Latest NewsNewsPunjabPunjabiVigilance Bureau

ਪੰਜਾਬ ਰੋਡਵੇਜ਼ ਦਾ ਸੁਪਰਡੈਂਟ 40000 ਰੁਪਏ ਰਿਸ਼ਵਤ ਲੈਂਦਾ ਪੰਜਾਬ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਕੀਤਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਜਲੰਧਰ ਦੇ ਪੰਜਾਬ ਰੋਡਵੇਜ਼ ਡਿਪੂ-1 ਵਿਖੇ ਤਾਇਨਾਤ ਸੁਪਰਡੈਂਟ ਬਲਵੰਤ…

Latest NewsNewsPunjabPunjabi

ਕੈਬਨਿਟ ਮੰਤਰੀ ਹਰਪਾਲ ਚੀਮਾ ਵੱਲੋਂ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ

ਪੰਜਾਬ ਦੇ ਵਿੱਤ, ਆਬਕਾਰੀ ਤੇ ਕਰ ਅਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪ੍ਰਗਟ…

AgricultureLatest NewsNewsPunjabPunjabi

ਪੰਜਾਬ ਦੇ ਖੇਤਾਂ ’ਚ ਨਵੀਂ ਲਹਿਰ,ਮਾਨ ਸਰਕਾਰ ਦੀ ਕੋਸ਼ਿਸ਼ ਨਾਲ ਕਿਸਾਨਾਂ ਨੇ ਮੱਕੀ ਵੱਲ ਵਧਾਇਆ ਰੁਝਾਨ

“ਰੰਗਲਾ ਪੰਜਾਬ” ਦਾ ਦ੍ਰਿਸ਼ਟੀਕੋਣ ਸ਼ਹਿਰਾਂ ਨੂੰ ਸੁੰਦਰ ਬਣਾਉਣ ਤੱਕ ਸੀਮਤ ਨਹੀਂ ਹੈ; ਇਸਦਾ ਅਸਲ ਅਰਥ ਜ਼ਮੀਨ ਨੂੰ ਠੀਕ ਕਰਨਾ ਅਤੇ…

Latest NewsNationalNewsPunjabPunjabi

ਭਾਰਤ ਚੋਣ ਕਮਿਸ਼ਨ ਵੱਲੋਂ “ਬੁੱਕ ਏ ਕਾਲ ਵਿਦ ਬੀ.ਐਲ.ਓ.” ਸੇਵਾ ਦੀ ਸ਼ੁਰੂਆਤ- ਵੋਟਰਾਂ ਲਈ ਇੱਕ ਹੋਰ ਸੁਵਿਧਾਜਨਕ ਕਦਮ

ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸੁਵਿਧਾ ਲਈ ਨਵਾਂ ਮਡਿਊਲ ‘ਬੁੱਕ ਏ ਕਾਲ ਵਿਦ ਬੀ.ਐਲ.ਓ.’ (Book a Call with BLO)…

Latest NewsNewsPunjabPunjabi

ਬਦਲ ਰਿਹਾ ਪੰਜਾਬ ! ਜਲਾਲਾਬਾਦ ਮੰਡੀ ਵਿੱਚ ਸਟ੍ਰੀਟ ਵਿਕਰੇਤਾਵਾਂ ਲਈ ਪੰਜਾਬ ਸਰਕਾਰ ਦੀਆਂ ਸ਼ਲਾਘਾਯੋਗ ਸਹੂਲਤਾ

ਜਲਾਲਾਬਾਦ ਦੀ ਸਥਾਨਕ ਸਬਜ਼ੀ ਅਤੇ ਫਲ ਮੰਡੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ “ਕੰਮ ਦੀ ਰਾਜਨੀਤੀ”…

ਪੰਜਾਬ ਰੋਡਵੇਜ਼ ਦਾ ਸੁਪਰਡੈਂਟ 40000 ਰੁਪਏ ਰਿਸ਼ਵਤ ਲੈਂਦਾ ਪੰਜਾਬ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਕੀਤਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਜਲੰਧਰ ਦੇ ਪੰਜਾਬ ਰੋਡਵੇਜ਼ ਡਿਪੂ-1 ਵਿਖੇ ਤਾਇਨਾਤ ਸੁਪਰਡੈਂਟ ਬਲਵੰਤ ਸਿੰਘ ਨੂੰ 40000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।

ਅੱਜ ਇੱਥੇ ਇਹ ਖੁਲਾਸਾ ਕਰਦਿਆਂ, ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਪੰਜਾਬ ਰੋਡਵੇਜ਼ ਦੇ ਇੱਕ ਸੇਵਾਮੁਕਤ ਡਰਾਈਵਰ ਵੱਲੋਂ ਦਾਇਰ ਕੀਤੀ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਉਪਰੋਕਤ ਸੁਪਰਡੈਂਟ ਨੇ ਉਸਦੀ ਸੇਵਾਮੁਕਤੀ ਤੋਂ ਪਹਿਲਾਂ ਦੇ ਬਕਾਇਆ ਓਵਰਟਾਈਮ ਬਿੱਲ ਤਿਆਰ ਕਰਨ ਦੇ ਬਦਲੇ 50000 ਰੁਪਏ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਦੀ ਬੇਨਤੀ ‘ਤੇ ਸੁਪਰਡੈਂਟ ਇਸ ਕੰਮ ਲਈ 40000 ਰੁਪਏ ਲੈਣ ਲਈ ਸਹਿਮਤ ਹੋ ਗਿਆ ਪਰ ਉਹ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ। ਉਸਨੇ ਅੱਗੇ ਦੋਸ਼ ਲਗਾਇਆ ਕਿ ਲੇਬਰ ਕੋਰਟ ਵਿੱਚ ਚਲਦੇ ਉਸ ਦੇ ਕੇਸ ਦੀ ਸੁਣਵਾਈ ਦੌਰਾਨ ਦੋਸ਼ੀ ਮੁਲਜ਼ਮ ਪਹਿਲਾਂ ਹੀ ਉਸ ਕੋਲੋਂ ਕਿਸ਼ਤਾਂ ਵਿੱਚ 1,54,000 ਰੁਪਏ ਹਾਸਲ ਕਰ ਚੁੱਕਾ ਹੈ।

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਤਸਦੀਕ ਕਰਨ ਤੋਂ ਬਾਅਦ ਜਲੰਧਰ ਰੇਂਜ ਦੀ ਇੱਕ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਉਪਰੋਕਤ ਸੁਪਰਡੈਂਟ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 40000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।

ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਉਕਤ ਸੁਪਰਡੈਂਟ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਕੈਬਨਿਟ ਮੰਤਰੀ ਹਰਪਾਲ ਚੀਮਾ ਵੱਲੋਂ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ

ਪੰਜਾਬ ਦੇ ਵਿੱਤ, ਆਬਕਾਰੀ ਤੇ ਕਰ ਅਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪ੍ਰਗਟ ਉਤਸਵ ਸਬੰਧੀ ਸਜਾਈ ਸ਼ੋਭਾ ਯਾਤਰਾ ਦੀ ਸ਼ੁਰੂਆਤ ਕਰਦਿਆਂ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਦਾ ਸੱਦਾ ਦਿੱਤਾ।

ਲੋਕਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਦੀ ਪੰਜਾਬ ਸਰਕਾਰ ਵੱਲੋਂ ਹਾਰਦਿਕ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਸ਼੍ਰੀ ਚੀਮਾ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਮਹਾਰਾਜ ਦੀਆਂ ਸਿੱਖਿਆਵਾਂ ਸਮਾਜ ਵਿੱਚ ਬਰਾਬਰਤਾ ਦੇ ਨਾਲ-ਨਾਲ ਨੈਤਿਕਤਾ ‘ਤੇ ਜ਼ੋਰ ਦਿੰਦੀਆਂ ਹਨ, ਜੋ ਅਜੋਕੇ ਸਮੇਂ ਵਿੱਚ ਵੀ ਸਾਰਥਕ ਹਨ। ਉਨ੍ਹਾਂ ਕਿਹਾ ਕਿ ਸਾਨੂੰ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਆਦਰਸ਼ ਸਮਾਜ ਦੀ ਸਿਰਜਣਾ ਲਈ ਪੁਰਜ਼ੋਰ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਵਿੱਤ ਮੰਤਰੀ ਵੱਲੋਂ ਸਿਟੀ ਵਾਲਮੀਕਿ ਸਭਾ ਨੂੰ 10 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ ਦੀ ਸੋਚ ’ਤੇ ਚੱਲਦਿਆਂ ਸਭ ਨੂੰ ਵਧ ਤੋਂ ਵੱਧ ਸਿੱਖਿਆ ਹਾਸਲ ਕਰਕੇ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਥੇ ਸਰਕਾਰੀ ਦਫ਼ਤਰਾਂ ਵਿੱਚ ਡਾ. ਬੀ. ਆਰ. ਅੰਬੇਡਕਰ ਅਤੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀਆਂ ਤਸਵੀਰਾਂ ਲਗਾ ਕੇ ਨਵੀਂ ਪਹਿਲਕਦਮੀ ਕੀਤੀ ਗਈ ਹੈ, ਉਥੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗੁਣਵੱਤਾ ਭਰਪੂਰ ਸਿੱਖਿਆ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਮੌਕੇ ਪੰਜਾਬ ਕੇਸਰੀ ਤੋਂ ਅਵਿਨਾਸ਼ ਚੋਪੜਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

