ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕੀਤੀ ‘ਗੋ ਸੋਲਰ’ ਮੁਹਿੰਮ ਦੀ ਸ਼ੁਰੂਆਤ

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਹੁਸ਼ਿਆਰਪੁਰ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਵਿਚ ‘ਗੋ ਸੋਲਰ – ਸੌਰ ਊਰਜਾ ਅਪਣਾਓ, ਆਪਣਾ ਭਵਿੱਖ ਰੌਸ਼ਨ ਕਰੋ’ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਹਰ ਘਰ ਨੂੰ ਸਾਫ਼ ਅਤੇ ਕਿਫ਼ਾਇਤੀ ਊਰਜਾ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨਾਗਰਿਕਾਂ ਨੂੰ ਉਨ੍ਹਾਂ ਦੀਆਂ ਛੱਤਾਂ ‘ਤੇ ਸੋਲਰ ਪੈਨਲ ਲਗਾਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਸੋਲਰ ਪੈਨਲ ਨਾ ਸਿਰਫ਼ ਬਿਜਲੀ ਦੇ ਬਿੱਲਾਂ ਨੂੰ ਜ਼ੀਰੋ ਜਾਂ ਕਾਫ਼ੀ ਹੱਦ ਤੱਕ ਘਟਾਉਣਗੇ, ਸਗੋਂ ਵਾਤਾਵਰਨ ਸੁਰੱਖਿਆ ਅਤੇ ਜਲਵਾਯੂ ਪਰਿਵਰਤਨ ਨੂੰ ਘਟਾਉਣ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਉਣਗੇ।

ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਜ਼ਿਆਦਾਤਰ ਪਰਿਵਾਰ ਸਾਲਾਨਾ 300 ਯੂਨਿਟ ਤੋਂ ਵੱਧ ਬਿਜਲੀ ਦੀ ਖਪਤ ਕਰਦੇ ਹਨ, ਜਿਸ ਕਾਰਨ ਬਿਜਲੀ ਦੇ ਬਿੱਲ ਜ਼ਿਆਦਾ ਆਉਂਦੇ ਹਨ। ਸੋਲਰ ਪੈਨਲ ਲਗਾਉਣ ਨਾਲ ਇਹ ਬੋਝ ਘੱਟ ਹੋਵੇਗਾ ਅਤੇ ਪਰਿਵਾਰਾਂ ਨੂੰ ਆਰਥਿਕ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਇਹ ਸਕੀਮ ਨਾਗਰਿਕਾਂ ਨੂੰ ਕਈ ਲਾਭ ਪ੍ਰਦਾਨ ਕਰਦੀ ਹੈ, ਜਿਸ ਵਿਚ ਬਿਜਲੀ ਦੇ ਬਿੱਲਾਂ ‘ਤੇ ਮਹੱਤਵਪੂਰਨ ਬੱਚਤ, 78,000 ਰੁਪਏ ਤੱਕ ਦੀ ਸਰਕਾਰੀ ਸਬਸਿਡੀ, 24 ਘੰਟੇ ਬਿਜਲੀ ਦੀ ਉਪਲਬੱਧਤਾ ਅਤੇ ਸੰਤੁਲਿਤ ਘਰੇਲੂ ਖ਼ਰਚੇ ਸ਼ਾਮਿਲ ਹਨ।

ਇਸ ਤੋਂ ਇਲਾਵਾ ਸੂਰਜੀ ਊਰਜਾ ਦੀ ਵਰਤੋਂ ਨਾਲ ਗਲੋਬਲ ਵਾਰਮਿੰਗ ਨੂੰ ਘਟਾਉਣ ਵਿਚ ਵੀ ਸਹਿਯੋਗ ਮਿਲੇਗਾ। ਉਨ੍ਹਾਂ ਅੱਗੇ ਕਿਹਾ ਕਿ ਨੈਸ਼ਨਲ ਪਾਵਰ ਟ੍ਰੇਨਿੰਗ ਇੰਸਟੀਚਿਊਟ ਨੇ ਹਾਲ ਹੀ ਵਿਚ ਹੁਸ਼ਿਆਰਪੁਰ ਵਿਚ ਗਰਿੱਡ ਨਾਲ ਜੁੜੀਆਂ ਸੂਰਜੀ ਛੱਤ ਪ੍ਰਣਾਲੀਆਂ ‘ਤੇ ਦੋ ਦਿਨਾਂ ਸਿਖਲਾਈ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ 80 ਤੋਂ ਵੱਧ ਕਰਮਚਾਰੀਆਂ ਨੇ ਹਿੱਸਾ ਲਿਆ।

ਇਸ ਸਕੀਮ ਦੀ ਪ੍ਰਕਿਰਿਆ ਬਾਰੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੀਟਰ ਰੀਡਰ ਘਰ-ਘਰ ਜਾ ਕੇ ਲੋਕਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਪੱਤਰ ਦੇ ਕੇ ਯੋਜਨਾ ਦੀ ਜਾਣਕਾਰੀ ਦੇਣਗੇ ਅਤੇ ਲੋੜੀਂਦਾ ਡੇਟਾ ਆਨਲਾਈਨ ਦਰਜ਼ ਕਰਨਗੇ। ਇਸ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਵਾਨਿਤ ਵਿਕਰੇਤਾ ਨਾਗਰਿਕਾ ਨਾਲ ਸੰਪਰਕ ਕਰਕੇ ਪੈਨਲ ਲਗਾਉਣ ਦੀ ਪ੍ਰਕਿਰਿਆ ਪੂਰੀ ਕਰੇਗਾ। ਫਿਰ ਪੈਨਲ ਇੰਸਟਾਲੇਸ਼ਨ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਵਸਨੀਕਾਂ ਨਾਲ ਸੰਪਰਕ ਕਰਨਗੇ। ਸਾਰੀ ਕਾਗਜ਼ੀ ਕਾਰਵਾਈ ਅਤੇ ਬਿਜਲੀ ਵਿਭਾਗ ਨਾਲ ਸਬੰਧਤ ਸਾਰੀਆਂ ਕਾਗਜ਼ੀ ਕਾਰਵਾਈਆਂ ਵੀ ਇਨ੍ਹਾਂ ਵਿਕਰੇਤਾਵਾਂ ਦੁਆਰਾ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਕੌਂਸਲਰਾਂ ਅਤੇ ਸਰਪੰਚਾਂ ਨੂੰ ਉਨ੍ਹਾਂ ਵੀ ਉਨ੍ਹਾਂ ਵਲੋਂ ਜਾਰੀ ਪੱਤਰ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਬਸਿਡੀ ਦੀ ਰਕਮ 15 ਤੋਂ 30 ਦਿਨਾਂ ਦੇ ਅੰਦਰ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਜਮ੍ਹਾ ਹੋ ਜਾਵੇਗੀ, ਅਤੇ ਬੈਂਕ ਕਰਜ਼ੇ ਵੀ ਘੱਟ ਵਿਆਜ ਦਰਾਂ ‘ਤੇ ਉਪਲਬੱਧ ਹੋਣਗੇ। ਪੂਰੀ ਪ੍ਰਕਿਰਿਆ 45 ਤੋਂ 60 ਦਿਨਾਂ ਦੇ ਅੰਦਰ ਪੂਰੀ ਹੋ ਜਾਵੇਗੀ।

ਹਰ ਘਰ ਤੱਕ ਸੋਰ ਊਰਜਾ ਪਹੁੰਚਾਉਣ ਦਾ ਲਿਆ ਸੰਕਲਪ

ਬਿਜਲੀ ਬਿੱਲ ਜ਼ੀਰੋ ਕਰਨ ਤੇ ਵਾਤਾਵਰਨ ਸੁਰੱਖਿਆ ਦੀ ਦਿਸ਼ਾ ‘ਚ ਵੱਡਾ ਕਦਮ

ਯੋਜਨਾ ਤਹਿਤ 78,000 ਰੁਪਏ ਤੱਕ ਦੀ ਸਬਸਿਡੀ ਤੇ ਆਸਾਨ ਬੈਂਕ ਕਰਜ਼ੇ ਦੀ ਸਹੂਲਤ

-45-60 ਦਿਨਾਂ ‘ ਪੂਰੀ ਹੋਵੇਗੀ ਸੌਰ ਪੈਨਲ ਸਥਾਪਨਾ ਪ੍ਰਕਿਰਿਆ

ਜ਼ਿਲ੍ਹਾ ਪ੍ਰਸ਼ਾਸਨ ਨੇ ਕਿਊ.ਆਰ ਕੋਡ ‘ਤੇ ਹੈਲਪਲਾਈਨ ਨੰਬਰ 75899-44720 ਕੀਤਾ ਜਾਰੀ

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਨਾਗਰਿਕਾਂ ਨੂੰ ਇਸ ਯੋਜਨਾ ਦਾ ਤੁਰੰਤ ਲਾਭ ਉਠਾਉਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਪ੍ਰਦਾਨ ਕੀਤੇ ਗਏ ਕਿਊ.ਆਰ ਕੋਡ ਨੂੰ ਸਕੈਨ ਕਰਕੇ ਅਰਜ਼ੀ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਨਾ ਸਿਰਫ਼ ਬਿਜਲੀ ਬਚਾਉਣ ਵਿਚ ਮਦਦ ਕਰੇਗੀ ਸਗੋਂ ਜ਼ਿਲ੍ਹੇ ਨੂੰ ਸਾਫ਼ ਅਤੇ ਹਰੀ ਊਰਜਾ ਵੱਲ ਵੀ ਲੈ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਸ ਯੋਜਨਾ ਬਾਰੇ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 75899-44720 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਮੰਗੇਸ਼ ਸੂਦ ਅਤੇ ਸੰਯੁਕਤ ਸਕੱਤਰ ਆਦਿੱਤਿਆ ਰਾਣਾ ਵੀ ਮੌਜੂਦ ਸਨ।

Leave a Reply

Your email address will not be published. Required fields are marked *