ਭਵਾਨੀਗੜ੍ਹ ਵਾਸੀਆਂ ਨੂੰ ਆਧੁਨਿਕ ਸਿਹਤ ਸਹੂਲਤਾਂ ਦੀ ਵੱਡੀ ਸੌਗਾਤ

A big gift of modern health facilities to the residents of Bhawanigarh

ਭਵਾਨੀਗੜ੍ਹ, 27 ਜੁਲਾਈ:     ਹਲਕਾ ਸੰਗਰੂਰ ਦੀ ਵਿਧਾਇਕ ਸ੍ਰੀਮਤੀ ਨਰਿੰਦਰ ਕੌਰ ਭਰਾਜ ਨੇ ਅੱਜ ਭਵਾਨੀਗੜ੍ਹ ਵਿਖੇ 27 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਆਧੁਨਿਕ ਸਹੂਲਤਾਂ ਨਾਲ ਲੈਸ ਆਮ ਆਦਮੀ ਕਲੀਨਿਕ ਦਾ ਰਸਮੀ ਉਦਘਾਟਨ ਕਰਦਿਆਂ ਇਸ ਨੂੰ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਹਰ ਨਾਗਰਿਕ ਤਕ ਮਿਆਰੀ, ਸਸਤੀਆਂ ਨਹੀਂ ਸਗੋਂ ਪੂਰੀ ਤਰ੍ਹਾਂ ਮੁਫ਼ਤ ਅਤੇ ਆਸਾਨੀ ਨਾਲ ਪਹੁੰਚਯੋਗ ਸਿਹਤ ਸੇਵਾਵਾਂ ਪਹੁੰਚਾਉਣਾ ਹੈ, ਜਿਸ ਦਿਸ਼ਾ ਵਿੱਚ ਆਮ ਆਦਮੀ ਕਲੀਨਿਕ ਇੱਕ ਇਤਿਹਾਸਕ ਪਹਿਲ ਸਾਬਤ ਹੋਏ ਹਨ।

ਵਿਧਾਇਕ ਭਰਾਜ ਨੇ ਕਿਹਾ ਕਿ ਪਹਿਲਾਂ ਆਮ ਬਿਮਾਰੀਆਂ ਦੇ ਇਲਾਜ ਲਈ ਲੋਕਾਂ ਨੂੰ ਦੂਰ-ਦੁਰਾਡੇ ਹਸਪਤਾਲਾਂ ਦੇ ਚੱਕਰ ਲਗਾਉਣੇ ਪੈਂਦੇ ਸਨ, ਜਿਸ ਨਾਲ ਸਮਾਂ ਅਤੇ ਪੈਸਾ ਦੋਵੇਂ ਖਰਚ ਹੁੰਦੇ ਸਨ। ਹੁਣ ਇਨ੍ਹਾਂ ਕਲੀਨਿਕਾਂ ਰਾਹੀਂ ਲੋਕਾਂ ਨੂੰ ਆਪਣੇ ਇਲਾਕੇ ਵਿੱਚ ਹੀ ਤਜਰਬੇਕਾਰ ਡਾਕਟਰਾਂ ਦੀ ਸਲਾਹ, ਮੁਫ਼ਤ ਦਵਾਈਆਂ, ਲੋੜੀਂਦੇ ਲੈਬ ਟੈਸਟ ਅਤੇ ਬੁਨਿਆਦੀ ਸਿਹਤ ਜਾਂਚਾਂ ਵਰਗੀਆਂ ਸਹੂਲਤਾਂ ਇੱਕੋ ਛੱਤ ਹੇਠ ਮਿਲਣਗੀਆਂ। ਇਸ ਨਾਲ ਨਾ ਸਿਰਫ਼ ਲੋਕਾਂ ਦੀ ਸਿਹਤ ਸੁਰੱਖਿਆ ਮਜ਼ਬੂਤ ਹੋਵੇਗੀ, ਸਗੋਂ ਸਰਕਾਰੀ ਸਿਹਤ ਪ੍ਰਣਾਲੀ ‘ਤੇ ਲੋਕਾਂ ਦਾ ਭਰੋਸਾ ਵੀ ਹੋਰ ਵਧੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਵਿਆਪਕ ਸੁਧਾਰ ਲਿਆਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਸੂਬੇ ਭਰ ਵਿੱਚ ਸਥਾਪਤ ਕੀਤੇ ਗਏ ਆਮ ਆਦਮੀ ਕਲੀਨਿਕਾਂ ਰਾਹੀਂ ਲੱਖਾਂ ਲੋਕ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਲੈ ਚੁੱਕੇ ਹਨ। ਸਰਕਾਰ ਦਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਆਰਥਿਕ ਤੰਗੀ ਕਾਰਨ ਇਲਾਜ ਤੋਂ ਵਾਂਝਾ ਨਾ ਰਹਿਣਾ ਪਵੇ।

ਵਿਧਾਇਕ ਭਰਾਜ ਨੇ ਕਿਹਾ ਕਿ ਭਵਾਨੀਗੜ੍ਹ ਵਿਖੇ ਇਹ ਨਵਾਂ ਕਲੀਨਿਕ ਇਲਾਕੇ ਦੇ ਹਜ਼ਾਰਾਂ ਪਰਿਵਾਰਾਂ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਲੋਕਾਂ ਨੂੰ ਉੱਚ ਪੱਧਰੀ ਸਿਹਤ ਸੇਵਾਵਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਉਪਲਬਧ ਕਰਵਾਉਣ ਲਈ ਲਗਾਤਾਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰ ਰਹੀ ਹੈ ਅਤੇ ਭਵਿੱਖ ਵਿੱਚ ਵੀ ਲੋਕ ਭਲਾਈ ਨਾਲ ਜੁੜੇ ਵਿਕਾਸ ਕਾਰਜ ਇਸੇ ਰਫ਼ਤਾਰ ਨਾਲ ਜਾਰੀ ਰਹਿਣਗੇ।

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਕਲੀਨਿਕਾਂ ਵਿੱਚ ਉਪਲਬਧ ਮੁਫ਼ਤ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ, ਸਮੇਂ-ਸਮੇਂ ‘ਤੇ ਆਪਣੀ ਸਿਹਤ ਦੀ ਜਾਂਚ ਕਰਵਾਉਣ ਅਤੇ ਸਿਹਤ ਪ੍ਰਤੀ ਜਾਗਰੂਕ ਰਹਿਣ। ਉਨ੍ਹਾਂ ਕਿਹਾ ਕਿ ਬਿਮਾਰੀ ਦਾ ਸਮੇਂ ਸਿਰ ਪਤਾ ਲੱਗਣਾ ਅਤੇ ਤੁਰੰਤ ਇਲਾਜ ਹੀ ਸਿਹਤਮੰਦ ਸਮਾਜ ਦੀ ਨੀਂਹ ਹੈ।

ਇਸ ਮੌਕੇ ਐਸ.ਡੀ.ਐਮ. ਸ਼੍ਰੀਮਤੀ ਮਨਜੀਤ ਕੌਰ, ਸਿਹਤ ਵਿਭਾਗ ਦੇ ਅਧਿਕਾਰੀ, ਡਾਕਟਰ, ਸਥਾਨਕ ਪਤਵੰਤੇ, ਪਾਰਟੀ ਆਗੂ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ। 

Leave a Reply

Your email address will not be published. Required fields are marked *