ਪੰਜਾਬ ਦੇ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸ਼ੋਭਾ ਯਾਤਰਾ ਵਿੱਚ ਸ਼ਿਰਕਤ ਕਰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਮਹਾਰਾਜ ਦੀ ਮਹਾਨ ਰਚਨਾ ‘ਰਾਮਾਇਣ’ ਮਨੁੱਖੀ ਕਦਰਾਂ ਕੀਮਤਾਂ ਦੀ ਇਕ ਸਾਕਾਰ ਰਚਨਾ ਹੈ। ਉਨ੍ਹਾਂ ਕਿਹਾ ਕਿ ਇਹ ਮਹਾਨ ਮਹਾਕਾਵਿ ਸਦੀਆਂ ਤੋਂ ਲੋਕਾਂ ਨੂੰ ਜੀਵਨ ਜਾਚ ਸਿਖਾ ਰਿਹਾ ਹੈ ਅਤੇ ਰਹਿੰਦੀ ਦੁਨੀਆ ਤੱਕ ਲੋਕਾਈ ਨੂੰ ਸੱਚ ਦਾ ਰਾਹ ਦਿਖਾਉਂਦਾ ਰਹੇਗਾ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਆਪਸੀ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰੇਰਿਆ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਆਪਣੇ ਅਖ਼ਤਿਆਰੀ ਫੰਡ ਵਿੱਚੋਂ ਸਿਟੀ ਵਾਲਮੀਕਿ ਸਭਾ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ।

ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੁੰਦਿਆਂ ਸ਼ਰਧਾਲੂਆਂ ਨੂੰ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪ੍ਰਗਟ ਉਤਸਵ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਵਿੱਚ ਬਰਾਬਰਤਾ ਦਾ ਉਪਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਰਾਬਰੀ ਵਾਲੇ ਸਮਾਜ ਦੇ ਨਿਰਮਾਣ ਲਈ ਸਾਨੂੰ ਭਗਵਾਨ ਵਾਲਮੀਕਿ ਜੀ ਮਹਾਰਾਜ ਵੱਲੋਂ ਦਿਖਾਏ ਰਾਹ ਅਤੇ ਉੱਚ ਆਦਰਸ਼ਾਂ ’ਤੇ ਚੱਲਣ ਦੀ ਲੋੜ ਹੈ। ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਅਖਤਿਆਰੀ ਫੰਡ ’ਚੋਂ ਸਿਟੀ ਵਾਲਮੀਕਿ ਸਭਾ ਨੂੰ 2.50 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਪੰਜਾਬ ਦੇ ਖਣਨ, ਭੂ-ਵਿਗਿਆਨ, ਭੂਮੀ ਤੇ ਜਲ ਸੰਭਾਲ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਵੀ ਸ਼ੋਭਾ ਯਾਤਰਾ ਵਿੱਚ ਸ਼ਿਰਕਤ ਕੀਤੀ ਗਈ। ਉਨ੍ਹਾਂ ਇਸ ਮੌਕੇ ਸ਼ਰਧਾਲੂਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਚਾਨਣ ਮੁਨਾਰੇ ਵਾਂਗ ਹਨ, ਜੋ ਸਦੀਆਂ ਤੋਂ ਸਮਾਜ ਨੂੰ ਸੇਧ ਦਿੰਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਭਗਵਾਨ ਵਾਲਮੀਕਿ ਜੀ ਵੱਲੋਂ ਦਿੱਤੇ ਸਿਧਾਂਤਾਂ ’ਤੇ ਅਮਲ ਕਰਦੇ ਹੋਏ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਜਲੰਧਰ ਨੂੰ ਇਕ ਗੁਲਦਸਤਾ ਦੱਸਦਿਆਂ ਕਿਹਾ ਕਿ ਇਥੇ ਸਭ ਧਰਮਾਂ ਦਾ ਬਰਾਬਰ ਸਤਿਕਾਰ ਕੀਤਾ ਜਾਂਦਾ ਹੈ। ਇਸ ਮੌਕੇ ਸ਼੍ਰੀ ਗੋਇਲ ਨੇ ਸਿਟੀ ਵਾਲਮੀਕਿ ਸਭਾ ਨੂੰ ਆਪਣੇ ਅਖ਼ਤਿਆਰੀ ਫੰਡ ’ਚੋਂ 3 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ।

ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਵੱਲੋਂ ਵੀ ਸ਼ੋਭਾ ਯਾਤਰਾ ਵਿੱਚ ਸ਼ਿਰਕਤ ਕੀਤੀ ਗਈ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦਾ ਸੰਦੇਸ਼ ਅੱਜ ਦੇ ਯੁੱਗ ਵਿੱਚ ਵੀ ਪ੍ਰਸੰਗਿਕ ਹੈ, ਜਿਸ ’ਤੇ ਅਮਲ ਕਰਕੇ ਸਮਾਜ ਵਿੱਚ ਬਰਾਬਰਤਾ ਲਿਆਂਦੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਪਵਿੱਤਰ ਮੌਕੇ ਸਾਨੂੰ ਭਗਵਾਨ ਵਾਲਮੀਕਿ ਜੀ ਵੱਲੋਂ ਦਰਸਾਏ ਨੈਤਿਕਤਾ, ਤਿਆਗ ਤੇ ਦੀਨ-ਦੁਖੀਆਂ ਦੀ ਸੇਵਾ ਦੇ ਰਸਤੇ ਨੂੰ ਅਪਣਾਕੇ ਬਿਹਤਰ ਸਮਾਜ ਦੀ ਸਿਰਜਣਾ ਦਾ ਪ੍ਰਣ ਕਰਨਾ ਚਾਹੀਦਾ ਹੈ। ਇਸ ਮੌਕੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਆਪਣੇ ਅਖਤਿਆਰੀ ਫੰਡ ’ਚੋਂ ਸਿਟੀ ਵਾਲਮੀਕਿ ਸਭਾ ਨੂੰ 5 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ।

ਇਸ ਮੌਕੇ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ, ਮੇਅਰ ਵਿਨੀਤ ਧੀਰ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ, ਇੰਪਰੂਵਮੈਂਟ ਟਰੱਸਟ ਜਲੰਧਰ ਦੇ ਚੇਅਰਮੈਨ ਰਮਣੀਕ ਸਿੰਘ ਰੰਧਾਵਾ, ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਮੰਗਲ ਸਿੰਘ ਬੱਸੀ, ਪੰਜਾਬ ਖਾਦੀ ਬੋਰਡ ਦੇ ਵਾਈਸ ਚੇਅਰਮੈਨ ਪਵਨ ਹੰਸ, ਸੀਨੀਅਰ ‘ਆਪ’ ਆਗੂ ਨਿਤਿਨ ਕੋਹਲੀ, ਰਾਜਵਿੰਦਰ ਕੌਰ ਥਿਆੜਾ, ਦਿਨੇਸ਼ ਢੱਲ ਤੋਂ ਇਲਾਵਾ ਹੋਰ ਵੀ ਸ਼ਖਸੀਅਤਾਂ ਮੌਜੂਦ ਸਨ।

ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਸਬੰਧੀ ਮੁੱਖ ਮੰਤਰੀ ਵੱਲੋਂ ਸਿੱਖ ਸੰਤਾਂ, ਮਹਾਂਪੁਰਸ਼ਾਂ ਤੇ ਵਿਦਵਾਨਾਂ ਨਾਲ ਮੀਟਿੰਗ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਕੌਮੀ ਪੱਧਰ ’ਤੇ ਮਨੁੱਖੀ ਅਧਿਕਾਰ ਦਿਵਸ ਵਜੋਂ ਮਨਾਉਣ ਲਈ ਸੂਬਾ ਸਰਕਾਰ ਇਸ ਮਾਮਲੇ ਨੂੰ ਭਾਰਤ ਸਰਕਾਰ ਕੋਲ ਉਠਾਏਗੀ।

ਅੱਜ ਇੱਥੇ ਸੰਤ ਸਮਾਜ ਦੀਆਂ ਉੱਘੀਆਂ ਸ਼ਖਸੀਅਤਾਂ ਨਾਲ ਵਿਚਾਰ-ਚਰਚਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਕੌਮੀ ਪੱਧਰ ਉਤੇ ਮਨੁੱਖੀ ਅਧਿਕਾਰ ਦਿਵਸ ਵਜੋਂ ਮਨਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਭਰ ਵਿੱਚ ਧਰਮ ਨਿਰਪੱਖਤਾ, ਫਿਰਕੂ ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਸਾਂਝੀਵਾਲਤਾ ਅਤੇ ਧਰਮ ਨਿਰਪੱਖਤਾ ਦੇ ਮੁਦਈ ਸਨ ਅਤੇ ਉਨ੍ਹਾਂ ਨੇ ਦੇਸ਼ ਵਿੱਚ ਮਨੁੱਖੀ ਹੱਕਾਂ ਦੀ ਰਾਖੀ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨੁੱਖੀ ਅਧਿਕਾਰ ਦਿਵਸ ਵਜੋਂ ਮਨਾਉਣ ਨਾਲ ਜਿੱਥੇ ਮਹਾਨ ਗੁਰੂ ਸਾਹਿਬ ਜੀ ਨੂੰ ਨਿਮਾਣੀ ਸ਼ਰਧਾਂਜਲੀ ਹੋਵੇਗੀ, ਉਥੇ ਹੀ ਲੋਕਾਂ ਦਰਮਿਆਨ ਆਪਸੀ ਸਾਂਝ ਹੋਰ ਮਜ਼ਬੂਤ ਹੋਵੇਗੀ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਅਤੇ ਫਲਸਫਾ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ, ਗੁਰੂ ਸਾਹਿਬ ਜੀ ਦੇ ਦਿੱਲੀ ਜਾਂਦੇ ਸਮੇਂ ਅਪਣਾਏ ਰਾਹ ਦੇ ਪੰਜਾਬ ਵਿਚਲੇ ਹਿੱਸੇ ਦਾ ਨਿਰਮਾਣ ਸ੍ਰੀ ਗੁਰੂ ਤੇਗ ਬਹਾਦਰ ਮਾਰਗ ਵਜੋਂ ਕਰਨ ਦੀ ਸੰਭਾਵਨਾ ਤਲਾਸ਼ੇਗੀ। ਉਨ੍ਹਾਂ ਕਿਹਾ ਕਿ ਪੰਜਾਬ ਲੋਕ ਨਿਰਮਾਣ ਅਤੇ ਪੰਜਾਬ ਮੰਡੀ ਬੋਰਡ ਵੱਲੋਂ ਇਸ ਮਾਰਗ ਦੇ ਨਿਰਮਾਣ ਲਈ ਖਾਕਾ ਤਿਆਰ ਕੀਤਾ ਜਾਵੇਗਾ, ਜੋ ਸਹੀ ਮਾਅਨਿਆਂ ਵਿੱਚ ਗੁਰੂ ਸਾਹਿਬ ਜੀ ਪ੍ਰਤੀ ਸ਼ਰਧਾ ਤੇ ਸਤਿਕਾਰ ਲਈ ਨਿਮਾਣਾ ਜਿਹਾ ਉਪਰਾਲਾ ਹੋਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਮਾਰਗ ਨੂੰ ਦਿੱਲੀ ਵਿੱਚ ਗੁਰਦੁਆਰਾ ਸੀਸ ਗੰਜ ਸਾਹਿਬ ਤੱਕ ਲੈ ਜਾਣ ਲਈ ਕੇਂਦਰ ਸਰਕਾਰ ਕੋਲ ਮਾਮਲਾ ਉਠਾਏਗੀ।

ਇਕ ਹੋਰ ਮਾਮਲੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਸ ਰਸਤੇ ਤੋਂ ਮਹਾਨ ਸਿੱਖ ਜਰਨੈਲ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਸੀਸ ਲੈ ਕੇ ਆਏ ਸਨ, ਉਸ ਰਸਤੇ ਨੂੰ ਵਿਕਸਤ ਕਰਕੇ ਬਾਬਾ ਜੀਵਨ ਸਿੰਘ ਮਾਰਗ ਦੇ ਨਾਮ ’ਤੇ ਰੱਖਿਆ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਨੇ ਗੁਰੂ ਸਾਹਿਬ ਜੀ ਦਾ ਸੀਸ ਸ੍ਰੀ ਅਨੰਦਪੁਰ ਸਾਹਿਬ ਲਿਆਉਂਦੇ ਸਮੇਂ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਹਰਿਆਣਾ ਦਾ ਰਸਤਾ ਬਿਖਮ ਅਤੇ ਦੁਸ਼ਵਾਰੀਆਂ ਭਰਿਆ ਸੀ। ਉਨ੍ਹਾਂ ਕਿਹਾ ਕਿ ਸਬੰਧਤ ਸੂਬਿਆਂ ਦੀਆਂ ਸਰਕਾਰਾਂ ਅਤੇ ਭਾਰਤ ਸਰਕਾਰ ਨੂੰ ਇਹ ਮਾਰਗ ਬਣਾਉਣ ਦੀ ਅਪੀਲ ਕੀਤੀ ਜਾਵੇਗੀ, ਜੋ ਮਹਾਨ ਸਿੱਖ ਨਾਇਕ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਇਸ ਦੌਰਾਨ ਮੁੱਖ ਮੰਤਰੀ ਨੇ ਸਕੂਲ ਪਾਠਕ੍ਰਮ ਵਿੱਚ ਗੁਰੂ ਸਾਹਿਬ ਜੀ ਦੇ ਜੀਵਨ ਤੇ ਫਲਸਫੇ ਨੂੰ ਸ਼ਾਮਲ ਕਰਨ ਲਈ ਕਮੇਟੀ ਦੇ ਗਠਨ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਵਿਰਾਸਤ-ਏ-ਖਾਲਸਾ ਮਿਊਜ਼ੀਅਮ ਵਿੱਚ ਕਿਸੇ ਵੀ ਕਿਸਮ ਦੀ ਇਤਰਾਜ਼ਯੋਗ ਸਮੱਗਰੀ, ਜੋ ਸਿੱਖ ਭਾਵਨਾਵਾਂ ਨਾਲ ਮੇਲ ਨਹੀਂ ਖਾਂਦੀ, ਨੂੰ ਮਿਊਜ਼ੀਅਮ ਵਿੱਚੋਂ ਹਟਾਇਆ ਜਾਵੇਗਾ। ਭਗਵੰਤ ਸਿੰਘ ਮਾਨ ਨੇ ਬੇਅਦਬੀ ਵਿਰੋਧੀ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਬਨਬੱਧਤਾ ਨੂੰ ਦੁਹਰਾਇਆ ਤਾਂ ਕਿ ਇਸ ਘਿਨਾਉਣੇ ਅਪਰਾਧ ਦੇ ਸਾਜ਼ਿਸ਼ਘਾੜਿਆਂ ਲਈ ਮਿਸਾਲੀ ਸਜ਼ਾ ਨੂੰ ਯਕੀਨੀ ਬਣਾਇਆ ਜਾ ਸਕੇ।

ਇਸ ਦੌਰਾਨ ਮੁੱਖ ਮੰਤਰੀ ਨੇ ਸੰਤ ਸਮਾਜ ਨੂੰ ਜਾਣੂੰ ਕਰਵਾਇਆ ਕਿ ਸੂਬਾ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਲੜੀਵਾਰ ਸਮਾਗਮ ਉਲੀਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ 25 ਅਕਤੂਬਰ ਨੂੰ ਦਿੱਲੀ ਵਿੱਚ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਹੋਵੇਗੀ ਅਤੇ ਇਕ ਨਵੰਬਰ ਤੋਂ ਸੂਬਾ ਭਰ ਵਿੱਚ ਕੀਰਤਨ ਦਰਬਾਰ ਕਰਵਾਏ ਜਾਣਗੇ। ਇਸ ਦੌਰਾਨ ਭਗਵੰਤ ਸਿੰਘ ਮਾਨ ਨੇ ਕਿਹਾ ਕਿ 15 ਨਵੰਬਰ ਤੋਂ ਸੂਬੇ ਦੀ ਹਰੇਕ ਵਿਦਿਅਕ ਸੰਸਥਾ ਵਿੱਚ ਗੁਰੂ ਸਾਹਿਬ ਜੀ ਦੇ ਮਹਾਨ ਜੀਵਨ, ਫਲਸਫੇ ਅਤੇ ਬਲਿਦਾਨ ਬਾਰੇ ਸੈਮੀਨਾਰ ਕਰਵਾਏ ਜਾਣਗੇ।

ਮੁੱਖ ਮੰਤਰੀ ਨੇ ਕਿਹਾ ਕਿ 18 ਨਵੰਬਰ ਨੂੰ ਸ੍ਰੀਨਗਰ (ਜੰਮੂ-ਕਸ਼ਮੀਰ) ਵਿੱਚ ਕੀਰਤਨ ਦਰਬਾਰ ਕਰਵਾਇਆ ਜਾਵੇਗਾ ਅਤੇ ਅਗਲੇ ਦਿਨ 19 ਨਵੰਬਰ ਨੂੰ ਉਥੋਂ ਨਗਰ ਕੀਰਤਨ ਸਜਾਇਆ ਜਾਵੇਗਾ, ਜਿਸ ਵਿੱਚ ਕਸ਼ਮੀਰੀ ਪੰਡਿਤ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਇਹ ਨਗਰ ਕੀਰਤਨ 19 ਨਵੰਬਰ ਨੂੰ ਜੰਮੂ ਵਿਖੇ, 20 ਨਵੰਬਰ ਨੂੰ ਪਠਾਨਕੋਟ ਵਿੱਚ ਅਤੇ 21 ਨਵੰਬਰ ਨੂੰ ਹੁਸ਼ਿਆਰਪੁਰ ਵਿਖੇ ਠਹਿਰਾਅ ਕਰੇਗਾ। ਇਹ ਨਗਰ ਕੀਰਤਨ 22 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਪੁੱਜੇਗਾ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਨਗਰ ਕੀਰਤਨ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ 19 ਨਵੰਬਰ ਨੂੰ ਸਜਾਇਆ ਜਾਵੇਗਾ ਅਤੇ 20 ਨਵੰਬਰ ਨੂੰ ਫ਼ਰੀਦਕੋਟ ਤੇ ਗੁਰਦਾਸਪੁਰ ਵਿੱਚ ਨਗਰ ਕੀਰਤਨ ਸਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਚਾਰੇ ਨਗਰ ਕੀਰਤਨ 22 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿੱਚ ਸੰਪੂਰਨ ਹੋਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਇਤਿਹਾਸਕ ਯਾਦਗਾਰੀ ਮੌਕੇ ਸੂਬਾ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ 23 ਤੋਂ 25 ਨਵੰਬਰ ਤੱਕ ਵਿਆਪਕ ਪੱਧਰ ’ਤੇ ਸਮਾਗਮ ਉਲੀਕੇ ਜਾਣਗੇ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ 12 ਹਜ਼ਾਰ ਸ਼ਰਧਾਲੂਆਂ ਦੀ ਸਹੂਲਤ ਲਈ ਟੈਂਟ ਸਿਟੀ ਬਣਾਇਆ ਜਾਵੇਗਾ, ਜਿਸ ਦਾ ਨਾਮ ‘ਚੱਕ ਨਾਨਕੀ’ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਨਗਰੀ ਵਿੱਚ ਸਰਬ ਧਰਮ ਸੰਮੇਲਨ ਵੀ ਕਰਵਾਇਆ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਇਤਿਹਾਸਕ ਨਗਰੀ ਵਿੱਚ ਗੁਰੂ ਸਾਹਿਬ ਦੇ ਜੀਵਨ ਤੇ ਫਲਸਫ਼ੇ ਨੂੰ ਦਰਸਾਉਂਦੀ ਪ੍ਰਦਰਸ਼ਨੀ ਤੇ ਡਰੋਨ ਸ਼ੋਅ ਵੀ ਕਰਵਾਇਆ ਜਾਵੇਗਾ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਵੱਲੋਂ ਅਨੰਦਾਂ ਦੀ ਪੁਰੀ-ਸ੍ਰੀ ਅਨੰਦਪੁਰ ਸਾਹਿਬ ਵਿੱਚ ਪੰਜਾਬ ਵਿਧਾਨ ਦਾ ਵਿਸ਼ੇਸ਼ ਸੈਸ਼ਨ ਵੀ ਸੱਦਿਆ ਜਾਵੇਗਾ, ਜਿੱਥੇ ਇਤਿਹਾਸਕ ਮਤੇ ਪਾਸ ਕੀਤੇ ਜਾਣਗੇ। ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ 25 ਨਵੰਬਰ ਨੂੰ ਖ਼ੂਨਦਾਨ ਕੈਂਪਾਂ ਤੇ ਜੰਗਲਾਤ ਵਿਭਾਗ ਵੱਲੋਂ ਵੱਡੇ ਪੱਧਰ ਉੱਤੇ ਪੌਦੇ ਲਾਉਣ ਦੀ ਮੁਹਿੰਮ ਸਣੇ ‘ਸਰਬੱਤ ਦੀ ਭਲਾਈ ਇਕੱਤਰਤਾ’ ਵੀ ਕਰਵਾਈ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਪਵਿੱਤਰ ਨਗਰੀ ਵਿੱਚ 500 ਵਾਹਨਾਂ ਲਈ ਬਹੁ ਮੰਜ਼ਿਲਾ ਪਾਰਕਿੰਗ ਵੀ ਬਣਾਈ ਜਾਵੇਗੀ ਅਤੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਭੀੜ-ਭੜੱਕਾ ਘਟਾਉਣ ਲਈ ਇਕ ਬਾਈਪਾਸ ਦਾ ਨਿਰਮਾਣ ਵੀ ਕਰਵਾਇਆ ਜਾਵੇਗਾ।

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ 350 ਸਾਲਾ ਸ਼ਹੀਦੀ ਦਿਵਸ ਨੂੰ ਢੁਕਵੇਂ ਢੰਗ ਨਾਲ ਮਨਾਉਣ ਲਈ ਦੁਨੀਆ ਭਰ ਤੋਂ ਸੰਤ ਸਮਾਜ ਦਾ ਆਸ਼ੀਰਵਾਦ ਤੇ ਸੁਝਾਅ ਲਏ ਜਾਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਇਹ ਇਤਿਹਾਸਕ ਮੌਕਾ ਉਨ੍ਹਾਂ ਦੇ ਕਾਰਜਕਾਲ ਦੌਰਾਨ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਇਨ੍ਹਾਂ ਸਮਾਗਮਾਂ ਨੂੰ ਢੁਕਵੇਂ ਢੰਗ ਨਾਲ ਨੇਪਰੇ ਚਾੜ੍ਹਨਾ ਯਕੀਨੀ ਬਣਾਏਗੀ ਅਤੇ ਸਮਾਗਮਾਂ ਲਈ ਸੰਕਲਪ ਤੇ ਪ੍ਰੋਗਰਾਮਾਂ ਸਬੰਧੀ ਸੰਤ ਸਮਾਜ ਦੀਆਂ ਸ਼ਖ਼ਸੀਅਤਾਂ ਨੂੰ ਆਪਣੀ ਰਾਇ ਦੇਣ ਲਈ ਬੇਨਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਵਿੱਚ ਮੁੱਖ ਧਿਆਨ ਗੁਰੂ ਸਾਹਿਬ ਦੇ ਜੀਵਨ, ਉਨ੍ਹਾਂ ਦੇ ਫਲਸਫ਼ੇ ਅਤੇ ਮਹਾਨ ਬਲੀਦਾਨ, ਜਿਸ ਤੋਂ ਦੁਨੀਆ ਭਰ ਦੇ ਲੱਖਾਂ ਲੋਕ ਪ੍ਰੇਰਨਾ ਲੈਂਦੇ ਹਨ, ਬਾਰੇ ਲੋਕਾਈ ਨੂੰ ਜਾਣੂੰ ਕਰਵਾਉਣ ਉਤੇ ਕੇਂਦਰਿਤ ਹੋਵੇਗਾ।

ਇਸ ਮੀਟਿੰਗ ਵਿੱਚ ਸੰਤ ਸਮਾਜ ਦੀਆਂ ਅਹਿਮ ਸ਼ਖ਼ਸੀਅਤਾਂ ਵਿੱਚ ਬਾਬਾ ਬਲਬੀਰ ਸਿੰਘ ਜੀ 96 ਕਰੋੜੀ, ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਬਾਬਾ ਸਤਨਾਮ ਸਿੰਘ ਜੀ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ, ਸੰਤ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਰੋਪੜ, ਬਾਬਾ ਤੀਰਥ ਸਿੰਘ ਜੀ ਤਪ ਅਸਥਾਨ ਭਾਈ ਜੈਤਾ ਜੀ, ਭਾਈ ਗੁਰਪ੍ਰੀਤ ਸਿੰਘ ਜੀ ਰੰਧਾਵੇ ਵਾਲੇ, ਬਾਬਾ ਸੁਖਵਿੰਦਰ ਸਿੰਘ ਜੀ ਰਤਵਾੜਾ ਸਾਹਿਬ ਵਾਲੇ, ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਦਾ ਨੁਮਾਇੰਦਾ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੀ ਵਾਲੇ, ਬਾਬਾ ਸੁਰ ਸਿੰਘ ਜੀ ਵਾਲੇ, ਬਾਬਾ ਬੁੱਧ ਸਿੰਘ ਜੀ ਨਿੱਕੇ ਘੁੰਮਣ ਵਾਲੇ, ਸੰਤ ਨਿਰਮਲ ਦਾਸ ਜੀ ਜੋੜੇ ਵਾਲੇ, ਪ੍ਰੋਫੈਸਰ ਅਪਿੰਦਰ ਸਿੰਘ ਜੀ ਮਾਹਲਪੁਰ ਬੁੰਗਾ ਸਾਹਿਬ, ਬਾਬਾ ਨਰਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਵੱਲੋਂ ਬਾਬਾ ਮੇਜਰ ਸਿੰਘ ਜੀ, ਬਾਬਾ ਅਵਤਾਰ ਸਿੰਘ ਧੱਤਲ ਅੰਮ੍ਰਿਤਸਰ, ਬਾਬਾ ਗੁਰਜੀਤ ਸਿੰਘ ਕੁੱਲੀ ਵਾਲੇ ਅੰਮ੍ਰਿਤਸਰ, ਬਾਬਾ ਨੰਦ ਸਿੰਘ ਜੀ ਮੁੰਡਾ ਪਿੰਡ ਵਾਲੇ, ਸੰਤ ਗੁਰਬਚਨ ਸਿੰਘ ਪਾਂਡਵਾ ਫਗਵਾੜਾ, ਬਾਬਾ ਗੁਰਦੇਵ ਸਿੰਘ ਜੀ ਬਜਵਾੜੇ ਵਾਲੇ, ਬਾਬਾ ਬਲਬੀਰ ਸਿੰਘ ਜੀ ਬਿਰਧ ਆਸ਼ਰਮ, ਬਾਬਾ ਜਗਜੀਤ ਸਿੰਘ ਮਿਰਜਾਪੁਰ, ਬਾਬਾ ਸੁੱਖਾ ਸਿੰਘ ਜੀ ਕਾਰ ਸੇਵਾ ਦਿੱਲੀ, ਬਾਬਾ ਜੀਤ ਸਿੰਘ ਜੀ ਨਿਰਮਲ ਕੁਟੀਆ ਜੋਹਲਾਂ ਤੇ ਹੋਰ ਹਾਜ਼ਰ ਸਨ।

ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਹਰਭਜਨ ਸਿੰਘ ਈ.ਟੀ.ਓ. ਅਤੇ ਤਰੁਨਪ੍ਰੀਤ ਸਿੰਘ ਸੌਂਦ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਡੀ.ਜੀ.ਪੀ. ਗੌਰਵ ਯਾਦਵ, ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਸਲਾਹਕਾਰ ਦੀਪਕ ਬਾਲੀ ਤੇ ਹੋਰ ਹਾਜ਼ਰ ਸਨ।

