ਤਖ਼ਤ ਸਾਹਿਬ ਦੇ ਜਥੇਦਾਰ ਦੀ ਅਥਾਰਟੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਾਂਗੇ-ਮੁੱਖ ਮੰਤਰੀ

ਤਖ਼ਤ ਸਾਹਿਬ ਦੇ ਜਥੇਦਾਰ ਦੀ ਪਦਵੀ ਦੇ ਸਤਿਕਾਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨ ਵਾਲੇ ਅਕਾਲੀ ਲੀਡਰਾਂ ਦੀ ਸਖ਼ਤ ਨਿਖੇਧੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਇਸ ਸਬੰਧ ਵਿੱਚ ਸ਼ਿਕਾਇਤ ਮਿਲਣ ਦੀ ਸੂਰਤ ’ਚ ਸੂਬਾ ਸਰਕਾਰ ਇਹ ਘਿਨਾਉਣਾ ਪਾਪ ਕਰਨ ਵਾਲੇ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੇਗੀ।ਇਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਦੀਆਂ ਤੋਂ ਤਖ਼ਤ ਸਾਹਿਬ ਦੇ ਜਥੇਦਾਰ ਦੀ ਪਦਵੀ ਸਿੱਖਾਂ ਦੀ ਸਰਵਉੱਚ ਅਥਾਰਟੀ ਰਹੀ ਹੈ। ਉਨ੍ਹਾਂ ਕਿਹਾ ਕਿ ਬੀਤੇ ਕੁਝ ਸਮੇਂ ਤੋਂ ਸਮੁੱਚੀ ਮਨੁੱਖਤਾ ਨੇ ਅਕਾਲੀ ਲੀਡਰਾਂ ਦਾ ਸ਼ਰਮਨਾਕ ਚਿਹਰਾ ਦੇਖਿਆ ਹੈ ਜੋ ਆਪਣੇ ਸੌੜੇ ਮੁਫਾਦਾਂ ਲਈ ਜਥੇਦਾਰ ਸਾਹਿਬ ਦੀ ਅਥਾਰਟੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਕਾਲੀ ਲੀਡਰਾਂ ਨੇ ਸ਼ਰਮਨਾਕ ਢੰਗ ਨਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਅਥਾਰਟੀ ਦਾ ਘੋਰ ਨਿਰਾਦਰ ਕੀਤਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਲੀਡਰਾਂ ਵੱਲੋਂ ਸਿਰਫ ਇਕ ਪਰਿਵਾਰ ਦੇ ਸਿਆਸੀ ਅਕਾਵਾਂ ਨੂੰ ਖੁਸ਼ ਕਰਨ ਲਈ ਅਜਿਹਾ ਬੇਸਮਝ ਅਤੇ ਹੰਕਾਰੀ ਰਵੱਈਆ ਅਪਣਾਇਆ ਜਾ ਰਿਹਾ ਹੈ ਜੋ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਹ ਪਰਿਵਾਰ ਪੰਜਾਬ ਖਾਸ ਕਰਕੇ ਸਿੱਖ ਭਾਈਚਾਰੇ ਦਾ ਪਹਿਲਾਂ ਹੀ ਨਾ-ਪੂਰਿਆ ਜਾਣ ਵਾਲਾ ਨੁਕਸਾਨ ਕਰ ਚੁੱਕਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਕਾਲੀ ਲੀਡਰਸ਼ਿਪ ਦੀ ਹਾਲੀਆ ਕਾਰਵਾਈ ਨੇ ਸਿੱਖ ਭਾਈਚਾਰੇ ਦੇ ਹਿਰਦੇ ਧੁਰ ਅੰਦਰ ਤੱਕ ਵਲੂੰਧਰ ਕੇ ਰੱਖ ਦਿੱਤੇ ਜਿਸ ਕਰਕੇ ਇਸ ਘਿਨਾਉਣੀ ਕਾਰਵਾਈ ਲਈ ਜ਼ਿੰਮੇਵਾਰ ਲੋਕਾਂ ਨੂੰ ਮੁਆਫ ਨਹੀਂ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਸ਼ਪੱਸਟ ਕੀਤਾ ਕਿ ਜਥੇਦਾਰ ਸਾਹਿਬ ਨੂੰ ਧਮਕੀਆਂ ਦੇਣਾ ਅਤੇ ਉਨ੍ਹਾਂ ਖਿਲਾਫ਼ ਜਾਤੀਸੂਚਕ ਸ਼ਬਦ ਵਰਤਣੇ ਅਤੇ ਪਰਿਵਾਰਕ ਮੈਂਬਰਾਂ ਵਿਰੁੱਧ ਘਟੀਆ ਟਿੱਪਣੀਆਂ ਕਰਨਾ ਅਸਹਿਣਯੋਗ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਵੇਂ ਕਿ ਸੂਬਾ ਸਰਕਾਰ ਇਸ ਮਾਮਲੇ ਵਿੱਚ ਦਖ਼ਲ ਨਹੀਂ ਦਿੰਦੀ ਪਰ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਨੂੰ ਸ਼ਿਕਾਇਤ ਮਿਲਣ ਦੀ ਸੂਰਤ ਵਿੱਚ ਜਥੇਦਾਰ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰ ਖਿਲਾਫ਼ ਘਿਨਾਉਣਾ ਅਪਰਾਧ ਕਰਨ ਵਾਲਿਆਂ ਨੂੰ ਹਰਗਿਜ਼ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਅਪਰਾਧ ਨੂੰ ਅੰਜ਼ਾਮ ਦੇਣ ਵਾਲੇ ਲੋਕਾਂ ਭਾਵੇਂ ਉਨ੍ਹਾਂ ਨੇ ਸੋਸ਼ਲ ਮੀਡੀਆ ਉਤੇ ਜਾਅਲੀ ਆਈ.ਡੀ. ਬਣਾਈ ਹੋਵੇ, ਦੇ ਖਿਲਾਫ਼ ਕਰੜੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *