ਪੰਜਾਬ ਨੂੰ ਸਿੱਖਿਆ ਵਿੱਚ 27ਵੇਂ ਤੋਂ ਨੰਬਰ 1 ‘ਤੇ ਲਿਆਂਦਾ, ਭਾਜਪਾ ਇਸੇ ਕੰਮ ‘ਤੇ ਕਲੰਕ ਲਾਉਣ ਦੀ ਕੋਸ਼ਿਸ਼ ਕਰ ਰਹੀ- ਕੇਜਰੀਵਾਲ

Punjab was brought from 27th to number 1 in education, BJP is trying to tarnish this work - Kejriwal

ਨਵੀਂ ਦਿੱਲੀ, 27 ਜੁਲਾਈ  ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਪੇਪਰ ਲੀਕ ਦਾ ਝੂਠਾ ਦੋਸ਼ ਲਗਾ ਰਹੀ ਭਾਜਪਾ ‘ਤੇ ਤਿੱਖਾ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ 27ਵੇਂ ਨੰਬਰ ਤੋਂ ਨੰਬਰ-1 ‘ਤੇ ਲਿਆ ਖੜ੍ਹਾ ਕੀਤਾ। ‘ਆਪ’ ਸਰਕਾਰ ਦੇ ਇਸੇ ਸ਼ਾਨਦਾਰ ਕੰਮ ਨੂੰ ਭਾਜਪਾ ਕਲੰਕਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 10 ਸਾਲ ਤੱਕ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਅਤੇ 5 ਸਾਲ ਤੋਂ ਪੰਜਾਬ ਵਿੱਚ ਹੈ, ਪਰ ਅੱਜ ਤੱਕ ਇੱਕ ਵੀ ਪੇਪਰ ਲੀਕ ਨਹੀਂ ਹੋਇਆ। ਜਦਕਿ ਭਾਜਪਾ ਦੀ ਜਿੱਥੇ-ਜਿੱਥੇ ਸਰਕਾਰ ਹੈ, ਉੱਥੇ ਲਗਾਤਾਰ ਪੇਪਰ ਲੀਕ ਹੋ ਰਹੇ ਹਨ। ਭਾਜਪਾ ਨੂੰ ਆਪਣੀ ਇਹ ਨਾਕਾਮੀ ਬੁਰੀ ਤਰ੍ਹਾਂ ਚੁੱਭ ਰਹੀ ਹੈ। ਸੱਚ ਤਾਂ ਇਹ ਹੈ ਕਿ ਇਹਨਾਂ ਕੋਲ ਪੰਜਾਬ ਵਿੱਚ ਕੁਝ ਕਹਿਣ ਲਈ ਨਹੀਂ ਹੈ। ਇਸ ਲਈ ਪੇਪਰ ਲੀਕ ਦਾ ਝੂਠਾ ਦੋਸ਼ ਲਗਾ ਰਹੇ ਹਨ।

ਦਿੱਲੀ ਸਥਿਤ ‘ਆਪ’ ਮੁੱਖ ਦਫ਼ਤਰ ‘ਤੇ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਪੇਪਰ ਲੀਕ ਦਾ ਝੂਠਾ ਦੋਸ਼ ਲਗਾ ਰਹੀ ਭਾਜਪਾ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਸਪੱਸ਼ਟ ਕਿਹਾ ਕਿ 10 ਸਾਲ ਤੱਕ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ, ਇੱਕ ਵੀ ਪੇਪਰ ਲੀਕ ਨਹੀਂ ਹੋਇਆ। 5 ਸਾਲ ਤੋਂ ਪੰਜਾਬ ਵਿੱਚ ਸਾਡੀ ਸਰਕਾਰ ਹੈ, ਉੱਥੇ ਵੀ ਇੱਕ ਵੀ ਪੇਪਰ ਲੀਕ ਨਹੀਂ ਹੋਇਆ। ਇਹ ਗੱਲ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਚੁੱਭ ਰਹੀ ਹੈ। ਇਹ ਪੂਰੇ ਦੇਸ਼ ਦੇ ਸਾਹਮਣੇ ਹੈ ਕਿ ਭਾਜਪਾ ਦੇ ਹਰ ਰਾਜ ਦੇ ਅੰਦਰ ਪੇਪਰ ਲੀਕ ਹੋ ਰਹੇ ਹਨ ਅਤੇ ਆਮ ਆਦਮੀ ਪਾਰਟੀ ਦੀ ਦੋ ਰਾਜਾਂ ਵਿੱਚ ਸਰਕਾਰ ਬਣੀ, ਪਰ ਇੱਕ ਵੀ ਪੇਪਰ ਲੀਕ ਨਹੀਂ ਹੋਇਆ।

