ਬਰਨਾਲਾ, 26 ਜੁਲਾਈ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਜਸਵੀਰ ਸਿੰਘ ਗੜ੍ਹੀ ਅੱਜ ਸਿਵਲ ਹਸਪਤਾਲ ਬਰਨਾਲਾ ਪੁੱਜੇ ਅਤੇ ਪਿਛਲੇ ਦਿਨੀਂ ਲਾਠੀਚਾਰਜ ਦੌਰਾਨ ਜ਼ਖ਼ਮੀ ਸਫ਼ਾਈ ਕਰਮਚਾਰੀਆਂ ਦਾ ਹਾਲ ਜਾਣਿਆ।
ਇਸ ਮੌਕੇ ਓਹਨਾਂ ਸਿਵਲ ਹਸਪਤਾਲ ਵਿਚ ਦਾਖ਼ਲ ਦਰਜਨ ਦੇ ਕਰੀਬ ਸਫ਼ਾਈ ਸੇਵਕਾਂ ਨਾਲ ਮੁਲਾਕਾਤ ਕੀਤੀ ਅਤੇ ਸਿਹਤ ਵਿਭਾਗ ਬਰਨਾਲਾ ਤੋਂ ਜ਼ਖ਼ਮੀ ਸਫ਼ਾਈ ਸੇਵਕਾਂ ਦੀ ਸਿਹਤ ਸਬੰਧੀ ਵਿਸਥਾਰਿਤ ਰਿਪੋਰਟ ਲਈ।
ਇਸ ਮਗਰੋਂ ਮੀਡੀਆ ਨਾਲ ਗੱਲ ਕਰਦੇ ਹੋਏ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਰਨਾਲਾ ਵਿੱਚ ਸਫ਼ਾਈ ਸੇਵਕਾਂ ‘ਤੇ ਹੋਇਆ ਲਾਠੀਚਾਰਜ ਬੇਹੱਦ ਨਿੰਦਣਯੋਗ ਹੈ। ਓਹਨਾਂ ਕਿਹਾ ਕਿ ਇਹ ਘਟਨਾ 22 ਜੁਲਾਈ ਨੂੰ ਵਾਪਰੀ ਸੀ ਅਤੇ 23 ਜੁਲਾਈ ਨੂੰ ਮੀਡੀਆ ਰਿਪੋਰਟਾਂ ਦੇ ਆਧਾਰ ਉੱਤੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਨੇ ਇਸ ਘਟਨਾ ਦਾ ਸੂ-ਮੋਟੋ ਲਿਆ। ਓਹਨਾਂ ਕਿਹਾ 24 ਜੁਲਾਈ ਨੂੰ ਸਬੰਧਤ ਡੀ ਐੱਸ ਪੀ ਨੂੰ ਮੁਅੱਤਲ ਕਰ ਦਿੱਤਾ ਗਿਆ।
ਓਹਨਾਂ ਦੱਸਿਆ ਕਿ ਕਮਿਸ਼ਨ ਨੇ 28 ਜੁਲਾਈ ਨੂੰ ਬਰਨਾਲਾ ਪੁਲੀਸ ਤੋਂ ਰਿਪੋਰਟ ਤਲਬ ਕੀਤੀ ਹੈ ਅਤੇ ਇਸ ਦੇ ਨਾਲ ਹੀ ਸਫ਼ਾਈ ਸੇਵਕ ਯੂਨੀਅਨ ਨੂੰ ਵੀ ਆਪਣੇ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ ਹੈ ਜਿਸ ਮਗਰੋਂ ਸਾਰੇ ਤੱਥਾਂ ਨੂੰ ਘੋਖਦੇ ਹੋਏ ਫ਼ੈਸਲਾ ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਫ਼ਾਈ ਕਰਮਚਾਰੀਆਂ ਨੂੰ ਪੂਰੀ ਤਰ੍ਹਾਂ ਇਨਸਾਫ਼ ਮਿਲੇ।
ਓਹਨਾਂ ਕਿਹਾ ਕਿ ਸਫ਼ਾਈ ਕਰਮਚਾਰੀ ਬੇਹੱਦ ਮੁਸ਼ਕਿਲ ਹਾਲਾਤ ਵਿਚੋਂ ਨਿਕਲ ਕੇ ਆਉਂਦੇ ਹਨ ਅਤੇ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ। ਓਹਨਾਂ ਕਿਹਾ ਕਿ ਅੱਜ ਓਹ ਪੀੜਤ ਸਫ਼ਾਈ ਸੇਵਕਾਂ ਦਾ ਹਾਲ ਜਾਣਨ ਲਈ ਏਥੇ ਪੁੱਜੇ ਸਨ। ਓਹਨਾਂ ਕਿਹਾ ਕਿ ਦਰਜਨ ਦੇ ਕਰੀਬ ਸਫ਼ਾਈ ਸੇਵਕ ਹਸਪਤਾਲ ਦਾਖਲ ਹਨ ਜਿਨ੍ਹਾਂ ਦੇ ਕਾਫੀ ਸੱਟਾਂ ਲੱਗੀਆਂ ਹਨ, ਓਹਨਾਂ ਦੀਆਂ ਮੈਡੀਕਲ ਰਿਪੋਰਟਾਂ ਵੀ ਦੇਖੀਆਂ ਗਈਆਂ ਹਨ ਅਤੇ ਸਬੰਧਤ ਡਾਕਟਰਾਂ ਤੋਂ ਵੀ ਓਹਨਾਂ ਦੀ ਸਿਹਤ ਸਬੰਧੀ ਰਿਪੋਰਟ ਲਈ ਗਈ ਹੈ ਤਾਂ ਜੋ ਕੋਈ ਵੀ ਪੱਖ ਅਣਗੌਲਿਆ ਨਾ ਰਹੇ।
ਇਸ ਮੌਕੇ ਚੇਅਰਮੈਨ ਗੜ੍ਹੀ ਨੇ ਕਿਹਾ ਕਿ ਸਫ਼ਾਈ ਸੇਵਕਾਂ ਉੱਤੇ ਜਬਰ – ਜੁਲਮ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਅਮਲ ਵਿੱਚ ਲਿਆ ਕੇ ਪੀੜਤਾਂ ਨੂੰ ਇਨਸਾਫ ਦਿਵਾਇਆ ਜਾਵੇਗਾ।
ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ ਚੇਅਰਮੈਨ ਗੜ੍ਹੀ ਨੇ ਕਿਹਾ ਕਿ ਜ਼ਖਮੀ ਸਫ਼ਾਈ ਸੇਵਕਾਂ ਨੂੰ ਇਲਾਜ ਲਈ ਇਕ ਵੀ ਪੈਸਾ ਨਹੀਂ ਖਰਚਣਾ ਪਵੇਗਾ, ਓਹਨਾਂ ਦਾ ਹਰ ਤਰ੍ਹਾਂ ਦਾ ਇਲਾਜ ਮੁਫ਼ਤ ਹੋਵੇਗਾ। ਓਹਨਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਮਰੀਜ਼ਾਂ ਨੂੰ ਕੋਈ ਦਿੱਕਤ ਪੇਸ਼ ਨਾ ਆਉਣ ਦਿੱਤੀ ਜਾਵੇ।
ਇਸ ਤੋਂ ਪਹਿਲਾਂ ਚੇਅਰਮੈਨ ਸ੍ਰੀ ਗੜ੍ਹੀ ਵਲੋਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰੀ ਰੁਪਿੰਦਰ ਸਿੰਘ ਸੀਤਲ ਦੀ ਰਿਹਾਇਸ਼ ‘ਤੇ ਕਮਿਸ਼ਨ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਮੈਂਬਰ ਸ੍ਰੀ ਰੁਪਿੰਦਰ ਸਿੰਘ ਸੀਤਲ, ਮੈਂਬਰ ਸ੍ਰੀ ਗੁਲਜ਼ਾਰ ਸਿੰਘ, ਮੈਂਬਰ ਸ੍ਰੀ ਗੁਰਪ੍ਰੀਤ ਸਿੰਘ ਮੌਜੂਦ ਸਨ। ਇਸ ਮੌਕੇ ਉਹਨਾਂ ਕਿਹਾ ਕਿ ਕਮਿਸ਼ਨ ਦਾ ਉਦੇਸ਼ ਪੀੜਤਾਂ ਨੂੰ ਬਿਨਾ ਦੇਰੀ ਇਨਸਾਫ਼ ਦਿਵਾਉਣਾ ਹੈ। ਅਨੁਸੂਚਿਤ ਜਾਤੀਆਂ ਉੱਤੇ ਜੁਲਮ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਓਹਨਾਂ ਕਿਹਾ ਕਿ ਅਜਿਹੇ ਕਿਸੇ ਵੀ ਮਾਮਲੇ ਨੂੰ ਬਿਨਾ ਦੇਰੀ ਪੂਰੀ ਸੰਵੇਦਨਸ਼ੀਲਤਾ ਨਾਲ ਵਿਚਾਰਿਆ ਜਾਵੇ। ਇਸ ਮੌਕੇ ਹਸਪਤਾਲ ਵਿਚ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਗੁਲਸ਼ਨ ਕੁਮਾਰ ਵੀ ਮੌਜੂਦ ਸਨ।