Latest NewsPunjabWar Against Drugs

ਪੰਜਾਬ ਪੁਲਿਸ ਨੇ ਸਰਹੱਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸੱਤ ਮਹੀਨਿਆਂ ਵਿੱਚ 111 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ

ਚੰਡੀਗੜ੍ਹ/ਅੰਮ੍ਰਿਤਸਰ 29 ਜੁਲਾਈ, 2026: ਪੰਜਾਬ ਪੁਲਿਸ ਨੇ ਨਸ਼ਿਆਂ, ਗੈਂਗਸਟਰਾਂ ਅਤੇ ਸੰਗਠਿਤ ਅਪਰਾਧ ਖ਼ਿਲਾਫ਼ ਬਹੁਪੱਖੀ ਮੁਹਿੰਮ ਲਗਾਤਾਰ ਜਾਰੀ ਰੱਖਦਿਆਂ ਪੁਲਿਸ ਕਮਿਸ਼ਨਰੇਟ,…

Latest NewsPunjab

ਮੀਤ ਹੇਅਰ ਨੇ ਲੋਕ ਸਭਾ ਵਿੱਚ ਕੇਂਦਰ ਦੀ ਧਰਮ ਤੇ ਜਾਤ ਦੇ ਆਧਾਰ ਉੱਤੇ ਵੰਡੀਆਂ ਪਾਉਣ ਦੀ ਰਾਜਨੀਤੀ ਨੂੰ ਦਿਖਾਇਆ ਸ਼ੀ

ਚੰਡੀਗੜ੍ਹ, 29 ਜੁਲਾਈ: ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਲੋਕ ਸਭਾ ਵਿੱਚ…

AgricultureLatest NewsPoliticsPunjab

ਪੰਜਾਬ ਸਰਕਾਰ ਵੱਲੋਂ ਘਨੌਰ ਹਲਕੇ ਦੇ 42 ਪਿੰਡਾਂ ਦੇ ਕਿਸਾਨਾਂ ਨੂੰ ਵੱਡਾ ਤੋਹਫ਼ਾ, ਲਿਫ਼ਟ ਸਿਸਟਮ ਰਾਹੀਂ ਮਿਲਿਆ ਨਹਿਰੀ ਪਾਣੀ

*ਚੰਡੀਗੜ੍ਹ/ਘਨੌਰ, 29 ਜੁਲਾਈ:* ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਗੋਇਲ ਅਤੇ ਵਿਧਾਇਕ ਗੁਰਲਾਲ ਘਨੌਰ ਨੇ ਅੱਜ ਪਿੰਡ ਕੋਲ੍ਹੇਮਾਜਰਾ ਵਿਖੇ…

Latest NewsPunjab

ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਨੇ ਜ਼ਿਲ੍ਹੇ ‘ਚ ਕੀਤਾ ਅਚਨਚੇਤ ਨਿਰੀਖਣ

ਹੁਸ਼ਿਆਰਪੁਰ, 29 ਜੁਲਾਈ: ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਨੇ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਅਦਾਰਿਆਂ ਦਾ ਅਚਨਚੇਤ…

Latest NewsPunjab

ਪੰਜਾਬ ਕਰ ਵਿਭਾਗ ਨੇ ਵੈਟ ਬਕਾਏ ਦੀ ਵਸੂਲੀ ਕੀਤੀ ਤੇਜ਼: ਜਾਇਦਾਦ ਦੀ ਨਿਲਾਮੀ ਤੋਂ 1.21 ਕਰੋੜ ਰੁਪਏ ਹੋਏ ਪ੍ਰਾਪਤ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 29 ਜੁਲਾਈ 2026 ਪੰਜਾਬ ਕਰ ਵਿਭਾਗ ਨੇ ਪਟਿਆਲਾ ਜ਼ਿਲ੍ਹੇ ਵਿੱਚ ਜਾਇਦਾਦ ਨਿਲਾਮੀ ਦੀਆਂ ਪ੍ਰਕਿਰਿਆਵਾਂ ਰਾਹੀਂ ਵੈਲਿਊ ਐਡਿਡ ਟੈਕਸ (ਵੈਟ)…

ਪੰਜਾਬ ਪੁਲਿਸ ਨੇ ਸਰਹੱਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸੱਤ ਮਹੀਨਿਆਂ ਵਿੱਚ 111 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ

ਚੰਡੀਗੜ੍ਹ/ਅੰਮ੍ਰਿਤਸਰ 29 ਜੁਲਾਈ, 2026: ਪੰਜਾਬ ਪੁਲਿਸ ਨੇ ਨਸ਼ਿਆਂ, ਗੈਂਗਸਟਰਾਂ ਅਤੇ ਸੰਗਠਿਤ ਅਪਰਾਧ ਖ਼ਿਲਾਫ਼ ਬਹੁਪੱਖੀ ਮੁਹਿੰਮ ਲਗਾਤਾਰ ਜਾਰੀ ਰੱਖਦਿਆਂ ਪੁਲਿਸ ਕਮਿਸ਼ਨਰੇਟ, ਅੰਮ੍ਰਿਤਸਰ ਬਲ ਦੀ ਖੁਫ਼ੀਆ-ਅਧਾਰਿਤ ਪੁਲਿਸਿੰਗ ਸਭ ਤੋਂ ਅਹਿਮ ਮਿਸਾਲਾਂ ਵਿੱਚੋਂ ਇੱਕ ਵਜੋਂ ਉੱਭਰ ਕੇ ਸਾਹਮਣੇ ਆਈ ਹੈ। ਪਿਛਲੇ ਲਗਭਗ ਸੱਤ ਮਹੀਨਿਆਂ ਦੌਰਾਨ ਸਰਹੱਦੀ ਜ਼ਿਲ੍ਹੇ ਨੇ ਸਰਹੱਦ ਪਾਰੋਂ ਹੋਣ ਵਾਲੀ ਨਸ਼ਾ ਤਸਕਰੀ, ਸੰਗਠਿਤ ਅਪਰਾਧ ਅਤੇ ਸੜਕੀ ਅਪਰਾਧਾਂ ਦੇ ਖ਼ਿਲਾਫ਼ ਵੱਡੀਆਂ ਸਫ਼ਲਤਾਵਾਂ ਹਾਸਲ ਕੀਤੀਆਂ ਹਨ, ਜਿਸ ਨਾਲ ਪੰਜਾਬ ਦੇ ਸਭ ਤੋਂ ਸੰਵੇਦਨਸ਼ੀਲ ਖੇਤਰਾਂ ਵਿੱਚੋਂ ਇੱਕ ਇਸ ਖੇਤਰ ਵਿੱਚ ਜਨਤਕ ਸੁਰੱਖਿਆ ਹੋਰ ਮਜ਼ਬੂਤ ਹੋਈ ਹੈ।