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਜਿਸ ਪੇਪਰ ਬਾਰੇ ਦੋਸ਼ ਲਗਾਇਆ ਜਾ ਰਿਹਾ ਹੈ, ਉਸ ਵਿੱਚ ਦੋ ਸੈਂਟਰਾਂ ਦੇ ਅੰਦਰ ਕੁਝ ਬੱਚੇ ਸਮਾਰਟ ਪੈੱਨ ਲੈ ਕੇ ਅੰਦਰ ਚਲੇ ਗਏ ਸਨ। ਸਮਾਰਟ ਪੈੱਨ ਜ਼ਰੀਏ ਉਨ੍ਹਾਂ ਨੇ ਪੇਪਰ ਦੀ ਸਕੈਨਿੰਗ ਕਰਕੇ ਫੋਟੋ ਬਾਹਰ ਭੇਜਣ ਦੀ ਕੋਸ਼ਿਸ਼ ਕੀਤੀ, ਤਾਂ ਜੋ ਬਾਹਰੋਂ ਉਨ੍ਹਾਂ ਦੇ ਉੱਤਰ ਆ ਸਕਣ। ਉਨ੍ਹਾਂ ਨੇ ਨਕਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹ 10-11 ਬੱਚੇ ਜੋ ਵੀ ਸਨ, ਉਹ ਉਸੀ ਸਮੇਂ ਉੱਥੇ ਹੀ ਫੜੇ ਗਏ। ਕੋਈ ਪੇਪਰ ਲੀਕ ਨਹੀਂ ਹੋਇਆ ਹੈ। ਇਹ ਲੋਕ ਝੂਠਾ ਦੋਸ਼ ਲਗਾ ਰਹੇ ਹਨ ਕਿ ਪੇਪਰ ਲੀਕ ਹੋ ਗਿਆ, ਕਿਉਂਕਿ ਇਹਨਾਂ ਕੋਲ ਕੁਝ ਕਹਿਣ ਨੂੰ ਨਹੀਂ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਜਦੋਂ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਤਾਂ ਉਸ ਤੋਂ ਪਹਿਲਾਂ ਵਾਲੇ ਸਾਲ ਵਿੱਚ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਵਿੱਚ 27ਵੇਂ ਨੰਬਰ ‘ਤੇ ਸੀ। ਅੱਜ ਪੰਜਾਬ ਕੇਰਲ ਨੂੰ ਪਿੱਛੇ ਛੱਡ ਕੇ ਨੰਬਰ ਵਨ ‘ਤੇ ਆ ਗਿਆ ਹੈ। ਪੰਜਾਬ ਵਿੱਚ ਸਿੱਖਿਆ ਦੇ ਖੇਤਰ ਵਿੱਚ ਜੋ ਸ਼ਾਨਦਾਰ ਕੰਮ ਹੋਇਆ ਹੈ, ਉਸ ਨੂੰ ਕਲੰਕਿਤ ਕਰਨ ਅਤੇ ਉਸ ‘ਤੇ ਗਲਤ ਦੋਸ਼ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਭਰੋਸੇ ਤੋਂ ਬਾਅਦ ਵੀ ਵਿਦਿਆਰਥੀਆਂ ‘ਤੇ ਪੁਲਿਸ ਦੀ ਕਾਰਵਾਈ ਤੋਂ ਸਾਫ਼, ਕੇਂਦਰ ਸਰਕਾਰ ਝੂਠੀ ਹੈ- ਕੇਜਰੀਵਾਲ

ਕੇਂਦਰ ਸਰਕਾਰ ਵੱਲੋਂ ਵਿਦਿਆਰਥੀਆਂ ‘ਤੇ ਕਾਰਵਾਈ ਨਾ ਹੋਣ ਦੇ ਭਰੋਸੇ ਦੇ ਬਾਵਜੂਦ ਬਿਹਾਰ, ਪੱਛਮੀ ਬੰਗਾਲ ਸਮੇਤ ਕਈ ਰਾਜਾਂ ਵਿੱਚ ਪੁਲਿਸ ਦੀ ਕਾਰਵਾਈ ਦੇ ਸਵਾਲ ‘ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਤਰ੍ਹਾਂ ਆਪਣੇ ਹੀ ਲੋਕਾਂ ‘ਤੇ ਐਕਸ਼ਨ ਲੈਣਾ ਸਹੀ ਨਹੀਂ ਹੈ। ਖਾਸ ਕਰਕੇ ਜਦੋਂ ਪੂਰੇ ਦੇਸ਼ ਦੇ ਸਾਹਮਣੇ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਅਸੀਂ ਵਿਦਿਆਰਥੀਆਂ ‘ਤੇ ਕੋਈ ਐਕਸ਼ਨ ਨਹੀਂ ਲਵਾਂਗੇ। ਪਰ ਹੁਣ ਵਿਦਿਆਰਥੀਆਂ ਉੱਤੇ ਪੁਲਿਸ ਕਾਰਵਾਈ ਕੀਤੀ ਜਾ ਰਹੀ ਹੈ, ਮੁਕੱਦਮੇ ਕੀਤੇ ਜਾ ਰਹੇ ਹਨ ਅਤੇ ਲਾਠੀਚਾਰਜ ਕੀਤਾ ਜਾ ਰਹਾ ਹੈ। ਇਸ ਤੋਂ ਤਾਂ ਇਹੋ ਲੱਗਦਾ ਹੈ ਕਿ ਇਹ ਸਰਕਾਰ ਝੂਠੀ ਹੈ। ਜੋ ਵੀ ਬੋਲਦੀ ਹੈ, ਆਪਣੀ ਗੱਲ ‘ਤੇ ਕਾਇਮ ਨਹੀਂ ਰਹਿੰਦੀ ਹੈ।

ਪ੍ਰਧਾਨ ਮੰਤਰੀ ਦੀ ਪੇਪਰ ਲੀਕ ਰੋਕਣ ਦੀ ਨੀਅਤ ਹੀ ਨਹੀਂ, ਸਖ਼ਤ ਕਾਨੂੰਨ ਬਣਾਉਣ ਨਾਲ ਵੀ ਕੁਝ ਨਹੀਂ ਹੋਵੇਗਾ- ਕੇਜਰੀਵਾਲ