ਪੰਜਾਬ ਦੇ ਖੇਤਾਂ ’ਚ ਨਵੀਂ ਲਹਿਰ,ਮਾਨ ਸਰਕਾਰ ਦੀ ਕੋਸ਼ਿਸ਼ ਨਾਲ ਕਿਸਾਨਾਂ ਨੇ ਮੱਕੀ ਵੱਲ ਵਧਾਇਆ ਰੁਝਾਨ

“ਰੰਗਲਾ ਪੰਜਾਬ” ਦਾ ਦ੍ਰਿਸ਼ਟੀਕੋਣ ਸ਼ਹਿਰਾਂ ਨੂੰ ਸੁੰਦਰ ਬਣਾਉਣ ਤੱਕ ਸੀਮਤ ਨਹੀਂ ਹੈ; ਇਸਦਾ ਅਸਲ ਅਰਥ ਜ਼ਮੀਨ ਨੂੰ ਠੀਕ ਕਰਨਾ ਅਤੇ ਕਿਸਾਨਾਂ ਨੂੰ ਅਮੀਰ ਬਣਾਉਣਾ ਹੈ। ਸਾਲਾਂ ਤੋਂ, ਪੰਜਾਬ ਦੇ ਕਿਸਾਨ ਚੌਲਾਂ ਅਤੇ ਕਣਕ ਦੀ ਕਾਸ਼ਤ ਦੇ ਇੱਕ ਦੁਸ਼ਟ ਚੱਕਰ ਵਿੱਚ ਫਸੇ ਹੋਏ ਸਨ। ਬਹੁਤ ਜ਼ਿਆਦਾ ਚੌਲਾਂ ਦੀ ਕਾਸ਼ਤ ਨੇ ਨਾ ਸਿਰਫ਼ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਖ਼ਤਰਨਾਕ ਪੱਧਰ ਤੱਕ ਘਟਾ ਦਿੱਤਾ ਬਲਕਿ ਰਵਾਇਤੀ ਫਸਲਾਂ ਤੋਂ ਆਮਦਨ ਘਟਣ ਕਾਰਨ ਕਿਸਾਨਾਂ ਨੂੰ ਵਿੱਤੀ ਤਣਾਅ ਵਿੱਚ ਵੀ ਪਾ ਦਿੱਤਾ। ਇਸ ਸਮੱਸਿਆ ਦਾ ਇੱਕੋ ਇੱਕ ਹੱਲ ਫ਼ਸਲ ਵਿਭਿੰਨਤਾ ਸੀ। ਮਾਨ ਸਰਕਾਰ ਨੇ ਇਸ ਚੁਣੌਤੀ ਨੂੰ ਇੱਕ ਮੌਕੇ ਵਜੋਂ ਦੇਖਿਆ ਅਤੇ ਕਿਸਾਨਾਂ ਨੂੰ ਚੌਲਾਂ ਤੋਂ ਬਦਲਵੀਆਂ, ਘੱਟ ਪਾਣੀ ਵਾਲੀਆਂ ਫਸਲਾਂ, ਖਾਸ ਕਰਕੇ ਮੱਕੀ ਵੱਲ ਤਬਦੀਲ ਕਰਨ ਲਈ ਇੱਕ ਵਿਸ਼ਾਲ ਮੁਹਿੰਮ ਸ਼ੁਰੂ ਕੀਤੀ।

ਸਾਉਣੀ ਮੱਕੀ ਦੀ ਕਾਸ਼ਤ ਅਧੀਨ ਰਕਬੇ ਵਿੱਚ 16.27% ਦਾ ਰਿਕਾਰਡ ਤੋੜ ਵਾਧਾ ਦਰਜ ਕੀਤਾ ਗਿਆ ਹੈ। ਰਕਬਾ 86,000 ਹੈਕਟੇਅਰ (2024) ਤੋਂ ਵਧ ਕੇ 100,000 ਹੈਕਟੇਅਰ (2025) ਹੋ ਗਿਆ ਹੈ। ਇਹ ਫਸਲੀ ਵਿਭਿੰਨਤਾ ਮੁਹਿੰਮ ਵਿੱਚ ਪੰਜਾਬ ਲਈ ਇੱਕ ਭਾਵਨਾਤਮਕ ਅਤੇ ਆਰਥਿਕ ਜਿੱਤ ਹੈ। ਇਹ ਮੱਕੀ ਕ੍ਰਾਂਤੀ ਸਾਬਤ ਕਰਦੀ ਹੈ ਕਿ ਮਾਨ ਸਰਕਾਰ ਦੀਆਂ ਨੀਤੀਆਂ ਸਿੱਧੇ ਕਿਸਾਨਾਂ ਦੇ ਦਿਲਾਂ ਤੱਕ ਪਹੁੰਚੀਆਂ ਹਨ, ਜਿਨ੍ਹਾਂ ਨੇ ਡਰ ਅਤੇ ਪਰੰਪਰਾ ਨੂੰ ਪਿੱਛੇ ਛੱਡ ਕੇ ਘੱਟ ਪਾਣੀ ਨਾਲ ਭਵਿੱਖ ਦੀ ਖੁਸ਼ਹਾਲੀ ਬੀਜਣ ਦਾ ਫੈਸਲਾ ਲਿਆ ਹੈ। ਇਹ ਇੱਕ ਅਜਿਹਾ ਅੰਦੋਲਨ ਹੈ ਜਿੱਥੇ ਹਰ ਕਿਸਾਨ ਧਰਤੀ ਮਾਤਾ ਪ੍ਰਤੀ ਆਪਣਾ ਕਰਜ਼ਾ ਚੁਕਾ ਰਿਹਾ ਹੈ ਅਤੇ ‘ਰੰਗਲਾ ਪੰਜਾਬ’ ਦੀ ਨਵੀਂ ਹਰੀ ਲਹਿਰ ਨੂੰ ਮਜ਼ਬੂਤ ਕਰ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਨਾ ਸਿਰਫ਼ ਫਸਲੀ ਵਿਭਿੰਨਤਾ ਦੀ ਚੁਣੌਤੀ ਨੂੰ ਸਵੀਕਾਰ ਕੀਤਾ ਬਲਕਿ ਇਸਨੂੰ ਇੱਕ ਵਿਸ਼ਾਲ ਜਨ ਅੰਦੋਲਨ ਵਿੱਚ ਵੀ ਬਦਲ ਦਿੱਤਾ।

ਸਾਉਣੀ ਮੱਕੀ ਦਾ ਰਕਬਾ 1 ਲੱਖ ਹੈਕਟੇਅਰ ਪਾਰ

ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਗੁਰਮੀਤ ਸਿੰਘ ਖੁਡੀਆਂ ਨੇ ਸਾਉਣੀ ਮੱਕੀ ਦੀ ਫਸਲ ਦੀ ਸਥਿਤੀ ਦਾ ਮੁਲਾਂਕਣ ਕੀਤਾ ਅਤੇ ਸੁਚਾਰੂ ਖਰੀਦ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਸੂਬੇ ਨੇ ਫਸਲੀ ਵਿਭਿੰਨਤਾ ਅਤੇ ਭੂਮੀਗਤ ਪਾਣੀ ਦੀ ਸੰਭਾਲ ਦੇ ਉਦੇਸ਼ ਨਾਲ ਛੇ ਜ਼ਿਲ੍ਹਿਆਂ – ਬਠਿੰਡਾ, ਸੰਗਰੂਰ, ਕਪੂਰਥਲਾ, ਜਲੰਧਰ, ਗੁਰਦਾਸਪੁਰ ਅਤੇ ਪਠਾਨਕੋਟ – ਵਿੱਚ 12,000 ਹੈਕਟੇਅਰ ਜ਼ਮੀਨ ਨੂੰ ਝੋਨੇ ਤੋਂ ਮੱਕੀ ਦੀ ਕਾਸ਼ਤ ਵਿੱਚ ਬਦਲਣ ਲਈ ਇੱਕ ਮਹੱਤਵਾਕਾਂਸ਼ੀ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਹੈ। ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ, ਸਰਕਾਰ ਇਸ ਪਾਇਲਟ ਪ੍ਰੋਜੈਕਟ ਤਹਿਤ ਪ੍ਰਤੀ ਹੈਕਟੇਅਰ ₹17,500 ਦੀ ਪੇਸ਼ਕਸ਼ ਕਰ ਰਹੀ ਹੈ, ਅਤੇ ਇਸ ਤਬਦੀਲੀ ਦੌਰਾਨ ਕਿਸਾਨਾਂ ਦੀ ਅਗਵਾਈ ਅਤੇ ਸਹਾਇਤਾ ਲਈ 185 ਕਿਸਾਨ ਮਿੱਤਰ ਤਾਇਨਾਤ ਕੀਤੇ ਗਏ ਹਨ। ਇਸ ਤਬਦੀਲੀ ਨੂੰ ਅਪਣਾਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ ₹7,000 ਦੀ ਸਬਸਿਡੀ ਦਿੱਤੀ ਜਾਵੇਗੀ। ਇਸ ਨਾਲ ਲਗਭਗ 30,000 ਕਿਸਾਨਾਂ ਨੂੰ ਲਾਭ ਹੋਵੇਗਾ।

ਖੇਤੀਬਾੜੀ ਵਿਭਾਗ ਦੁਆਰਾ ਪ੍ਰਦਾਨ ਕੀਤੇ ਗਏ ਆਰਜ਼ੀ ਅੰਕੜਿਆਂ ਅਨੁਸਾਰ, ਸਾਉਣੀ ਮੱਕੀ ਦੀ ਬਿਜਾਈ 7,000 ਹੈਕਟੇਅਰ, ਜਾਂ ਲਗਭਗ 19,500 ਏਕੜ ਵਿੱਚ ਕੀਤੀ ਗਈ ਸੀ। ਪਠਾਨਕੋਟ ਵਿੱਚ 4,100 ਏਕੜ ਦਰਜ ਕੀਤੀ ਗਈ, ਜੋ ਕਿ 2025-26 ਲਈ ਮੱਕੀ ਸਬਸਿਡੀ ਯੋਜਨਾ ਅਧੀਨ ਸਭ ਤੋਂ ਵੱਧ ਹੈ, ਇਸ ਤੋਂ ਬਾਅਦ ਸੰਗਰੂਰ (3,700), ਬਠਿੰਡਾ (3,200), ਜਲੰਧਰ (3,100), ਕਪੂਰਥਲਾ (2,800), ਅਤੇ ਗੁਰਦਾਸਪੁਰ (2,600) ਹਨ। ਕੁੱਲ ਮਿਲਾ ਕੇ, ਰਾਜ ਭਰ ਵਿੱਚ ਸਾਉਣੀ ਮੱਕੀ ਦੀ ਕਾਸ਼ਤ ਪਿਛਲੇ ਸੀਜ਼ਨ ਤੋਂ ਲਗਭਗ 80,000 ਹੈਕਟੇਅਰ, ਜਾਂ 1.98 ਲੱਖ ਏਕੜ ਵਿੱਚ ਬਦਲੀ ਨਹੀਂ ਗਈ।

ਸੁਚਾਰੂ ਖਰੀਦ ਲਈ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਗੁਰਮੀਤ ਸਿੰਘ ਖੁੱਡੀਆਂ ਨੇ ਖੇਤੀਬਾੜੀ ਵਿਭਾਗ, ਪੰਜਾਬ ਮੰਡੀ ਬੋਰਡ ਅਤੇ ਮਾਰਕਫੈੱਡ ਦੇ ਅਧਿਕਾਰੀਆਂ ‘ਤੇ ਆਧਾਰਿਤ ਜ਼ਿਲ੍ਹਾ ਪੱਧਰੀ ਕਮੇਟੀਆਂ ਦੇ ਗਠਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਵਿੱਚ ਮੁਸ਼ਕਲਾਂ ਤੋਂ ਬਚਣ ਲਈ ਸੁੱਕੀ ਮੱਕੀ ਮੰਡੀਆਂ ਵਿੱਚ ਲਿਆਉਣ ਦੀ ਅਪੀਲ ਕੀਤੀ। ਖੇਤੀਬਾੜੀ ਵਿਭਾਗ ਦੇ ਪ੍ਰਸ਼ਾਸਕੀ ਸਕੱਤਰ ਡਾ. ਬਸੰਤ ਗਰਗ ਨੇ ਜ਼ੋਰ ਦੇ ਕੇ ਕਿਹਾ ਕਿ ਨਮੀ ਦੀ ਮਾਤਰਾ 14% ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਮੁੱਖ ਖੇਤੀਬਾੜੀ ਅਧਿਕਾਰੀਆਂ ਅਤੇ ਫੀਲਡ ਸਟਾਫ ਨੂੰ ਕਿਸਾਨਾਂ ਨੂੰ ਬਿਹਤਰ ਬਾਜ਼ਾਰ ਮੁੱਲ ਪ੍ਰਾਪਤ ਕਰਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿੱਚ ਸ੍ਰੀ ਰਾਮਵੀਰ (ਸਕੱਤਰ, ਪੰਜਾਬ ਮੰਡੀ ਬੋਰਡ), ਸ੍ਰੀ ਕੁਮਾਰ ਅਮਿਤ (ਐਮਡੀ, ਮਾਰਕਫੈੱਡ), ਅਤੇ ਸ੍ਰੀ ਜਸਵੰਤ ਸਿੰਘ (ਡਾਇਰੈਕਟਰ, ਖੇਤੀਬਾੜੀ) ਸਮੇਤ ਸੀਨੀਅਰ ਵਿਭਾਗੀ ਅਧਿਕਾਰੀ ਮੌਜੂਦ ਸਨ।

14,000 ਹੈਕਟੇਅਰ ਵਾਧੂ ਜ਼ਮੀਨ ‘ਤੇ ਮੱਕੀ ਦੀਆਂ ਫਸਲਾਂ ਨੂੰ ਵਧਦੇ-ਫੁੱਲਦੇ ਦੇਖ ਕੇ ਵਿਸ਼ਵਾਸ ਪੈਦਾ ਹੁੰਦਾ ਹੈ ਕਿ ਤਬਦੀਲੀ ਸੰਭਵ ਹੈ। ਹਰ ਕਿਸਾਨ ਜੋ ਝੋਨੇ ਤੋਂ ਮੱਕੀ ਵੱਲ ਜਾਂਦਾ ਹੈ, ਅਸਲ ਵਿੱਚ, ਧਰਤੀ ਮਾਤਾ ਪ੍ਰਤੀ ਆਪਣਾ ਕਰਜ਼ਾ ਚੁਕਾ ਰਿਹਾ ਹੈ, ਭੂਮੀਗਤ ਪਾਣੀ ਦੀ ਸੰਭਾਲ ਕਰ ਰਿਹਾ ਹੈ ਅਤੇ ਅਗਲੀ ਪੀੜ੍ਹੀ ਲਈ ਇੱਕ ਅਮੀਰ ਵਿਰਾਸਤ ਛੱਡ ਰਿਹਾ ਹੈ। ਮਾਨ ਸਰਕਾਰ ਪੰਜਾਬ ਵਿੱਚ ਮੱਕੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਕੇ ਫਸਲੀ ਵਿਭਿੰਨਤਾ ਅਤੇ ਪਾਣੀ ਦੀ ਸੰਭਾਲ ਨੂੰ ਤੇਜ਼ ਕਰ ਰਹੀ ਹੈ। ਮੱਕੀ ਦੀ ਖੇਤੀ ਘੱਟ ਪਾਣੀ ਦੀ ਲੋੜ ਵਾਲੀ ਅਤੇ ਚੌਲਾਂ ਨਾਲੋਂ ਵਧੇਰੇ ਲਾਭਦਾਇਕ ਹੈ, ਕਿਸਾਨਾਂ ਲਈ ਵਧੇਰੇ ਆਮਦਨ ਪੈਦਾ ਕਰਦੀ ਹੈ ਅਤੇ ਬਹੁਤ ਜ਼ਿਆਦਾ ਪਾਣੀ ਦੀ ਵਰਤੋਂ ਤੋਂ ਬਚਦੀ ਹੈ।

ਮੱਕੀ ਕ੍ਰਾਂਤੀ ਸਾਬਤ ਕਰਦੀ ਹੈ ਇਹ ਸਪੱਸ਼ਟ ਹੈ ਕਿ ਜਦੋਂ ਸਰਕਾਰ, ਇਮਾਨਦਾਰ ਇਰਾਦਿਆਂ ਨਾਲ, ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਦਿੰਦੀ ਹੈ ਅਤੇ ਕਿਸਾਨਾਂ ਨੂੰ ਆਰਥਿਕ ਸੁਰੱਖਿਆ ਦੀ ਸੁਰੱਖਿਆ ਪ੍ਰਦਾਨ ਕਰਦੀ ਹੈ, ਤਾਂ ਕਿਸਾਨ ਆਪਣੇ ਡਰ ਨੂੰ ਦੂਰ ਕਰਨ ਅਤੇ ਦਲੇਰ ਫੈਸਲੇ ਲੈਣ ਲਈ ਤਿਆਰ ਹੁੰਦੇ ਹਨ। ਇਹ ਪੰਜਾਬ ਦੀ ਭਾਵਨਾਤਮਕ ਮੁਕਤੀ ਵੱਲ ਪਹਿਲਾ ਵੱਡਾ ਕਦਮ ਹੈ, ਜੋ ਸੂਬੇ ਨੂੰ ਝੋਨੇ ‘ਤੇ ਨਿਰਭਰਤਾ ਤੋਂ ਮੁਕਤ ਕਰਦਾ ਹੈ ਅਤੇ ਇਸਨੂੰ ਇੱਕ ਸੰਤੁਲਿਤ ਅਤੇ ਖੁਸ਼ਹਾਲ ਖੇਤੀਬਾੜੀ ਮਾਡਲ ਵੱਲ ਲੈ ਜਾਂਦਾ ਹੈ। ਇਹ ਦਰਸਾਉਂਦਾ ਹੈ ਕਿ ਸਰਕਾਰ ਦੀਆਂ ਨੀਤੀਆਂ ਨੂੰ ਜ਼ਮੀਨ ‘ਤੇ ਲਾਗੂ ਕੀਤਾ ਜਾ ਰਿਹਾ ਹੈ, ਅਤੇ ਕਿਸਾਨ ਹੁਣ ਤਬਦੀਲੀ ਨੂੰ ਆਸਾਨੀ ਨਾਲ ਸਵੀਕਾਰ ਕਰ ਰਹੇ ਹਨ। ਇਹ ਮੱਕੀ ਕ੍ਰਾਂਤੀ ਸਾਬਤ ਕਰਦੀ ਹੈ ਕਿ ਜਦੋਂ ਸਰਕਾਰ ਅਤੇ ਕਿਸਾਨ ਇਕੱਠੇ ਖੜ੍ਹੇ ਹੁੰਦੇ ਹਨ, ਭਾਵੇਂ ਕਿੰਨੀ ਵੀ ਵੱਡੀ ਚੁਣੌਤੀ ਕਿਉਂ ਨਾ ਹੋਵੇ, ਸਫਲਤਾ ਯਕੀਨੀ ਹੈ। ‘ਰੰਗਲਾ ਪੰਜਾਬ’ ਦੀ ਨੀਂਹ ਹੁਣ ਇਸ ਨਵੀਂ ਹਰੀ ਲਹਿਰ ਦੁਆਰਾ ਮਜ਼ਬੂਤ ਹੋ ਰਹੀ ਹੈ।

ਭਾਰਤ ਚੋਣ ਕਮਿਸ਼ਨ ਵੱਲੋਂ “ਬੁੱਕ ਏ ਕਾਲ ਵਿਦ ਬੀ.ਐਲ.ਓ.” ਸੇਵਾ ਦੀ ਸ਼ੁਰੂਆਤ- ਵੋਟਰਾਂ ਲਈ ਇੱਕ ਹੋਰ ਸੁਵਿਧਾਜਨਕ ਕਦਮ

ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸੁਵਿਧਾ ਲਈ ਨਵਾਂ ਮਡਿਊਲ ‘ਬੁੱਕ ਏ ਕਾਲ ਵਿਦ ਬੀ.ਐਲ.ਓ.’ (Book a Call with BLO) ਸ਼ੁਰੂ ਕੀਤਾ ਗਿਆ ਹੈ। ਇਸ ਸੇਵਾ ਰਾਹੀਂ ਵੋਟਰ ਆਪਣੀਆਂ ਵੋਟਰ ਸੂਚੀ ਸਬੰਧੀ ਸਮੱਸਿਆਵਾਂ ਦਾ ਹੱਲ ਆਪਣੇ ਬੂਥ ਲੈਵਲ ਅਫ਼ਸਰ (BLO) ਨਾਲ ਸਿੱਧੀ ਗੱਲਬਾਤ ਕਰਕੇ ਕਰ ਸਕਣਗੇ।

ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਵਿਰਾਜ ਐਸ. ਤਿੜਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੇਵਾ ਭਾਰਤ ਚੋਣ ਕਮਿਸ਼ਨ ਦੇ ਵੋਟਰ ਸਰਵਿਸ ਪੋਰਟਲ (https://voters.eci.gov.in) ’ਤੇ ਉਪਲਬਧ ਹੈ। ਉਨ੍ਹਾਂ ਕਿਹਾ ਕਿ ਹੁਣ ਆਮ ਨਾਗਰਿਕ ਵੋਟਰ ਕਾਰਡ ਨਾਲ ਜੁੜੇ ਮਸਲੇ ਜਿਵੇਂ ਨਵੀਂ ਐਂਟਰੀ, ਸੋਧ, ਪਤਾ ਬਦਲਣਾ ਆਦਿ ਸਬੰਧੀ ਬੀ.ਐਲ.ਓ. ਨਾਲ ਸਿੱਧਾ ਸੰਪਰਕ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਪੋਰਟਲ ’ਤੇ ‘Book a Call with BLO’ ਓਪਸ਼ਨ ’ਤੇ ਕਲਿੱਕ ਕਰਨ ਉਪਰੰਤ, ਵੋਟਰ ਆਪਣੇ ਰਜਿਸਟਰਡ ਮੋਬਾਈਲ ਨੰਬਰ ਜਾਂ ਵੋਟਰ ਕਾਰਡ ਨੰਬਰ ਦਰਜ ਕਰੇਗਾ। ਇਸ ਤੋਂ ਬਾਅਦ ਓਟੀਪੀ ਪ੍ਰਮਾਣੀਕਰਨ ਤੋਂ ਬਾਅਦ ਕਾਲ ਬੇਨਤੀ ਸਬੰਧਤ ਬੀ.ਐਲ.ਓ. ਤੱਕ ਪਹੁੰਚ ਜਾਵੇਗੀ। ਬੀ.ਐਲ.ਓ. ਪ੍ਰਾਰਥੀ ਨੂੰ ਕਾਲ ਕਰਕੇ ਉਸਦੇ ਮਸਲੇ ਦਾ ਹੱਲ ਕਰੇਗਾ ਅਤੇ ਫਿਰ ਸਿਸਟਮ ’ਤੇ ਸਥਿਤੀ ‘Connected’ ਜਾਂ ‘Unavailable’ ਵਜੋਂ ਅਪਡੇਟ ਕਰੇਗਾ।

ਜ਼ਿਲ੍ਹਾ ਚੋਣ ਅਫ਼ਸਰ ਵਲੋਂ ਜਨਤਾ ਨੂੰ ਚੋਣ ਕਮਿਸ਼ਨ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਜੁੜਨ ਦੀ ਅਪੀਲ

ਉਨ੍ਹਾਂ ਕਿਹਾ ਕਿ ਇਹ ਪੂਰਾ ਪ੍ਰਕਿਰਿਆ ਡਿਜ਼ਿਟਲ ਪਲੇਟਫਾਰਮ ECINet ਨਾਲ ਸੰਬੰਧਤ ਹੈ, ਜਿਸ ਨਾਲ ਪਾਰਦਰਸ਼ੀਤਾ ਤੇ ਤੁਰੰਤ ਸੇਵਾ ਯਕੀਨੀ ਬਣੇਗੀ। ਬੀ.ਐਲ.ਓ. ਵੱਲੋਂ ਪ੍ਰਤਿਕ੍ਰਿਆ ਦੇਣ ਮਗਰੋਂ, ਸਿਸਟਮ ਸਬੰਧਤ ਪ੍ਰਾਰਥੀ ਨੂੰ ਸੁਚਨਾ ਭੇਜੇਗਾ ਕਿ ਉਸਦੀ ਬੇਨਤੀ ਦਾ ਨਿਵੇੜਾ ਕਰ ਦਿੱਤਾ ਗਿਆ ਹੈ।

ਜ਼ਿਲ੍ਹਾ ਚੋਣ ਅਫ਼ਸਰ ਵਿਰਾਜ ਐਸ. ਤਿੜਕੇ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਨਵੀਂ ਆਨਲਾਈਨ ਸੇਵਾ ਦਾ ਪੂਰਾ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵਲੋਂ ਦਿੱਤੀਆਂ ਸਾਰੀਆਂ ਸੇਵਾਵਾਂ ਦਾ ਉਦੇਸ਼ ਵੋਟਰਾਂ ਤੱਕ ਸਹੂਲਤ ਅਤੇ ਪਾਰਦਰਸ਼ੀ ਪ੍ਰਕਿਰਿਆ ਪਹੁੰਚਾਉਣਾ ਹੈ।

ਉਨ੍ਹਾਂ ਅਵਾਮ ਨੂੰ ਭਾਰਤ ਚੋਣ ਕਮਿਸ਼ਨ ਦੇ ਅਧਿਕਾਰਕ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ (Facebook), ਇੰਸਟਾਗ੍ਰਾਮ (Instagram), ਐਕਸ/ਟਵੀਟਰ (X/Twitter) ਅਤੇ ਯੂ- ਟਿਊਬ (YouTube) ਫਾਲੋ ਕਰਨ ਦੀ ਅਪੀਲ ਕੀਤੀ, ਤਾਂ ਜੋ ਚੋਣਾਂ ਸਬੰਧੀ ਨਵੀਨਤਮ ਜਾਣਕਾਰੀਆਂ, ਨਿਰਦੇਸ,ਗਾਇਡ ਲਾਈਨਜ਼ ਅਤੇ ਜਾਗਰੂਕਤਾ ਸੰਦੇਸ਼ ਸਮੇਂ-ਸਮੇਂ ’ਤੇ ਪ੍ਰਾਪਤ ਹੁੰਦੇ ਰਹਿਣ ।

ਬਦਲ ਰਿਹਾ ਪੰਜਾਬ ! ਜਲਾਲਾਬਾਦ ਮੰਡੀ ਵਿੱਚ ਸਟ੍ਰੀਟ ਵਿਕਰੇਤਾਵਾਂ ਲਈ ਪੰਜਾਬ ਸਰਕਾਰ ਦੀਆਂ ਸ਼ਲਾਘਾਯੋਗ ਸਹੂਲਤਾ

ਜਲਾਲਾਬਾਦ ਦੀ ਸਥਾਨਕ ਸਬਜ਼ੀ ਅਤੇ ਫਲ ਮੰਡੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ “ਕੰਮ ਦੀ ਰਾਜਨੀਤੀ” ਦੀ ਇੱਕ ਜਿਉਂਦੀ ਜਾਗਦੀ ਉਦਾਹਰਣ ਹੈ। ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਅਤੇ ਉਨ੍ਹਾਂ ਨੂੰ ਤੁਰੰਤ ਹੱਲ ਕਰਨਾ ਹੀ ਸੱਚੇ “ਕੰਮ ਦੀ ਰਾਜਨੀਤੀ” ਹੈ, ਅਤੇ ਇਸ ਸਿਧਾਂਤ ਨੂੰ ਜਲਾਲਾਬਾਦ ਦੇ ਵਿਧਾਇਕ ਸਰਦਾਰ ਜਗਦੀਪ ਕੰਬੋਜ ਗੋਲਡੀ ਨੇ ਸਾਬਤ ਕੀਤਾ ਹੈ।

