ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ‘ਚ ਨਵੇਂ ਮਾਅਰਕੇ ਮਾਰਨ ਦੀ ਰਾਹ ‘ਤੇ ਤੁਰ ਪਈ ਹੈ ਅਤੇ ਆਮ ਜਨਤਾ ਦੀਆਂ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ। ਪਹਿਲੀ ਵਾਰ ਸੂਬੇ ਵਿਚ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਸਿਹਤ ਸਹੂਲਤਾਂ ਦਾ ਲਾਭ ਮਿਲ ਰਿਹਾ ਹੈ, ਜਿਸ ਨਾਲ ਪੰਜਾਬ ‘ਚ ਸਿਹਤ ਸੇਵਾਵਾਂ ਵਿਚ ਵਿਆਪਕ ਸੁਧਾਰਾਂ ਦੀ ਤਸਵੀਰ ਬਦਲ ਰਹੀ ਹੈ, ਜੋ ਆਮ ਆਦਮੀ ਕਲੀਨਿਕ ਦੇ ਰੂਪ ਵਿਚ ਸਾਹਮਣੇ ਆ ਰਹੀ ਹੈ।
ਹੁਣ ਛੋਟੀਆਂ ਬੀਮਾਰੀਆਂ ਲਈ ਲੋਕਾਂ ਨੂੰ ਸਿਵਲ ਹਸਪਤਾਲਾਂ ਦਾ ਰੁਖ਼ ਨਹੀਂ ਕਰਨਾ ਪੈ ਰਿਹਾ ਅਤੇ ਨਾ ਹੀ ਉਥੇ ਮਰੀਜ਼ਾਂ ਦੀ ਭਾਰੀ ਭੀੜ ਵਿਚ ਡਾਕਟਰ ਦੀ ਘੰਟਿਆਂ ਉਡੀਕ ਕਰਨੀ ਪੈ ਰਹੀ ਹੈ। ਲਗਭਗ ਸਵਾ ਸਾਲ ਦੇ ਕਾਰਜਕਾਲ ਵਿਚ ਹੀ 829 ਤੋਂ ਵੱਧ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਵਿਚ 1 ਕਰੋੜ ਤੋਂ ਵੀ ਜ਼ਿਆਦਾ ਲੋਕ ਹੁਣ ਤੱਕ ਆਪਣਾ ਇਲਾਜ ਕਰਵਾ ਚੁੱਕੇ ਹਨ। ਇਹ ਆਮ ਆਦਮੀ ਕਲੀਨਿਕ ਪਿੰਡਾਂ ਅਤੇ ਕਸਬਿਆਂ ਵਿਚ ਸਥਿਤ ਪੀ. ਐਚ. ਸੀ ਦੀਆਂ ਮੌਜੂਦਾ ਇਮਾਰਤਾਂ ਵਿਚ ਨਵੇਂ ਉਪਕਰਣ ਅਤੇ ਬੁਨਿਆਦੀ ਢਾਂਚਿਆਂ ਨੂੰ ਅਪਗ੍ਰੇਡ ਕਰ ਕੇ ਤਿਆਰ ਕੀਤੇ ਗਏ ਹਨ।
ਸੂਬੇ ਦੇ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਆਮ ਆਦਮੀ ਕਲੀਨਿਕਾਂ ਵਿਚ 80 ਤਰ੍ਹਾਂ ਦੀਆਂ ਦਵਾਈਆਂ ਲੋਕਾਂ ਨੂੰ ਮੁਫਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਕਲੀਨਿਕਾਂ ਵਿਚ ਕੁਲ 38 ਤਰ੍ਹਾਂ ਦੇ ਡਾਇਗਨੋਸਟਿਕ ਟੈਸਟ ਮੁਫਤ ਕੀਤੇ ਜਾ ਰਹੇ ਹਨ, ਜਿਸ ਦਾ ਲਾਭ 1 ਕਰੋੜ ਤੋਂ ਵੱਧ ਲੋਕ ਲੈ ਚੁੱਕੇ ਹਨ। ਇਸ ਤੋਂ ਇਲਾਵਾ ਜਾਂਚ ਸੇਵਾਵਾਂ ਵਿਚ ਹੋਰ ਵਿਸਥਾਰ ਕੀਤੇ ਜਾਣ ਦੀ ਯੋਜਨਾ ‘ਤੇ ਸਰਕਾਰ ਕੰਮ ਕਰ ਰਹੀ ਹੈ।