ਸਿਖਲਾਈ ਲਈ ਫਿਨਲੈਂਡ ਜਾਣ ਵਾਲੇ ਅਧਿਆਪਕਾਂ ਦੇ ਪਹਿਲੇ ਬੈਚ ਨੂੰ ਕੀਤਾ ਰਵਾਨਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਾਡੀ ਸਰਕਾਰ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਦਿਆਂ ਅਧਿਆਪਕਾਂ, ਵਿਦਿਆਰਥੀਆਂ ਤੇ ਸਕੂਲਾਂ ਵਿੱਚ ਨਿਵੇਸ਼ ਕਰ ਰਹੀ ਹੈ।

ਫਿਨਲੈਂਡ ਵਿੱਚ ਸਿਖਲਾਈ ਲਈ ਜਾਣ ਵਾਲੇ ਅਧਿਆਪਕਾਂ ਦੇ ਪਹਿਲੇ ਬੈਚ ਨੂੰ ਰਵਾਨਾ ਕਰਦਿਆਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਪੰਜਾਬ ਦੇ ਸਿੱਖਿਆ ਢਾਂਚੇ ਵਿੱਚ ਇਕ ਅਹਿਮ ਮੀਲ ਪੱਥਰ ਹੈ ਕਿਉਂਕਿ ਅੱਜ ਅਸੀਂ ਇੱਥੇ ਆਪਣੇ 72 ਪ੍ਰਾਇਮਰੀ ਅਧਿਆਪਕਾਂ ਨੂੰ ਪੇਸ਼ੇਵਰ ਸਿੱਖਿਆ ਲਈ ਫਿਨਲੈਂਡ ਦੇ ਸਫ਼ਰ ਵਾਸਤੇ ਰਵਾਨਾ ਕਰਨ ਆਏ ਹਾਂ। ਉਨ੍ਹਾਂ ਕਿਹਾ ਕਿ ਇਹ ਮਹਿਜ਼ ਨਵੇਂ ਮੁਲਕ ਦਾ ਸਫ਼ਰ ਹੀ ਨਹੀਂ ਹੈ, ਸਗੋਂ ਪੰਜਾਬ ਵਿੱਚ ਸਿੱਖਿਆ ਦੇ ਭਵਿੱਖੀ ਨਕਸ਼ ਘੜਨ ਦੀ ਦਿਸ਼ਾ ਵਿੱਚ ਨਵੀਆਂ ਅਧਿਆਪਨ ਤਕਨੀਕਾਂ, ਬਿਹਤਰੀਨ ਰਵਾਇਤਾਂ ਅਤੇ ਨਵੇਂ ਤਰੀਕਿਆਂ ਬਾਰੇ ਸਮਝਣ ਦਾ ਮੌਕਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਿੱਖਿਆ ਕਿਸੇ ਵੀ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਅਤੇ ਪੰਜਾਬ ਵਿੱਚ ਸੂਬਾ ਸਰਕਾਰ ਸਿੱਖਿਆ ਢਾਂਚੇ ਨੂੰ ਸੁਧਾਰਨ ਲਈ ਲਗਾਤਾਰ ਹੰਭਲੇ ਮਾਰ ਰਹੀ ਹੈ ਤਾਂ ਕਿ ਹਰੇਕ ਬੱਚੇ ਦੀ ਬਿਨਾਂ ਕਿਸੇ ਪੱਖਪਾਤ ਤੋਂ ਉੱਚ ਮਿਆਰੀ ਸਿੱਖਿਆ ਤੱਕ ਪਹੁੰਚ ਯਕੀਨੀ ਬਣੇ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਤੋਂ 72 ਅਧਿਆਪਕਾਂ ਨੂੰ ਫਿਨਲੈਂਡ ਭੇਜਣ ਦੀ ਇਹ ਪਹਿਲਕਦਮੀ ਸਿੱਖਿਆ ਦੇ ਇਸ ਮੰਤਵ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਫਿਨਲੈਂਡ ਨੂੰ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਆਪਣੇ ਸਭ ਤੋਂ ਪ੍ਰਭਾਵਸ਼ਾਲੀ ਸਿੱਖਿਆ ਢਾਂਚੇ ਲਈ ਇਹ ਮੁਲਕ ਦੁਨੀਆ ਭਰ ਵਿੱਚ ਮਕਬੂਲ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਦੌਰਾ ਸਿਰਫ਼ ਪਾਠਕ੍ਰਮ ਤੱਕ ਸੀਮਤ ਨਹੀਂ ਹੈ, ਸਗੋਂ ਇਹ ਪੜ੍ਹਾਈ ਦੀ ਵਿਧੀ, ਫ਼ਲਸਫ਼ੇ ਅਤੇ ਸਿਰਜਣਾ ਤੇ ਨਵੀਨਤਾਕਾਰੀ ਨੂੰ ਉਤਸ਼ਾਹਤ ਕਰਨ ਦਾ ਸੱਭਿਆਚਾਰ ਪੈਦਾ ਕਰਨ ਲਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਫਿਨਲੈਂਡ ਦਾ ਸਿੱਖਿਆ ਢਾਂਚਾ ਮਿਆਰ, ਅਧਿਆਪਕ ਦੀ ਖ਼ੁਦਮੁਖਤਾਰੀ ਅਤੇ ਵਿਦਿਆਰਥੀ ਕੇਂਦਰਿਤ ਲਰਨਿੰਗ ਉਤੇ ਜ਼ੋਰ ਦਿੰਦਾ ਹੈ। ਇਹੀ ਗੁਣ ਸੂਬਾ ਸਰਕਾਰ ਪੰਜਾਬ ਦੇ ਸਿੱਖਿਆ ਢਾਂਚੇ ਵਿੱਚ ਲਿਆਉਣਾ ਚਾਹੁੰਦੀ ਹੈ। ਅਧਿਆਪਕਾਂ ਨਾਲ ਆਪਣੀ ਭਾਵਨਾਤਮਕ ਸਾਂਝ ਦੀ ਗੱਲ ਕਰਦਿਆਂ ਉਨ੍ਹਾਂ ਅਧਿਆਪਕਾਂ ਨੂੰ ਭਵਿੱਖ ਦੇ ਨਕਸ਼ਘਾੜੇ ਦੱਸਿਆ ਕਿਉਂਕਿ ਅਧਿਆਪਕ ਨਾ ਸਿਰਫ਼ ਬੱਚਿਆਂ ਨੂੰ ਮਾਨਸਿਕ ਪੱਖੋਂ ਵਿਕਸਤ ਕਰਦੇ ਹਨ, ਸਗੋਂ ਬੱਚਿਆਂ ਵਿੱਚ ਰਹਿਮ, ਜ਼ਿੰਮੇਵਾਰੀ ਅਤੇ ਨਵੀਆਂ ਖੋਜਾਂ ਲਈ ਉਤਸ਼ਾਹਤ ਕਰਨ ਦੀ ਭਾਵਨਾ ਭਰ ਕੇ ਉਨ੍ਹਾਂ ਦੇ ਚਰਿੱਤਰ ਦਾ ਨਿਰਮਾਣ ਵੀ ਕਰਦੇ ਹਨ। ਭਗਵੰਤ ਸਿੰਘ ਮਾਨ ਨੇ ਉਮੀਦ ਜਤਾਈ ਕਿ ਇਸ ਸਿਖਲਾਈ ਨਾਲ ਅਧਿਆਪਕਾਂ ਨੂੰ ਨਵੀਆਂ ਸਿੱਖਿਆ ਰਣਨੀਤੀਆਂ, ਕਲਾਸਰੂਮ ਮੈਨੇਜਮੈਂਟ ਜੁਗਤਾਂ ਅਤੇ ਸਿੱਖਿਆ ਨੂੰ ਵਿਦਿਆਰਥੀ ਕੇਂਦਰਤ ਕਰਨ ਲਈ ਵਿਆਪਕ ਪਹੁੰਚ ਬਾਰੇ ਸਿੱਖਣ ਦਾ ਮੌਕਾ ਮਿਲੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਨਾ ਸਿਰਫ਼ ਕਲਾਸਰੂਮਾਂ ਦੇ ਮਾਹੌਲ ਵਿੱਚ ਤਬਦੀਲੀ ਆਵੇਗੀ, ਸਗੋਂ ਇਸ ਉਤੇ ਹਜ਼ਾਰਾਂ ਵਿਦਿਆਰਥੀਆਂ ਦੀਆਂ ਜ਼ਿੰਦਗੀਆਂ ਵੀ ਨਿਰਭਰ ਕਰਨਗੀਆਂ, ਜਿਨ੍ਹਾਂ ਨੂੰ ਇਸ ਆਲਮੀ ਤਜਰਬੇ ਤੋਂ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਫਿਨਲੈਂਡ ਦੀ ਸਿੱਖਿਆ ਵਿੱਚ ਆਪਸੀ ਵਿਚਾਰ-ਵਟਾਂਦਰਾ ਤੇ ਵਿਦਿਆਰਥੀ ਕੇਂਦਰਤ ਤਕਨੀਕਾਂ ਉਤੇ ਜ਼ੋਰ ਦਿੱਤਾ ਜਾਂਦਾ ਹੈ ਤਾਂ ਕਿ ਵਿਦਿਆਰਥੀਆਂ ਦੀ ਸੋਚ ਨੂੰ ਖੰਭ ਦਿੱਤੇ ਜਾਣ ਸਕਣ ਅਤੇ ਉਨ੍ਹਾਂ ਨੂੰ ਮੁਸ਼ਕਲਾਂ ਦੇ ਹੱਲ ਲੱਭਣ ਤੇ ਸਿਰਜਣਾ ਲਈ ਉਤਸ਼ਾਹਤ ਕੀਤਾ ਜਾਵੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਫਿਨਲੈਂਡ ਵਿੱਚ ਅਧਿਆਪਕਾਂ ਨੂੰ ਬਹੁਤ ਹੱਦ ਤੱਕ ਖ਼ੁਦਮੁਖਤਾਰੀ ਹਾਸਲ ਹੈ, ਜਿਸ ਨਾਲ ਅਧਿਆਪਕਾਂ ਕੋਲ ਵੱਖ-ਵੱਖ ਕਲਾਸਰੂਮਾਂ ਦੀਆਂ ਲੋੜਾਂ ਮੁਤਾਬਕ ਵੱਖਰੇ ਹੱਲ ਲਾਗੂ ਕਰਨ ਦੀ ਖੁੱਲ੍ਹ ਹੁੰਦੀ ਹੈ।

ਮੁੱਖ ਮੰਤਰੀ ਨੇ ਆਖਿਆ ਕਿ ਫਿਨਲੈਂਡ ਦਾ ਸਿੱਖਿਆ ਮਾਡਲ ਸਿਰਫ਼ ਅਕਾਦਮਿਕ ਲਰਨਿੰਗ ਉਤੇ ਜ਼ੋਰ ਨਹੀਂ ਦਿੰਦਾ, ਸਗੋਂ ਵਿਦਿਆਰਥੀਆਂ ਦੇ ਭਾਵੁਕ, ਸਮਾਜਿਕ ਤੇ ਸਰੀਰਕ ਵਿਕਾਸ ਵੱਲ ਵੀ ਧਿਆਨ ਦਿੱਤਾ ਜਾਂਦਾ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸ ਸਿਖਲਾਈ ਨਾਲ ਸਾਡੇ ਅਧਿਆਪਕਾਂ ਨੂੰ ਫਿਨਲੈਂਡ ਦੇ ਸਿੱਖਿਆ ਸ਼ਾਸਤਰੀਆਂ ਨਾਲ ਮਿਲ ਕੇ ਕੰਮ ਕਰਨ, ਆਪਣੇ ਨਜ਼ਰੀਏ ਸਾਂਝੇ ਕਰਨ ਅਤੇ ਲੰਮੇ ਸਮੇਂ ਲਈ ਸਹਿਯੋਗ ਦਾ ਮੌਕਾ ਮਿਲੇਗਾ। ਭਗਵੰਤ ਸਿੰਘ ਮਾਨ ਨੇ ਆਸ ਪ੍ਰਗਟਾਈ ਕਿ ਇਹ ਅਧਿਆਪਕ ਪਰਤ ਕੇ ਤਬਦੀਲੀ ਦੇ ਸਫ਼ੀਰ ਬਣਨਗੇ ਕਿਉਂਕਿ ਉਹ ਫਿਨਲੈਂਡ ਵਿੱਚ ਹਾਸਲ ਗਿਆਨ ਤੇ ਹੁਨਰ ਰਾਹੀਂ ਪੰਜਾਬ ਵਿੱਚ ਸਿੱਖਿਆ ਲਈ ਅਨੁਕੂਲ ਮਾਹੌਲ ਪੈਦਾ ਕਰਨਗੇ।