ਸਾਲਾਂ ਤੋਂ, ਜਲਾਲਾਬਾਦ ਮੰਡੀ ਵਿੱਚ ਛੋਟੇ ਵਪਾਰੀ ਅਤੇ ਸਟ੍ਰੀਟ ਵਿਕਰੇਤਾ ਟ੍ਰੈਫਿਕ ਜਾਮ ਅਤੇ ਮੀਂਹ ਅਤੇ ਧੁੱਪ ਵਿੱਚ ਕਾਰੋਬਾਰ ਕਰਨ ਦੀ ਮੁਸ਼ਕਲ ਨਾਲ ਜੂਝਦੇ ਸਨ। ਪਰ ਹੁਣ, ਇਹ ਸਥਿਤੀ ਬਦਲ ਗਈ ਹੈ। ਵਿਧਾਇਕ ਗੋਲਡੀ ਨੇ ਮੁੱਖ ਸੜਕਾਂ ਤੋਂ ਰੁਕਾਵਟ ਨੂੰ ਦੂਰ ਕਰਦੇ ਹੋਏ ਬਾਜ਼ਾਰ ਵਿੱਚ ਇੱਕ ਸਾਂਝੀ, ਸੁਵਿਧਾਜਨਕ ਅਤੇ ਸੁਰੱਖਿਅਤ ਜਗ੍ਹਾ ਬਣਾਈ। ਹੁਣ, ਸਟ੍ਰੀਟ ਵਿਕਰੇਤਾ ਛੱਤ (ਸ਼ੈੱਡ) ਹੇਠ ਆਰਾਮ ਨਾਲ ਆਪਣਾ ਕਾਰੋਬਾਰ ਕਰ ਸਕਦੇ ਹਨ, ਜਿਸ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ਆਸਾਨ ਹੋ ਗਈ ਹੈ। ਇਸ ਪ੍ਰੋਜੈਕਟ ਦੀ ਲਾਗਤ ਲਗਭਗ ₹3 ਕਰੋੜ ਸੀ, ਜਿਸਦਾ ਨੀਂਹ ਪੱਥਰ ਮਾਰਚ 2024 ਵਿੱਚ ਰੱਖਿਆ ਗਿਆ ਸੀ, ਅਤੇ ਇਹ ਹੁਣ ਪੂਰਾ ਹੋ ਗਿਆ ਹੈ ਅਤੇ ਜਨਤਾ ਨੂੰ ਸਮਰਪਿਤ ਕੀਤਾ ਗਿਆ ਹੈ।

ਇਹ ਪਹਿਲ ਸਿਰਫ਼ ਸਥਾਨ ਬਦਲਣ ਬਾਰੇ ਨਹੀਂ ਸੀ। ਵਿਧਾਇਕ ਗੋਲਡੀ ਨੇ ਤੁਰੰਤ ਗਲੀ ਵਿਕਰੇਤਾਵਾਂ ਦੀਆਂ ਜ਼ਰੂਰੀ ਮੰਗਾਂ, ਜਿਵੇਂ ਕਿ ਬਾਥਰੂਮ, ਆਰ.ਓ. ਪਾਣੀ, ਸੈਨੀਟੇਸ਼ਨ ਅਤੇ ਸੁਰੱਖਿਆ, ਨੂੰ ਮੌਕੇ ‘ਤੇ ਹੀ ਹੱਲ ਕਰ ਦਿੱਤਾ। ਇਹ ਪਹਿਲ ਸਿਰਫ਼ ਸਹੂਲਤ ਬਾਰੇ ਨਹੀਂ ਹੈ, ਸਗੋਂ ਆਮ ਲੋਕਾਂ ਲਈ ਮਾਣ ਅਤੇ ਰੋਜ਼ੀ-ਰੋਟੀ ਦੀ ਗਰੰਟੀ ਬਾਰੇ ਵੀ ਹੈ।

ਹੁਣ, ਬਾਜ਼ਾਰ ਵਿੱਚ ਆਵਾਜਾਈ ਪੂਰੀ ਤਰ੍ਹਾਂ ਸੁਚਾਰੂ ਹੈ, ਅਤੇ ਗਲੀ ਵਿਕਰੇਤਾ ਮੀਂਹ, ਅੱਤ ਦੀ ਗਰਮੀ ਅਤੇ ਠੰਢ ਤੋਂ ਸੁਰੱਖਿਅਤ ਰਹਿ ਕੇ ਆਪਣੇ ਕਾਰੋਬਾਰ ਆਸਾਨੀ ਨਾਲ ਚਲਾ ਸਕਦੇ ਹਨ। ਬਾਜ਼ਾਰ ਵਿੱਚ ਲੋਕਾਂ ਨੇ ਆਪਣੀ ਖੁਸ਼ੀ ਅਤੇ ਪ੍ਰਸ਼ੰਸਾ ਪ੍ਰਗਟ ਕਰਦੇ ਹੋਏ ਕਿਹਾ:

“ਲੋਕਾਂ ਨੇ ਗਰੀਬਾਂ ਲਈ ਇੰਨਾ ਵਧੀਆ ਕੰਮ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਹਰ ਕੋਈ ਬਹੁਤ ਖੁਸ਼ ਜਾਪਦਾ ਸੀ।”

ਇਹ ਪਹਿਲਕਦਮੀ ਸਾਬਤ ਕਰਦੀ ਹੈ ਕਿ ਰਾਜ ਸਰਕਾਰ ਲੋਕਾਂ ਦੇ ਅਧਿਕਾਰਾਂ, ਭਲਾਈ ਅਤੇ ਸਹੂਲਤ ਨੂੰ ਤਰਜੀਹ ਦਿੰਦੀ ਹੈ। ਵਿਧਾਇਕ ਜਗਦੀਪ ਗੋਲਡੀ ਦੀ ਤੁਰੰਤ ਕਾਰਵਾਈ ਦਰਸਾਉਂਦੀ ਹੈ ਕਿ ਹਰ ਚੁਣਿਆ ਹੋਇਆ ਪ੍ਰਤੀਨਿਧੀ ਹੁਣ ਲੋਕਾਂ ਦਾ ਸੇਵਕ ਹੈ, ਨਾ ਕਿ ਸਿਰਫ਼ ਇੱਕ ਰਾਜਨੀਤਿਕ ਨੇਤਾ। ਇਸ ਤੋਂ ਇਲਾਵਾ, ਇਹ ਪ੍ਰੋਜੈਕਟ ਜਲਾਲਾਬਾਦ ਵਿੱਚ ਹਾਲ ਹੀ ਵਿੱਚ ਚੱਲ ਰਹੇ ਹੋਰ ਵਿਕਾਸ ਪ੍ਰੋਜੈਕਟਾਂ ਵਾਂਗ, ਸਥਾਨਕ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਵੀ ਯੋਗਦਾਨ ਪਾਵੇਗਾ, ਜਿਸ ਵਿੱਚ ਪਾਣੀ ਦੀ ਸਪਲਾਈ ਅਤੇ ਨਹਿਰੀ ਪ੍ਰਣਾਲੀਆਂ ਵਿੱਚ ₹28 ਕਰੋੜ ਦਾ ਨਿਵੇਸ਼ ਸ਼ਾਮਲ ਹੈ।

ਜਲਾਲਾਬਾਦ ਮੰਡੀ ਦਾ ਇਹ ਪਰਿਵਰਤਨ ਆਮ ਆਦਮੀ ਪਾਰਟੀ ਦੀਆਂ ਲੋਕ-ਕੇਂਦ੍ਰਿਤ ਨੀਤੀਆਂ ਦਾ ਜਿਉਂਦਾ ਜਾਗਦਾ ਸਬੂਤ ਹੈ ਜੋ ਸੱਚਮੁੱਚ ਲੋਕਾਂ ਦੇ ਜੀਵਨ ਨੂੰ ਬਦਲ ਰਹੀਆਂ ਹਨ। ਇਹ ਪਹਿਲ ਵੋਟਰਾਂ ਨੂੰ ਸਪੱਸ਼ਟ ਤੌਰ ‘ਤੇ ਦਰਸਾਉਂਦੀ ਹੈ ਕਿ ਸਰਕਾਰ ਹਰ ਰੋਜ਼ ਸੋਚ ਰਹੀ ਹੈ, ਕੰਮ ਕਰ ਰਹੀ ਹੈ ਅਤੇ ਨਤੀਜੇ ਦੇ ਰਹੀ ਹੈ।

ਪੰਜਾਬ ਬਦਲ ਰਿਹਾ ਹੈ ਕਿਉਂਕਿ ਹੁਣ ਵਾਅਦੇ ਨਹੀਂ, ਸਗੋਂ ਕਾਰਵਾਈਆਂ ਬਹੁਤ ਕੁਝ ਬੋਲਦੀਆਂ ਹਨ। ਇਹ ਕਾਰਵਾਈ ਸਿਰਫ਼ ਸ਼ਬਦ ਨਹੀਂ, ਸਗੋਂ ਇੱਕ ਜੀਵਨ ਬਦਲਣ ਵਾਲੀ ਪਹਿਲ ਹੈ।