ਪੇਪਰ ਲੀਕ ‘ਤੇ ਬਿੱਲ ਲਿਆਂਦੇ ਜਾਣ ਅਤੇ ਸਖ਼ਤ ਕਾਨੂੰਨ ਬਣਾਉਣ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਪਿਛਲੇ ਚਾਰ-ਪੰਜ ਸਾਲ ਦੇ ਬਿਆਨ ਚੁੱਕ ਕੇ ਸੋਸ਼ਲ ਮੀਡੀਆ ‘ਤੇ ਖੂਬ ਚੱਲ ਰਹੇ ਹਨ। ਦੋ ਸਾਲ ਪਹਿਲਾਂ ਪ੍ਰਧਾਨ ਮੰਤਰੀ ਨੇ ਸੰਸਦ ਵਿੱਚ ਬੋਲਿਆ ਸੀ ਕਿ ਅਸੀਂ ਪਹਿਲਾਂ ਹੀ ਸਖ਼ਤ ਕਾਨੂੰਨ ਬਣਾ ਚੁੱਕੇ ਹਾਂ। ਫਿਰ 2024 ਵਿੱਚ ਪੇਪਰ ਲੀਕ ਦੇ ਮਾਸਟਰਮਾਈਂਡ ਨੂੰ ਇਹਨਾਂ ਨੇ ਵੱਡੇ ਤਾਮਝਾਮ ਨਾਲ ਗ੍ਰਿਫ਼ਤਾਰ ਕਰਵਾਇਆ। ਗ੍ਰਿਫ਼ਤਾਰ ਕਰਵਾਉਣ ਦੇ 3 ਮਹੀਨਿਆਂ ਵਿੱਚ ਹੀ ਉਸ ਦੀ ਜ਼ਮਾਨਤ ਕਰਵਾ ਦਿੱਤੀ ਅਤੇ ਹੁਣ ਪਿਛਲੇ ਹਫ਼ਤੇ ਸੀਬੀਆਈ ਨੇ ਕਲੀਨ ਚਿੱਟ ਦੇ ਕੇ ਉਸ ਦਾ ਮੁਕੱਦਮਾ ਵਾਪਸ ਲੈ ਲਿਆ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੇਪਰ ਲੀਕ ਰੋਕਣ ਦੀ ਸਰਕਾਰ ਅਤੇ ਪ੍ਰਧਾਨ ਮੰਤਰੀ ਦੀ ਨੀਅਤ ਹੀ ਨਹੀਂ ਹੈ। ਜਦੋਂ ਪੇਪਰ ਲੀਕ ਮਾਫੀਆ ਖਿਲਾਫ਼ ਐਕਸ਼ਨ ਲੈਣ ਦੀ ਇਹਨਾਂ ਦੀ ਨੀਅਤ ਹੀ ਨਹੀਂ ਹੈ, ਤਾਂ ਜੋ ਮਰਜ਼ੀ ਕਾਨੂੰਨ ਬਣਾ ਲਓ, ਕਾਨੂੰਨ ਬਣਾਉਣ ਨਾਲ ਕੀ ਹੁੰਦਾ ਹੈ? ਜੇਕਰ ਕਾਰਵਾਈ ਕਰਨ ਦੀ ਨੀਅਤ ਹੁੰਦੀ ਤਾਂ ਪਹਿਲਾਂ ਤੋਂ ਹੀ ਕਈ ਕਾਨੂੰਨ ਬਣੇ ਹਨ। ਉਨ੍ਹਾਂ ਕਾਨੂੰਨਾਂ ਤਹਿਤ ਪੇਪਰ ਲੀਕ ਕਰਨ ਵਾਲਿਆਂ ਖਿਲਾਫ਼ ਐਕਸ਼ਨ ਲਿਆ ਜਾ ਸਕਦਾ ਹੈ ਅਤੇ ਸਜ਼ਾ ਦਿਵਾਈ ਜਾ ਸਕਦੀ ਹੈ। ਫਿਰ ਵੀ ਸਖ਼ਤ ਕਾਨੂੰਨ ਹੋਰ ਬਣਦੇ ਹਨ, ਤਾਂ ਆਮ ਆਦਮੀ ਪਾਰਟੀ ਉਸ ਦਾ ਸਵਾਗਤ ਕਰਦੀ ਹੈ। ਪਰ ਪੇਪਰ ਲੀਕ ਮਾਫੀਆ ਨੂੰ ਫੜ ਕੇ ਜੇਲ੍ਹ ਵਿੱਚ ਪਾਉਣ ਦੀ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦੀ ਪਹਿਲਾਂ ਨੀਅਤ ਹੋਣੀ ਚਾਹੀਦੀ ਹੈ। 

Leave a Reply

Your email address will not be published. Required fields are marked *