ਮੁੱਖ ਮੰਤਰੀ ਨੇ ਅਧਿਆਪਕਾਂ ਨੂੰ ਆਖਿਆ ਕਿ ਉਹ ਇਸ ਸਿਖਲਾਈ ਨੂੰ ਇਕ ਬੀਜ ਵਜੋਂ ਲੈਣ, ਜਿਸ ਤੋਂ ਗਿਆਨ ਦਾ ਵੱਡਾ ਦਰੱਖਤ ਬਣੇਗਾ, ਜੋ ਖ਼ਾਸ ਤੌਰ ਉਤੇ ਵਿਦਿਆਰਥੀਆਂ ਅਤੇ ਸਮੁੱਚੇ ਤੌਰ ਉਤੇ ਪੂਰੇ ਭਾਈਚਾਰੇ ਲਈ ਲਾਭਦਾਇਕ ਹੋਵੇਗਾ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਸਿੱਖੀਆਂ ਇਨ੍ਹਾਂ ਸਿੱਖਿਆ ਜੁਗਤਾਂ ਨੂੰ ਪੰਜਾਬ ਵਿੱਚ ਲਾਗੂ ਕਰਵਾਉਣ ਲਈ ਸੂਬਾ ਸਰਕਾਰ ਵਚਨਬੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਅਜਿਹੇ ਪਲੇਟਫਾਰਮ ਸਿਰਜੇਗੀ, ਜਿਸ ਨਾਲ ਇਹ ਅਧਿਆਪਕ ਆਪਣੇ ਇਸ ਗਿਆਨ ਬਾਰੇ ਦੂਜੇ ਅਧਿਆਪਕਾਂ ਨੂੰ ਦੱਸ ਸਕਣ ਅਤੇ ਸਾਡੇ ਸਕੂਲਾਂ ਵਿੱਚ ਲਗਾਤਾਰ ਸੁਧਾਰ ਦਾ ਸੱਭਿਆਚਾਰ ਪੈਦਾ ਹੋਵੇ। ਭਗਵੰਤ ਸਿੰਘ ਮਾਨ ਨੇ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਬਦਲਾਅ ਵਾਲੀ ਪਹਿਲਕਦਮੀ ਉਤੇ ਮਾਣ ਮਹਿਸੂਸ ਕਰਨ ਕਿਉਂਕਿ ਉਹ ਸਿਰਫ਼ ਸਿਖਲਾਈ ਲਈ ਨਹੀਂ ਜਾ ਰਹੇ, ਸਗੋਂ ਉਹ ਲੱਖਾਂ ਬੱਚਿਆਂ ਦੇ ਸੁਪਨੇ ਤੇ ਇੱਛਾਵਾਂ ਵੀ ਨਾਲ ਲੈ ਕੇ ਜਾ ਰਹੇ ਹਨ।

ਮੁੱਖ ਮੰਤਰੀ ਨੇ ਅਧਿਆਪਕਾਂ ਨੂੰ ਗਿਆਨ, ਸੂਝ-ਬੂਝ ਤੇ ਅਧਿਆਪਨ ਦੇ ਨਵੇਂ ਜਜ਼ਬੇ ਨਾਲ ਪਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਆਪਣੇ ਅਧਿਆਪਕਾਂ, ਆਪਣੇ ਵਿਦਿਆਰਥੀਆਂ ਤੇ ਆਪਣੇ ਸਕੂਲਾਂ ਵਿੱਚ ਨਿਵੇਸ਼ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਸੂਬੇ ਤੇ ਦੇਸ਼ ਦੀ ਤਰੱਕੀ ਲਈ ਸਿੱਖਿਆ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ। ਸਾਰੇ ਅਧਿਆਪਕਾਂ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਉਮੀਦ ਜਤਾਈ ਕਿ ਫਿਨਲੈਂਡ ਵਿੱਚ ਹਾਸਲ ਇਹ ਤਜਰਬਾ ਅਧਿਆਪਕਾਂ ਦੀ ਸੋਚ ਨੂੰ ਨਵੀਂ ਉਡਾਰੀ ਦੇਵੇਗਾ ਅਤੇ ਇਸ ਨਾਲ ਪੰਜਾਬ ਦੀ ਸਿੱਖਿਆ ਕਹਾਣੀ ਵਿੱਚ ਨਵੇਂ ਅਧਿਆਏ ਦੀ ਸ਼ੁਰੂਆਤ ਹੋਵੇਗੀ।

ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਮੰਤਰੀ ਤੇ ਹੋਰ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ।

Leave a Reply

Your email address will not be published. Required fields are marked *