‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਟਾਂਡਾ ਦੀ ਚੰਡੀਗੜ੍ਹ ਕਲੋਨੀ ‘ਚ ਨਸ਼ਾ ਤਸਕਰ ਦੇ ਘਰ ‘ਤੇ ਚੱਲਿਆ ਪੀਲਾ ਪੰਜਾ

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ੇ ਦੇ ਖ਼ਾਤਮੇ ਅਤੇ ਨਸ਼ਾ ਤਸਕਰਾਂ ਵੱਲੋਂ ਕੀਤੇ ਗਏ ਅਣਅਧਿਕਾਰਤ ਕਬਜ਼ਿਆਂ ਨੂੰ ਹਟਾਉਣ ਲਈ ਹੁਸ਼ਿਆਰਪੁਰ ਪੁਲਿਸ ਨੇ ਟਾਂਡਾ ਦੇ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਕਾਰਵਾਈ ਕੀਤੀ। ਸਿਵਲ ਅਤੇ ਪੁਲਸ ਪ੍ਰਸ਼ਾਸਨ ਦੀ ਸਾਂਝੀ ਕਾਰਵਾਈ ਤਹਿਤ ਚੰਡੀਗੜ੍ਹ ਕਲੋਨੀ (ਪਿੰਡ ਡਾਲਾ, ਟਾਂਡਾ) ਵਿਚ ਵਕਫ਼ ਬੋਰਡ ਦੀ 281 ਮੁਰੱਬਾ ਗਜ਼ ਖਸਰਾ ਨੰਬਰ 38,40,41,42 ਜਗ੍ਹਾ ‘ਤੇ ਕੀਤੇ ਗਏ ਅਣਅਧਿਕਾਰਤ ਨਿਰਮਾਣ ਨੂੰ ਅੱਜ ਢਾਹਿਆ ਗਿਆ। ਇਹ ਗੈਰ-ਕਾਨੂੰਨੀ ਉਸਾਰੀ ਇਕ ਦੋਸ਼ੀ ਦੁਆਰਾ ਕੀਤੀ ਗਈ ਸੀ, ਜਿਸ ਵਿਰੁੱਧ 11 ਐਫ.ਆਈ.ਆਰਜ਼ ਦਰਜ਼ ਹਨ ਅਤੇ ਸਾਰੇ ਐਨ.ਡੀ.ਪੀ.ਐਸ ਨਾਲ ਸਬੰਧਤ ਮਾਮਲੇ ਹਨ ਅਤੇ ਦੋਸ਼ੀ ਇਸ ਵੇਲੇ ਜੇਲ੍ਹ ਵਿਚ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਵਕਫ਼ ਬੋਰਡ ਨੂੰ ਇਸ ਗੈਰ-ਕਾਨੂੰਨੀ ਉਸਾਰੀ ਨੂੰ ਢਾਹੁਣ ਲਈ ਪੁਲਿਸ ਦੀ ਸਹਾਇਤਾ ਦੀ ਲੋੜ ਸੀ। ਉਨ੍ਹਾਂ ਕਿਹਾ ਕਿ ਦੋਸ਼ੀ ਅਪਰਾਧਿਕ ਪ੍ਰਕਿਰਤੀ ਦਾ ਸੀ, ਇਸ ਲਈ ਕਾਰਵਾਈ ਦੌਰਾਨ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਸਰਬਜੀਤ ਕੌਰ ਉਰਫ਼ ਰੋਡੀ ਪਤਨੀ ਸਰੂਪ ਲਾਲ ਵਾਸੀ ਵਾਰਡ ਨੰਬਰ 8, ਚੰਡੀਗੜ੍ਹ ਕਲੋਨੀ, ਟਾਂਡਾ ਖਿਲਾਫ਼ ਕੀਤੀ ਗਈ ਹੈ।

ਨਸ਼ਾ ਤਸਕਰ ਵੱਲੋਂ ਵਕਫ਼ ਬੋਰਡ ਦੀ ਜ਼ਮੀਨ ‘ਤੇ ਕੀਤੀ ਅਣਅਧਿਕਾਰਤ ਉਸਾਰੀ ਨੂੰ ਢਾਹਿਆ

ਐਸ.ਐਸ.ਪੀ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ‘ਤੇ ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਿਆਂ ਅਤੇ ਗੈਰ-ਕਾਨੂੰਨੀ ਕਬਜ਼ਿਆਂ ਵਿਰੁੱਧ ਕਾਰਵਾਈ ਨੂੰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਦੋਸ਼ੀਆਂ ਦੇ ਖਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੱਤੀ ਕਿ ਜਾਂ ਤਾਂ ਨਸ਼ਾ ਤਸਕਰੀ ਛੱਡ ਦੇਣ ਅਤੇ ਕੋਈ ਹੋਰ ਕੰਮ ਕਰਨ, ਨਹੀਂ ਤਾਂ ਸਖ਼ਤ ਤੋਂ ਸਖ਼ਤ ਕਾਰਵਾਈ ਲਈ ਤਿਆਰ ਰਹਿਣ। ਇਸ ਦੌਰਾਨ ਸਥਾਨਕ ਲੋਕਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੁਆਰਾ ਸੂਬੇ ਵਿਚ ਨਸ਼ੇ ਨੂੰ ਖ਼ਤਮ ਕਰਨ ਲਈ ਕੀਤੇ ਜਾ ਰਹੇ ਇਨ੍ਹਾਂ ਯਤਨਾਂ ਦਾ ਸਵਾਗਤ ਕਰਦੇ ਹਨ। ਇਸ ਦੌਰਾਨ ਉਨ੍ਹਾਂ ਨਾਲ ਐਸ.ਪੀ ਮੇਜਰ ਸਿੰਘ, ਡੀ.ਐਸ.ਪੀ ਦਵਿੰਦਰ ਸਿੰਘ, ਐਸ.ਐਚ.ਓ ਟਾਂਡਾ ਗੁਰਿੰਦਰਜੀਤ ਸਿੰਘ ਤੋਂ ਇਲਾਵਾ ਈ.ਓ ਵਕਫ਼ ਬੋਰਡ, ਡਿਊਟੀ ਮੈਜਿਸਟ੍ਰੇਟ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *