤਾ ਵਿਭਾਗ ਰੁਪਿੰਦਰ ਸਿੱਧੂ, ਸੁਨੀਤਾ ਰਾਣੀ ਨੋਡਲ ਅਫਸਰ ਪਰਾਲੀ ਅਤੇ ਹੋਰ ਅਫਸਰ ਅਤੇ ਕਰਮਚਾਰੀ ਹਾਜ਼ਰ ਸਨ।

Leave a Reply

Your email address will not be published. Required fields are marked *