ਇਸ ਸਾਲ ਜਨਵਰੀ ਤੋਂ ਹੁਣ ਤੱਕ ਕਮਿਸ਼ਨਰੇਟ ਪੁਲਿਸ ਨੇ 111.5 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ, ਐਨਡੀਪੀਐਸ ਐਕਟ ਤਹਿਤ 1,137 ਮਾਮਲੇ ਦਰਜ ਕੀਤੇ ਹਨ ਅਤੇ ਵੱਖ-ਵੱਖ ਕਾਰਵਾਈਆਂ ਦੌਰਾਨ 2,000 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਸਰਹੱਦ ਪਾਰੋਂ ਚੱਲ ਰਹੇ ਡਰੱਗ ਕਾਰਟੇਲ ਦਾ ਵੀ ਪਰਦਾਫ਼ਾਸ਼ ਕੀਤਾ ਹੈ, ਕਮਿਊਨਿਟੀ ਪੁਲਿਸਿੰਗ ਨੂੰ ਮਜ਼ਬੂਤ ਕੀਤਾ ਹੈ ਅਤੇ ਭਗਵੰਤ ਮਾਨ ਸਰਕਾਰ ਵੱਲੋਂ ਨਸ਼ਿਆਂ, ਗੈਂਗਸਟਰਾਂ ਅਤੇ ਸੰਗਠਿਤ ਅਪਰਾਧ ਦੇ ਖ਼ਿਲਾਫ਼ ਚਲਾਈਆਂ ਜਾ ਰਹੀਆਂ ਮੁਹਿੰਮਾਂ ਤਹਿਤ ਸ਼ਹਿਰੀ ਨਿਗਰਾਨੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਹੈ।

ਗੈਂਗਸਟਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ‘ਗੈਂਗਸਟਰਾਂ ‘ਤੇ ਵਾਰ’ ਤਹਿਤ ਕਮਿਸ਼ਨਰੇਟ ਪੁਲਿਸ ਨੇ ਆਰਮਜ਼ ਐਕਟ ਤਹਿਤ 63 ਮਾਮਲੇ ਦਰਜ ਕਰਕੇ 153 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਮੁਹਿੰਮ ਦੌਰਾਨ 209 ਪਿਸਤੌਲ/ਮਾਊਜ਼ਰ, ਦੋ ਰਿਵਾਲਵਰ, ਅੱਠ ਰਾਈਫਲਾਂ/ਬੰਦੂਕਾਂ, 221 ਮੈਗਜ਼ੀਨ, 536 ਜ਼ਿੰਦਾ ਕਾਰਤੂਸ ਅਤੇ ਹਵਾਲਾ ਲੈਣ-ਦੇਣ ਨਾਲ ਜੁੜੀ 3.80 ਲੱਖ ਰੁਪਏ ਦੀ ਰਕਮ ਬਰਾਮਦ ਕੀਤੀ ਗਈ। ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਤੋਂ ਇਲਾਵਾ ਪੁਲਿਸ ਨੇ ਅਪਰਾਧਿਕ ਸੰਗਠਨਾਂ ਨਾਲ ਜੁੜੇ ਵਿਅਕਤੀਆਂ ਖ਼ਿਲਾਫ਼ ਸਫ਼ਲਤਾਪੂਰਵਕ ਕਾਰਵਾਈ ਵੀ ਕੀਤੀ।

ਜਾਂਚ ਅਤੇ ਅਪਰਾਧਾਂ ਦੀ ਪਛਾਣ ਕਰਨ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਕਮਿਸ਼ਨਰੇਟ ਪੁਲਿਸ ਨੇ ਰਵਾਇਤੀ ਪੁਲਿਸਿੰਗ ਦੇ ਨਾਲ ਆਧੁਨਿਕ ਤਕਨਾਲੋਜੀ ਨੂੰ ਵੀ ਸ਼ਾਮਲ ਕੀਤਾ ਹੈ। ਪਛਾਣ ਦੀ ਤਸਦੀਕ ਲਈ ਪੰਜਾਬ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ ਦੀ ਵਰਤੋਂ ਕੀਤੀ ਜਾ ਰਹੀ ਹੈ, ਜਦਕਿ ਵਾਹਨ ਡਾਟਾਬੇਸ ਰਾਹੀਂ ਨਾਕਿਆਂ ਅਤੇ ਤਲਾਸ਼ੀ ਮੁਹਿੰਮਾਂ ਦੌਰਾਨ ਵਾਹਨਾਂ ਦੀ ਤੁਰੰਤ ਜਾਂਚ ਕੀਤੀ ਜਾ ਰਹੀ ਹੈ। ਮੋਬਾਈਲ ਫ਼ੋਨ, ਇਲੈਕਟ੍ਰਾਨਿਕ ਉਪਕਰਣਾਂ ਅਤੇ ਡਿਜੀਟਲ ਸਬੂਤਾਂ ਦੀ ਜਾਂਚ ਲਈ ਇੱਕ ਡਿਜੀਟਲ ਫੋਰੈਂਸਿਕ ਪ੍ਰਯੋਗਸ਼ਾਲਾ ਵੀ ਸਥਾਪਿਤ ਕੀਤੀ ਗਈ ਹੈ। ਸੀਸੀਟੀਵੀ ਨਿਗਰਾਨੀ ਅਤੇ ਤਕਨਾਲੋਜੀ ਅਧਾਰਿਤ ਖੁਫ਼ੀਆ ਪ੍ਰਣਾਲੀ ਨੇ ਪੁਲਿਸ ਦੀ ਕਾਰਗੁਜ਼ਾਰੀ ਅਤੇ ਜਾਂਚ ਸਮਰੱਥਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਹੈ।

ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਡਰੋਨ ਰਾਹੀਂ ਅੰਤਰਰਾਸ਼ਟਰੀ ਸਰਹੱਦ ਪਾਰੋਂ ਪੰਜਾਬ ਵਿੱਚ ਹੈਰੋਇਨ ਦੀ ਤਸਕਰੀ ਕਰਨ ਵਾਲੇ ਦੁਬਈ-ਅਧਾਰਿਤ ਨੈੱਟਵਰਕ ਦਾ ਪਰਦਾਫ਼ਾਸ਼ ਕਰਕੇ ਅੰਤਰਰਾਸ਼ਟਰੀ ਡਰੱਗ ਤਸਕਰੀ ਨੂੰ ਵੱਡਾ ਝਟਕਾ ਦਿੱਤਾ ਹੈ। ਅੰਮ੍ਰਿਤਸਰ ਪੁਲਿਸ ਨੇ 30.045 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਕੇ ਦੋ ਨਾਬਾਲਗਾਂ ਸਮੇਤ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ,“ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਚਲਾਏ ਜਾ ਰਹੇ ਵੱਖ-ਵੱਖ ਅਭਿਆਨਾਂ ਨੂੰ ਵੱਡੀ ਸਫ਼ਲਤਾ ਮਿਲੀ ਹੈ। ਸਰਹੱਦੀ ਜ਼ਿਲ੍ਹਾ ਹੋਣ ਕਾਰਨ ਅੰਮ੍ਰਿਤਸਰ ਵਿੱਚ ਜ਼ਿਆਦਾ ਨਿਗਰਾਨੀ ਦੀ ਲੋੜ ਰਹਿੰਦੀ ਹੈ ਅਤੇ ਪੰਜਾਬ ਪੁਲਿਸ ਬਲ ਮਨੁੱਖੀ ਸਰੋਤਾਂ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਪ੍ਰਭਾਵਸ਼ਾਲੀ ਵਰਤੋਂ ਕਰਦਿਆਂ ਆਪਣੀਆਂ ਜ਼ਿੰਮੇਵਾਰੀਆਂ ਬਖੂਬੀ ਨਿਭਾ ਰਹੇ ਹਨ।”

ਪੁਲਿਸ ਕਮਿਸ਼ਨਰ (ਅੰਮ੍ਰਿਤਸਰ) ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ, “ਪਿਛਲੇ ਸਾਲ ਅਸੀਂ ਪਾਕਿਸਤਾਨ ਅਤੇ ਕੈਨੇਡਾ ਨਾਲ ਜੁੜੇ ਇੱਕ ਅੰਤਰਰਾਸ਼ਟਰੀ ਡਰੱਗ ਕਾਰਟੇਲ ਦਾ ਪਰਦਾਫ਼ਾਸ਼ ਕੀਤਾ ਸੀ, ਜਿਸ ਦੇ ਨਤੀਜੇ ਵਜੋਂ ਰਾਜਸਥਾਨ ਦੇ ਬਾੜਮੇਰ ਵਿੱਚ ਅੰਤਰਰਾਸ਼ਟਰੀ ਸਰਹੱਦ ਨੇੜੇ 60.302 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਕੇ ਨੌਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਸਾਲ ਅਸੀਂ ਦੁਬਈ-ਅਧਾਰਿਤ ਕਾਰਟੇਲ ‘ਤੇ ਕਾਰਵਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ।”

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵਰਤੋਂ ਖ਼ਿਲਾਫ਼ ਕਾਰਵਾਈ ਤੇਜ਼ ਕਰਦੇ ਹੋਏ ਐਨਡੀਪੀਐਸ ਐਕਟ ਤਹਿਤ 1,137 ਮਾਮਲੇ ਦਰਜ ਕੀਤੇ ਅਤੇ 1,898 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਜਨਵਰੀ ਤੋਂ ਹੁਣ ਤੱਕ ਪੁਲਿਸ ਨੇ 111.559 ਕਿਲੋਗ੍ਰਾਮ ਹੈਰੋਇਨ, 11.438 ਕਿਲੋਗ੍ਰਾਮ ਆਈਈਸੀ (ਮੈਥਾਮਫੇਟਾਮਾਈਨ), 9.246 ਕਿਲੋਗ੍ਰਾਮ ਅਫ਼ੀਮ, 2.245 ਕਿਲੋਗ੍ਰਾਮ ਚਰਸ, 238 ਗ੍ਰਾਮ ਨਾਰਕੋਟਿਕ ਪਾਊਡਰ, ਇੱਕ ਕਿਲੋਗ੍ਰਾਮ ਭੁੱਕੀ ਅਤੇ 26,945 ਨਸ਼ੀਲੇ ਕੈਪਸੂਲ ਤੇ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਪੁਲਿਸ ਨੇ ਨਸ਼ੇ ਦੇ ਕਾਰੋਬਾਰ ਨਾਲ ਜੁੜੀ 61.12 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਅਤੇ ਤਸਕਰੀ ਵਿੱਚ ਵਰਤੇ ਗਏ 38 ਵਾਹਨ ਵੀ ਜ਼ਬਤ ਕੀਤੇ ਹਨ।

ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਨੇ ਕਿਹਾ, “ਸਖ਼ਤ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਨਸ਼ਾ ਮੁਕਤੀ ਅਤੇ ਮੁੜ ਵਸੇਬਾ ‘ਤੇ ਵੀ ਬਰਾਬਰ ਧਿਆਨ ਦਿੱਤਾ ਗਿਆ ਹੈ। ਕਮਿਸ਼ਨਰੇਟ ਪੁਲਿਸ ਨੇ 1,553 ਵਿਅਕਤੀਆਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖ਼ਲ ਕਰਵਾਇਆ, ਜਦਕਿ 2,443 ਵਿਅਕਤੀਆਂ ਨੂੰ ਆਊਟਪੇਸ਼ੈਂਟ ਓਪਿਓਇਡ ਅਸਿਸਟਿਡ ਟ੍ਰੀਟਮੈਂਟ ਕੇਂਦਰਾਂ ਵਿੱਚ ਭੇਜਿਆ ਗਿਆ। ਇਸ ਤੋਂ ਇਲਾਵਾ 281 ਵਿਅਕਤੀਆਂ ਨੂੰ ਐਨਡੀਪੀਐਸ ਐਕਟ ਦੀ ਧਾਰਾ 64-ਏ ਦਾ ਲਾਭ ਵੀ ਪ੍ਰਦਾਨ ਕੀਤਾ ਗਿਆ।”

ਪ੍ਰਭਾਵਸ਼ਾਲੀ ਪੁਲਿਸਿੰਗ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਮਹੱਤਵਪੂਰਨ ਮੰਨਦਿਆਂ ਕਮਿਸ਼ਨਰੇਟ ਪੁਲਿਸ ਨੇ ਪੁਲਿਸ ਅਤੇ ਸਮਾਜ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਪ੍ਰੋਜੈਕਟ ਸੰਪਰਕ ਤਹਿਤ 162 ਮੀਟਿੰਗਾਂ ਅਤੇ 83 ਨਸ਼ਾ ਵਿਰੋਧੀ ਜਾਗਰੂਕਤਾ ਕੈਂਪ-ਕਮ-ਸੈਮੀਨਾਰ ਕਰਵਾਏ ਗਏ।

ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਕਿਹਾ, “ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਚੌਵੀ ਘੰਟੇ ਜਨਤਕ ਸੁਰੱਖਿਆ ਯਕੀਨੀ ਬਣਾਉਣ ਲਈ ਸਰਗਰਮ ਅਤੇ ਖੁਫ਼ੀਆ-ਅਧਾਰਿਤ ਪੁਲਿਸਿੰਗ ਮਾਡਲ ਅਪਣਾਇਆ ਹੈ। ਲਗਾਤਾਰ ਗਸ਼ਤ ਅਤੇ ਤੁਰੰਤ ਪ੍ਰਤੀਕਿਰਿਆ ਯਕੀਨੀ ਬਣਾਉਣ ਲਈ ਦੋ ਸ਼ਿਫ਼ਟਾਂ ਵਿੱਚ 181 ਪੁਲਿਸ ਮੁਲਾਜ਼ਮਾਂ ਸਮੇਤ 86 ਗਸ਼ਤੀ ਵਾਹਨ ਅਤੇ 25 ਪੁਲਿਸ ਮੁਲਾਜ਼ਮਾਂ ਸਮੇਤ 21 ਮੋਟਰਸਾਈਕਲ ਤਾਇਨਾਤ ਕੀਤੇ ਗਏ ਹਨ। ਸ਼ਹਿਰ ਦੀ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਸਾਰੇ ਪ੍ਰਮੁੱਖ ਦਾਖ਼ਲਾ ਅਤੇ ਨਿਕਾਸ ਮਾਰਗਾਂ ‘ਤੇ 81 ਪੁਲਿਸ ਮੁਲਾਜ਼ਮਾਂ ਦੀ ਅਗਵਾਈ ਹੇਠ ਰਾਤ ਸਮੇਂ 19 ਵਿਸ਼ੇਸ਼ ਨਾਕੇ ਲਗਾਏ ਗਏ ਹਨ, ਜਿੱਥੇ ਬੈਰੀਕੇਡਿੰਗ, ਹਥਿਆਰਾਂ ਅਤੇ ਸੀਨੀਅਰ ਅਧਿਕਾਰੀਆਂ ਦੀ ਨਿਯਮਤ ਨਿਗਰਾਨੀ ਦੀ ਉਚਿਤ ਵਿਵਸਥਾ ਕੀਤੀ ਗਈ ਹੈ।”

ਇਸ ਲਗਾਤਾਰ ਚਲਾਏ ਗਏ ਅਭਿਆਨ ਦੇ ਨਤੀਜੇ ਵਜੋਂ 82,274 ਟ੍ਰੈਫਿਕ ਚਲਾਨ ਕੀਤੇ ਗਏ, 5,400 ਵਾਹਨ ਜ਼ਬਤ ਕੀਤੇ ਗਏ ਅਤੇ ਮੌਕੇ ‘ਤੇ ਹੀ 24,002 ਚਲਾਨ ਜਾਰੀ ਕੀਤੇ ਗਏ, ਜਿਸ ਦੇ ਚਲਦਿਆਂ 44.48 ਲੱਖ ਰੁਪਏ ਦਾ ਜ਼ੁਰਮਾਨਾ ਵਸੂਲਿਆ ਗਿਆ। ਇਸ ਤੋਂ ਇਲਾਵਾ, ਇਹਤਿਆਤੀ ਪੁਲਿਸ ਕਾਰਵਾਈ ਤਹਿਤ 1,609 ਰੋਕਥਾਮ ਕਾਰਵਾਈਆਂ ਕੀਤੀਆਂ ਗਈਆਂ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਤੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ 2,950 ਵਿਅਕਤੀਆਂ ਨੂੰ ਨਿਵਾਰਕ ਹਿਰਾਸਤ ਵਿੱਚ ਲਿਆ ਗਿਆ।

 

ਮੇਰੀ ਰਸੋਈ ਰਾਸ਼ਨ ਕਿੱਟਾਂ ਦੀ ਵੰਡ ਦਾ ਅੰਕੜਾ 33 ਲੱਖ ਤੋਂ ਪਾਰ

ਚੰਡੀਗੜ੍ਹ, 29 ਜੁਲਾਈ: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਛੜੇ ਵਰਗਾਂ ਦੇ ਪਰਿਵਾਰਾਂ ਲਈ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੀ ਰਾਸ਼ਨ ਕਿੱਟ ਵੰਡ ਮੁਹਿੰਮ ‘ਮੇਰੀ ਰਸੋਈ’ ਵਿੱਚ ਤੇਜ਼ੀ ਲਿਆਂਦੀ ਗਈ ਹੈ, ਜਿਸ ਤਹਿਤ ਲਗਭਗ 33.86 ਲੱਖ ਪਰਿਵਾਰ ਲਾਭ ਲੈ ਰਹੇ ਹਨ। ਇਸ ਮੁਹਿੰਮ ਦਾ ਉਦੇਸ਼ ਹਰ ਤਿਮਾਹੀ ਭਾਵ 3 ਮਹੀਨਿਆਂ ਬਾਅਦ ਪੰਜਾਬ ਭਰ ਵਿੱਚ ਕੁੱਲ 40.48 ਲੱਖ ਯੋਗ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਪ੍ਰਦਾਨ ਕਰਨਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ ਇਸ ਪਹਿਲਕਦਮੀ ਤਹਿਤ ਰਾਸ਼ਨ ਕਿੱਟਾਂ ਦੀ ਵੰਡ ਮਿਸ਼ਨ ਮੋਡ ‘ਤੇ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਇਸ ਸਕੀਮ ਤਹਿਤ ਹਰੇਕ ਪਰਿਵਾਰ ਨੂੰ ਇੱਕ ਰਾਸ਼ਨ ਕਿੱਟ ਮਿਲੇਗੀ ਜਿਸ ਨੂੰ ਇੱਕ ਪਰਿਵਾਰ ਦੀਆਂ ਖੁਰਾਕ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਕਿੱਟ ਵਿੱਚ ਮਹੀਨਾਵਾਰ ਖਪਤ ਲਈ ਦੋ ਕਿਲੋਗ੍ਰਾਮ ਦਾਲ, ਦੋ ਕਿਲੋਗ੍ਰਾਮ ਖੰਡ, ਇੱਕ ਕਿਲੋਗ੍ਰਾਮ ਨਮਕ, 200 ਗ੍ਰਾਮ ਹਲਦੀ ਪਾਊਡਰ ਅਤੇ ਇੱਕ ਲੀਟਰ ਸਰ੍ਹੋਂ ਦਾ ਤੇਲ ਸ਼ਾਮਲ ਹੈ। ਇਹ ਰਾਸ਼ਨ ਕਿੱਟਾਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਤਹਿਤ ਯੋਗ ਲਾਭਪਾਤਰੀਆਂ ਨੂੰ ਪਹਿਲਾਂ ਹੀ ਵੰਡੀ ਜਾ ਰਹੀ ਕਣਕ ਤੋਂ ਇਲਾਵਾ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਇਹ ਰਾਸ਼ਨ ਕਿੱਟਾਂ ਮਾਰਕਫੈੱਡ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਹਨ ਜਦੋਂ ਕਿ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਸੂਬੇ ਭਰ ਵਿੱਚ ਵੰਡ ਨੈੱਟਵਰਕ ਦੀ ਨਿਗਰਾਨੀ ਕੀਤੀ ਜਾਂਦੀ ਹੈ।

ਹੁਣ ਤੱਕ ਵੰਡੀਆਂ ਗਈਆਂ 33.86 ਲੱਖ ਰਾਸ਼ਨ ਕਿੱਟਾਂ ਵਿੱਚੋਂ, ਲੁਧਿਆਣਾ 386692 ਕਿੱਟਾਂ ਦੀ ਵੰਡ ਨਾਲ ਮੋਹਰੀ ਰਿਹਾ ਜਦਕਿ ਅੰਮ੍ਰਿਤਸਰ 266112 ਕਿੱਟਾਂ ਦੀ ਵੰਡ ਨਾਲ ਦੂਜੇ ਸਥਾਨ ‘ਤੇ, ਪਟਿਆਲਾ 237320 ਕਿੱਟਾਂ ਦੀ ਵੰਡ ਨਾਲ ਤੀਜੇ ਸਥਾਨ ‘ਤੇ, ਗੁਰਦਾਸਪੁਰ 209040 ਕਿੱਟਾਂ ਦੀ ਵੰਡ ਨਾਲ ਚੌਥੇ ਸਥਾਨ ‘ਤੇ, ਜਲੰਧਰ 195614 ਕਿੱਟਾਂ ਦੀ ਵੰਡ ਨਾਲ ਪੰਜਵੇਂ ਸਥਾਨ ‘ਤੇ ਅਤੇ ਬਠਿੰਡਾ 194449 ਕਿੱਟਾਂ ਦੀ ਵੰਡ ਨਾਲ ਛੇਵੇਂ ਸਥਾਨ ‘ਤੇ ਹੈ।

ਇਸੇ ਤਰ੍ਹਾਂ ਫਾਜ਼ਿਲਕਾ ਵਿੱਚ 165364 ਰਾਸ਼ਨ ਕਿੱਟਾਂ ਦੀ ਵੰਡ ਕੀਤੀ ਗਈ, ਸੰਗਰੂਰ ਵਿੱਚ 166102 ਰਾਸ਼ਨ ਕਿੱਟਾਂ, ਹੁਸ਼ਿਆਰਪੁਰ ਵਿੱਚ 184140, ਤਰਨ ਤਾਰਨ ਵਿੱਚ 161253, ਸ੍ਰੀ ਮੁਕਤਸਰ ਸਾਹਿਬ ਵਿੱਚ 142995, ਫਿਰੋਜ਼ਪੁਰ ਵਿੱਚ 129673, ਮੋਗਾ ਵਿੱਚ 123321, ਮਾਨਸਾ ਵਿੱਚ 100371, ਕਪੂਰਥਲਾ ਵਿੱਚ 90616, ਫਤਿਹਗੜ੍ਹ ਸਾਹਿਬ ਵਿੱਚ 81867, ਫਰੀਦਕੋਟ ਵਿੱਚ 82808, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ 91991, ਪਠਾਨਕੋਟ ਵਿੱਚ 89596, ਰੂਪਨਗਰ ਵਿੱਚ 91469, ਬਰਨਾਲਾ ਵਿੱਚ 68592, ਮਾਲੇਰਕੋਟਲਾ ਵਿੱਚ 55400 ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ 71614 ਰਾਸ਼ਨ ਕਿੱਟਾਂ ਵੰਡੀਆਂ ਗਈਆਂ ਹਨ।

ਇਹਨਾਂ ਰਾਸ਼ਨ ਕਿੱਟਾਂ ਦੀ ਵੰਡ ਦਾ ਉਦੇਸ਼ ਮੁੱਖ ਅਨਾਜ ਨੂੰ ਜ਼ਰੂਰੀ ਪ੍ਰੋਟੀਨ, ਖਾਣਾ ਪਕਾਉਣ ਵਾਲੇ ਤੇਲ ਅਤੇ ਮਸਾਲਿਆਂ ਵਿੱਚ ਸ਼ਾਮਿਲ ਕਰਨਾ ਹੈ, ਜਿਸ ਨਾਲ ਯੋਜਨਾ ਦੇ ਅਧੀਨ ਆਉਣ ਵਾਲੇ ਪਰਿਵਾਰਾਂ ਲਈ ਬਿਹਤਰ ਪੌਸ਼ਟਿਕ ਖੁਰਾਕ ਯਕੀਨੀ ਬਣਾਈ ਜਾ ਸਕੇਗੀ।

ਵੰਡ ਵਿੱਚ ਪਾਰਦਰਸ਼ਿਤਾ ਨੂੰ ਯਕੀਨੀ ਬਣਾਉਣ, ਦੋਹਰੀ ਐਂਟਰੀ ਨੂੰ ਰੋਕਣ ਅਤੇ ਸੁਚਾਰੂ ਡਿਲੀਵਰੀ ਨੂੰ ਯਕੀਨੀ ਬਣਾਉਣ ਲਈ ਕਰੜੀ ਨਜ਼ਰ ਰੱਖੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਅਤੇ ਸਥਾਨਕ ਅਧਿਕਾਰੀਆਂ ਵੱਲੋਂ ਇਸ ਯੋਜਨਾ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਤਾਲਮੇਲ ਨਾਲ ਕੰਮ ਕੀਤਾ ਜਾ ਰਿਹਾ ਹੈ।

ਇਹ ਯੋਜਨਾ ਹਰ ਯੋਗ ਪਰਿਵਾਰ ਲਈ ਭੋਜਨ ਸੁਰੱਖਿਆ ਯਕੀਨੀ ਬਣਾਉਣ ਸਬੰਧੀ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਦਾ ਪ੍ਰਤੱਖ ਪ੍ਰਮਾਣ ਹੈ। ਮੌਜੂਦਾ ਐਨਐਫਐਸਏ ਕਣਕ ਵੰਡ ਵਿੱਚ ਇਨ੍ਹਾਂ ਰਾਸ਼ਨ ਕਿੱਟਾਂ ਨੂੰ ਸ਼ਾਮਿਲ ਕਰਕੇ, ਭੁੱਖਮਰੀ ਅਤੇ ਪੋਸ਼ਣ ਦੋਵਾਂ ਮੁੱਦਿਆਂ ਨੂੰ ਹੱਲ ਕੀਤਾ ਜਾ ਰਿਹਾ ਹੈ।

 

ਮੀਤ ਹੇਅਰ ਨੇ ਲੋਕ ਸਭਾ ਵਿੱਚ ਕੇਂਦਰ ਦੀ ਧਰਮ ਤੇ ਜਾਤ ਦੇ ਆਧਾਰ ਉੱਤੇ ਵੰਡੀਆਂ ਪਾਉਣ ਦੀ ਰਾਜਨੀਤੀ ਨੂੰ ਦਿਖਾਇਆ ਸ਼ੀ

ਚੰਡੀਗੜ੍ਹ, 29 ਜੁਲਾਈ: ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਲੋਕ ਸਭਾ ਵਿੱਚ ਪੇਸ਼ ਜਨਤਕ ਪ੍ਰੀਖਿਆ (ਪ੍ਰੀਵੈਂਸ਼ਨ ਆਫ਼ ਅਨਫੇਅਰ ਮੀਨਜ਼) ਸੋਧ ਬਿੱਲ ਉੱਤੇ ਬੋਲਦਿਆਂ ਦੇਸ਼ ਦੇ ਨੌਜਵਾਨਾਂ ਦੇ ਸੰਘਰਸ਼ ਨੂੰ ਸਿਜਦਾ ਕਰਦਿਆਂ ਕਿਹਾ ਕਿ ਨੌਜਵਾਨ ਸ਼ਕਤੀ ਨੇ 12 ਸਾਲ ਤੋਂ ਧਰਮ ਤੇ ਜਾਤੀ ਦੇ ਆਧਾਰ ਉੱਤੇ ਵੰਡੀਆਂ ਪਾਉਣ ਵਾਲੀ ਸਰਕਾਰ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਾਪੇਗੰਡਾ ਦੀ ਬਜਾਏ ਸਿੱਖਿਆ ਤੇ ਬੇਰੁਜ਼ਗਾਰੀ ਜਿਹੇ ਅਸਲ ਮੁੱਦੇ ਮੁੱਖ ਧਾਰਾ ਚ ਆਏ ਹਨ।

ਮੀਤ ਹੇਅਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਅੱਧੀ ਰਾਤ ਸੈਲਫੀ ਵੀਡਿਓ ਬਣਾਉਣ ਨੇ ਸਾਬਤ ਕਰ ਦਿੱਤਾ ਕਿ ਸਿੱਖਿਆ, ਬੇਰੋਜ਼ਗਾਰੀ ਜਿਹੇ ਹੀ ਅਸਲ ਮੁੱਦੇ ਹਨ ਜਿਨ੍ਹਾਂ ਤੋਂ ਭਾਜਪਾ ਭੱਜ ਰਹੀ ਹੈ। ਜੰਤਰ-ਮੰਤਰ ਅੰਦੋਲਨ ਨੇ ਭਾਜਪਾ ਸਰਕਾਰ ਦਾ ਚਿਹਰਾ ਨੰਗਾ ਕਰ ਦਿੱਤਾ ਅਤੇ ਭਾਜਪਾ ਦੀਨਨਫ਼ਰਤ ਦੀ ਰਾਜਨੀਤੀ ਨੂੰ ਕਰਾਰੀ ਚੋਟ ਮਾਰੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਪਤਾ ਹੈ ਕਿ ਸਿੱਖਿਆ ਦੇ ਮੁੱਦੇ ਉੱਤੇ ਉਸ ਕੋਲ ਕੋਈ ਜਵਾਬ ਨਹੀਂ ਹੈ।

ਲੋਕ ਸਭਾ ਮੈਂਬਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਅੱਧੀ ਰਾਤ ਨੂੰ ਸੈਲਫੀ ਵੀਡਿਓ ਰਾਹੀਂ ਸਪੱਸ਼ਟੀਕਰਨ ਦੇਣਾ ਕੇਂਦਰ ਸਰਕਾਰ ਦੀ ਬੁਖਲਾਹਟ ਤੇ ਘਬਰਾਹਟ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਨਵੇਂ ਸੋਧਨਾ ਬਿੱਲ ਰਾਹੀਂ ਵੱਡੇ ਦਮਗਜ਼ੇ ਮਾਰਨ ਵਾਲੀ ਕੇਂਦਰ ਸਰਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਨੂੰ ਉਹ ਵੱਡੇ ਸੁਧਾਰ ਦੱਸ ਰਹੇ ਹਨ, ਉਹ ਵਿਸ਼ਵ ਦੇ ਛੋਟੇ-ਛੋਟੇ ਮੁਲਕਾਂ ਅੰਦਰ ਪਹਿਲਾਂ ਹੀ ਵਿਵਸਥਾਵਾਂ ਚੱਲ ਰਹੀਆਂ ਹਨ।

ਮੀਤ ਹੇਅਰ ਨੇ ਕਿਹਾ ਕਿ ਨਵੇਂ ਬਿੱਲ ਵਿੱਚ ਸਜ਼ਾ ਵਧਾਉਣ ਦੀ ਤਜਵੀਜ਼ ਹੈ ਜਦੋਂ ਕਿ ਸਜ਼ਾ ਦੀ ਵਿਵਸਥਾ ਪਹਿਲਾਂ ਹੀ ਮੌਜੂਦ ਪਰ 2024 ਤੋਂ ਕਿਸੇ ਨੂੰ ਸਜ਼ਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਤਾਂ ਪਹਿਲਾਂ ਹੀ ਨਹੀਂ ਮਿਲ ਰਹੀ, ਸੋਧ ਬਿੱਲ ਵਿੱਚ ਸਜ਼ਾ ਵਧਾਉਣ ਨਾਲ ਕੋਈ ਫਰਕ ਨਹੀਂ ਪੈਣਾ।

 

ਪੰਜਾਬ ਸਰਕਾਰ ਵੱਲੋਂ ਘਨੌਰ ਹਲਕੇ ਦੇ 42 ਪਿੰਡਾਂ ਦੇ ਕਿਸਾਨਾਂ ਨੂੰ ਵੱਡਾ ਤੋਹਫ਼ਾ, ਲਿਫ਼ਟ ਸਿਸਟਮ ਰਾਹੀਂ ਮਿਲਿਆ ਨਹਿਰੀ ਪਾਣੀ

*ਚੰਡੀਗੜ੍ਹ/ਘਨੌਰ, 29 ਜੁਲਾਈ:* ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਗੋਇਲ ਅਤੇ ਵਿਧਾਇਕ ਗੁਰਲਾਲ ਘਨੌਰ ਨੇ ਅੱਜ ਪਿੰਡ ਕੋਲ੍ਹੇਮਾਜਰਾ ਵਿਖੇ 26.73 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਲਿਫ਼ਟ ਸਿਸਟਮ ਅਧਾਰਿਤ ਨਹਿਰੀ ਸਿੰਚਾਈ ਪ੍ਰਾਜੈਕਟਾਂ ਦਾ ਉਦਘਾਟਨ ਕਰਦਿਆਂ ਹਲਕੇ ਦੇ 42 ਪਿੰਡਾਂ ਦੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਇਸ ਇਲਾਕੇ ਦੇ ਕਿਸਾਨਾਂ ਦੀ ਆਜ਼ਾਦੀ ਤੋਂ ਪਹਿਲਾਂ ਤੋਂ ਚੱਲੀ ਆ ਰਹੀ ਚਿਰੋਕਣੀ ਮੰਗ ਨੂੰ ਪੂਰਾ ਕਰਕੇ ਆਪਣਾ ਵਾਅਦਾ ਨਿਭਾਇਆ ਹੈ।

ਬਰਿੰਦਰ ਗੋਇਲ, ਜਿਨ੍ਹਾਂ ਕੋਲ ਖਨਣ ਤੇ ਭੂ-ਵਿਗਿਆਨ ਅਤੇ ਭੂਮੀ ਤੇ ਪਾਣੀ ਦੀ ਸੰਭਾਲ ਬਾਰੇ ਵਿਭਾਗ ਵੀ ਹਨ, ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਹਿਲੀ ਵਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦਾ ਤਹੱਈਆ ਕਰਦਿਆਂ ਅਜਾਈਂ ਵਹਿ ਜਾਂਦੇ ਨਹਿਰੀ ਪਾਣੀ ਨੂੰ ਵੱਡੇ ਪੱਧਰ ‘ਤੇ ਸਿੰਚਾਈ ਲਈ ਵਰਤਿਆ ਹੈ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾ ਕੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਮੁਹਿੰਮ ਨੂੰ ਮਜ਼ਬੂਤੀ ਦਿੱਤੀ ਗਈ ਹੈ।

ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਨਹਿਰੀ ਪਾਣੀ ਟੇਲਾਂ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਘਨੌਰ ਹਲਕੇ ਦੇ ਨੇੜੇ ਨਹਿਰ ਲੰਘਦੀ ਹੋਣ ਦੇ ਬਾਵਜੂਦ ਕਈ ਪਿੰਡ ਨਹਿਰੀ ਪਾਣੀ ਤੋਂ ਵਾਂਝੇ ਸਨ, ਪਰ ਭਗਵੰਤ ਮਾਨ ਸਰਕਾਰ ਨੇ ਹੁਣ ਉਨ੍ਹਾਂ ਖੇਤਾਂ ਤੱਕ ਵੀ ਪਾਣੀ ਪਹੁੰਚਾ ਦਿੱਤਾ ਹੈ।

ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਕਿ ਵਿਧਾਇਕ ਗੁਰਲਾਲ ਘਨੌਰ ਦੀ ਪਹਿਲਕਦਮੀ ਸਦਕਾ ਹਲਕਾ ਘਨੌਰ ਵਿੱਚ 22.23 ਕਰੋੜ ਰੁਪਏ ਦੀ ਲਾਗਤ ਨਾਲ ਪਾਣੀ ਲਿਫ਼ਟਿੰਗ ਸਿਸਟਮ (ਪੁਰਾਣਾ ਨਾਮ ਰਾਜਖਾਂਟ, ਬਨੂੜ ਕੈਨਾਲ) ਰਾਹੀਂ 36.39 ਕਿਲੋਮੀਟਰ ਲੰਬੀ ਜ਼ਮੀਨਦੋਜ਼ ਪਾਈਪ ਲਾਈਨ ਵਿਛਾ ਕੇ 38 ਪਿੰਡਾਂ ਨੂੰ ਨਹਿਰੀ ਪਾਣੀ ਦਾ ਲਾਭ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ 15,129 ਏਕੜ ਰਕਬੇ ਨੂੰ ਪਹਿਲੀ ਵਾਰ ਨਹਿਰੀ ਸਿੰਚਾਈ ਅਧੀਨ ਲਿਆਂਦਾ ਗਿਆ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਹਲਕਾ ਘਨੌਰ ਵਿੱਚ ਪੈਂਦੇ ਘੜਾਮ ਰਜਬਾਹੇ ਦੇ 2.44 ਕਿਲੋਮੀਟਰ ਖੇਤਰ ਨੂੰ 4.50 ਕਰੋੜ ਰੁਪਏ ਦੀ ਲਾਗਤ ਨਾਲ ਕੰਕਰੀਟ ਲਾਈਨਿੰਗ ਕਰਕੇ ਪੱਕਾ ਕੀਤਾ ਗਿਆ ਹੈ, ਜਿਸ ਨਾਲ ਲਾਭ ਪ੍ਰਾਪਤ ਕਰਨ ਵਾਲੇ 4 ਪਿੰਡਾਂ ਵਿੱਚ 1,803 ਏਕੜ ਰਕਬੇ ਨੂੰ ਸਿੰਚਾਈ ਲਈ ਨਹਿਰੀ ਪਾਣੀ ਮਿਲੇਗਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਗੋਇਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਹੜ੍ਹਾਂ ਤੋਂ ਬਚਾਅ ਲਈ ਰਾਜ ਭਰ ‘ਚ 450 ਕਰੋੜ ਰੁਪਏ ਖਰਚ ਕੀਤੇ ਹਨ ਅਤੇ ਪਿਛਲੇ ਪੰਜਾਹ ਸਾਲਾਂ ਵਿੱਚ ਪਹਿਲੀ ਵਾਰ ਇੰਨੇ ਵੱਡੇ ਪੱਧਰ ‘ਤੇ ਕੰਮ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਕੱਲੇ ਘਨੌਰ ਹਲਕੇ ਵਿੱਚ ਘੱਗਰ ਨਦੀ ‘ਤੇ ਹੜ੍ਹਾਂ ਤੋਂ ਬਚਾਅ ਲਈ 13 ਕਰੋੜ ਰੁਪਏ ਖਰਚੇ ਗਏ ਹਨ।

ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦਾ ਸਵਾਗਤ ਕਰਦਿਆਂ ਵਿਧਾਇਕ ਗੁਰਲਾਲ ਘਨੌਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਹਲਕਾ ਘਨੌਰ ‘ਚ ਲਾਮਿਸਾਲ ਵਿਕਾਸ ਕਾਰਜ ਕਰਵਾਏ ਹਨ। ਗੁਰਲਾਲ ਘਨੌਰ ਨੇ ਦੱਸਿਆ ਕਿ ਲਿਫ਼ਟ ਸਿਸਟਮ ਦੇ ਚਾਲੂ ਹੋਣ ਨਾਲ ਜਿੱਥੇ ਧਰਤੀ ਹੇਠਲਾ ਪਾਣੀ ਬਚੇਗਾ, ਉੱਥੇ ਹੀ ਕਿਸਾਨਾਂ ਦੀਆਂ ਖੇਤੀ ਲਾਗਤਾਂ ਵੀ ਘਟਣਗੀਆਂ।

ਇਸ ਦੌਰਾਨ ਇਲਾਕਾ ਨਿਵਾਸੀ ਕਿਸਾਨਾਂ ਨੇ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਗੁਰਲਾਲ ਘਨੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਚਿਰੋਕਣੀ ਮੰਗ ਨੂੰ ਕੇਵਲ ਭਗਵੰਤ ਮਾਨ ਸਰਕਾਰ ਨੇ ਹੀ ਪੂਰਾ ਕੀਤਾ ਹੈ, ਜਿਸ ਨਾਲ ਹੁਣ ਉਨ੍ਹਾਂ ਦੇ ਖੇਤਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਦੀ ਨਿਯਮਤ ਸਹੂਲਤ ਮਿਲੇਗੀ।ਇਸ ਮੌਕੇ ਕੈਬਨਿਟ ਮੰਤਰੀ ਤੇ ਵਿਧਾਇਕ ਦਾ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਸਿੰਚਾਈ ਵਿਭਾਗ ਦੇ ਨਿਗਰਾਨ ਇੰਜੀਨੀਅਰ ਰਮਨਦੀਪ ਸਿੰਘ ਬੈਂਸ, ਟਿਊਬਵੈਲ ਕਾਰਪੋਰੇਸ਼ਨ ਦੇ ਨਿਗਰਾਨ ਇੰਜੀਨੀਅਰ ਮਨਿੰਦਰ ਸਿੰਘ, ਕਾਰਜਕਾਰੀ ਇੰਜੀਨੀਅਰ ਗੁਰਸ਼ਰਨ ਸਿੰਘ ਵਿਰਕ, ਐਸ.ਡੀ.ਓ. ਕੁਮਾਰ ਧਵਨ, ਜ਼ਿਲ੍ਹਾ ਪਰਿਸ਼ਦ ਮੈਂਬਰ ਗੁਰਮੇਲ ਸਿੰਘ, ਸਹਿਜਪਾਲ ਸਿੰਘ ਲਾਡਾ, ਕਪਤਾਨ ਸਿੰਘ, ਨਰਿੰਦਰ ਸਿੰਘ, ਬਲਾਕ ਸੰਮਤੀ ਸ਼ੰਭੂ ਦੇ ਵਾਈਸ ਚੇਅਰਮੈਨ ਭੁਪਿੰਦਰ ਸਿੰਘ, ਗੁਰਤਾਜ ਸਿੰਘ, ਡੀ.ਐਸ.ਪੀ. ਦਲਜੀਤ ਸਿੰਘ ਵਿਰਕ, ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਮੌਜੂਦ ਸਨ।

 

ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਨੇ ਜ਼ਿਲ੍ਹੇ ‘ਚ ਕੀਤਾ ਅਚਨਚੇਤ ਨਿਰੀਖਣ

ਹੁਸ਼ਿਆਰਪੁਰ, 29 ਜੁਲਾਈ: ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਨੇ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਅਦਾਰਿਆਂ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ-2013 ਤਹਿਤ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਦਾ ਜਾਇਜ਼ਾ ਲਿਆ। ਨਿਰੀਖਣ ਦੌਰਾਨ ਉਨ੍ਹਾਂ ਨੇ ਸਰਕਾਰੀ ਸਕੂਲ ਧਮਾਈ, ਗੜ੍ਹਸ਼ੰਕਰ, ਚੌਹਾਲ, ਮੰਗੂਵਾਲ ਨਾਰੀ ਅਤੇ ਅੱਜੋਵਾਲ, ਆਂਗਣਵਾੜੀ ਕੇਂਦਰ ਚੌਹਾਲ, ਮੰਗੂਵਾਲ ਨਾਰੀ ਅਤੇ ਧਮਾਈ, ਨਾਲ ਹੀ ਰਾਸ਼ਨ ਡਿਪੂ ਮਹਿੰਦਵਾਣੀ ਗੁੱਜਰਾਂ ਵਿਖੇ ਵੀ ਚੈਕਿੰਗ ਕਰਕੇ ਰਿਕਾਰਡ ਦੇਖਿਆ।

ਉਨ੍ਹਾਂ ਦੱਸਿਆ ਕਿ ਨਿਰੀਖਣ ਦੀ ਸ਼ੁਰੂਆਤ ਸਰਕਾਰੀ ਸਕੂਲਾਂ ਵਿੱਚ ਚੱਲ ਰਹੀ ਮਿਡ-ਡੇ ਮੀਲ ਯੋਜਨਾ ਤੋਂ ਕੀਤੀ ਗਈ। ਇਸ ਦੌਰਾਨ ਸਕੂਲਾਂ ਵਿੱਚ ਬੱਚਿਆਂ ਲਈ ਤਿਆਰ ਕੀਤੇ ਜਾਂਦੇ ਭੋਜਨ ਦੇ ਮਿਆਰ ਨੂੰ ਹੋਰ ਵਧੀਆ ਕਰਨ ਦੇ ਨਿਰਦੇਸ਼ ਦਿੱਤੇ।  ੳੇੁਨ੍ਹਾਂ ਨੇ ਕਿਹਾ ਕਿ ਕਈ ਜਗ੍ਹਾ ਰਸੋਈਆਂ ਨੂੰ ਆਪਣੀ ਡਿਊਟੀ ਪੂਰੀ ਸਮਰਪਣ ਭਾਵਨਾ ਨਾਲ ਨਿਭਾੳੇੁਣ ਦੇ ਨਿਰਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ ਕਈ ਸਕੂਲਾਂ ਦੇ ਪਖਾਨਿਆਂ ਦੀ ਸੁਚੱਜੇ ਢੰਗ ਨਾਲ ਨਿਰੰਤਰ  ਸਫ਼ਾਈ ਦੇ ਵੀ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਕੂਲਾਂ ਵਿਚ ਕੁਝ ਖਾਮੀਆਂ ਪਾਈਆਂ ਗਈਆਂ ਹਨ  ਉਨ੍ਹਾਂ ਬਾਰੇ ਜ਼ਿਲ੍ਹਾ ਸਿੱਖਿਆ ਅਫ਼ਸਰ, ਨੂੰ ਸਬੰਧਤ ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਲੋੜੀਂਦੀ ਕਾਰਵਾਈ ਕਰਨ ਅਤੇ ਇਸ ਦੀ ਰਿਪੋਰਟ ਕਮਿਸ਼ਨ ਨੂੰ ਭੇਜਣ ਦੇ ਨਿਰਦੇਸ਼ ਵੀ ਦਿੱਤੇ ਗਏ।

ਆਂਗਣਵਾੜੀ ਕੇਂਦਰ ਧਮਾਈ ਵਿੱਚ ਪਾਇਆ ਗਿਆ ਕਿ ਜੂਨ ਮਹੀਨੇ ਦਾ ਰਾਸ਼ਨ ਲਾਭਪਾਤਰੀਆਂ ਵਿੱਚ ਵੰਡਿਆ ਜਾ ਚੁੱਕਾ ਹੈ, ਪਰ ਜੁਲਾਈ ਮਹੀਨੇ ਦਾ ਰਾਸ਼ਨ ਅਜੇ ਤੱਕ ਕੇਂਦਰ ਨੂੰ ਪ੍ਰਾਪਤ ਨਹੀਂ ਹੋਇਆ। ਇਸ ਤੋਂ ਇਲਾਵਾ ਐਚਸੀਐਮ ਰਾਸ਼ਨ ਵੀ ਕਈ ਮਹੀਨਿਆਂ ਤੋਂ ਉਪਲਬੱਧ ਨਹੀਂ ਕਰਵਾਇਆ ਗਿਆ। ਇਸ ਸਬੰਧੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਤੁਰੰਤ ਰਾਸ਼ਨ ਉਪਲਬੱਧ ਕਰਵਾਉਣ ਅਤੇ ਦੇਰੀ ਦੇ ਕਾਰਨਾਂ ਦੀ ਜਾਂਚ ਕਰਕੇ ਰਿਪੋਰਟ ਕਮਿਸ਼ਨ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਗਏ।

ਮੰਗੂਵਾਲ ਨਾਰੀ ਅਤੇ ਚੌਹਾਲ ਆਂਗਣਵਾੜੀ ਕੇਂਦਰਾਂ ਵਿੱਚ ਲਾਭਪਾਤਰੀਆਂ ਨੂੰ ਮਿਲ ਰਹੀਆਂ ਸਹੂਲਤਾਂ ਦੀ ਜਾਣਕਾਰੀ ਲਈ ਗਈ। ਇਨ੍ਹਾਂ ਕੇਂਦਰਾਂ ਦੇ ਕੰਮ-ਕਾਜ ‘ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਮੈਂਬਰ ਨੇ ਸੇਵਾਵਾਂ ਵਿੱਚ ਹੋਰ ਸੁਧਾਰ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਤੋਂ ਉਪਰੰਤ ਰਾਸ਼ਨ ਡਿਪੂ ਮਹਿੰਦਵਾਣੀ ਗੁੱਜਰਾਂ ਦਾ ਵੀ ਨਿਰੀਖਣ ਕੀਤਾ ਗਿਆ।
ਫ਼ੀਲਡ ਨਿਰੀਖਣ ਤੋਂ ਬਾਅਦ ਉਨ੍ਹਾਂ ਨੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ, ਜ਼ਿਲ੍ਹਾ ਸਿੱਖਿਆ ਅਫ਼ਸਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਹੋਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿੱਚ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਤਹਿਤ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਆਂਗਣਵਾੜੀ ਕੇਂਦਰਾਂ ਅਤੇ ਸਕੂਲਾਂ ਵਿੱਚ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਪੋਸ਼ਣ ਵਾਟਿਕਾ ਤਿਆਰ ਕਰਨ ਲਈ ਪ੍ਰੇਰਿਤ ਕੀਤਾ।
     ਦੌਰੇ ਦੌਰਾਨ ਲਾਭਪਾਤਰੀਆਂ ਨੂੰ ਕਮਿਸ਼ਨ ਦੇ ਹੈਲਪਲਾਈਨ ਨੰਬਰ 98767-64545 ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ-2013 ਤਹਿਤ ਚੱਲ ਰਹੀਆਂ ਯੋਜਨਾਵਾਂ ਨਾਲ ਸਬੰਧਤ ਸ਼ਿਕਾਇਤਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਹੁਸ਼ਿਆਰਪੁਰ ਕੋਲ ਵੀ ਦਰਜ ਕਰਵਾਈਆਂ ਜਾ ਸਕਦੀਆਂ ਹਨ। 

ਪੰਜਾਬ ਕਰ ਵਿਭਾਗ ਨੇ ਵੈਟ ਬਕਾਏ ਦੀ ਵਸੂਲੀ ਕੀਤੀ ਤੇਜ਼: ਜਾਇਦਾਦ ਦੀ ਨਿਲਾਮੀ ਤੋਂ 1.21 ਕਰੋੜ ਰੁਪਏ ਹੋਏ ਪ੍ਰਾਪਤ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 29 ਜੁਲਾਈ 2026 ਪੰਜਾਬ ਕਰ ਵਿਭਾਗ ਨੇ ਪਟਿਆਲਾ ਜ਼ਿਲ੍ਹੇ ਵਿੱਚ ਜਾਇਦਾਦ ਨਿਲਾਮੀ ਦੀਆਂ ਪ੍ਰਕਿਰਿਆਵਾਂ ਰਾਹੀਂ ਵੈਲਿਊ ਐਡਿਡ ਟੈਕਸ (ਵੈਟ) ਦੇ ਬਕਾਏ ਵਸੂਲਣ ਦੀ ਆਪਣੀ ਚੱਲ ਰਹੀ ਮੁਹਿੰਮ ਵਿੱਚ ਵੱਡੀ ਸਫ਼ਲਤਾ ਹਾਸਲ ਕਰਦਿਆਂ ਜਾਇਦਾਦ ਨਿਲਾਮੀ ਰਾਹੀਂ 1.21 ਕਰੋੜ ਰੁਪਏ ਵਸੂਲੇ ਅਤੇ ਨਾਲ ਹੀ ਯਕਮੁਸ਼ਤ ਨਿਪਟਾਰਾ (ਓ.ਟੀ.ਐੱਸ.) ਸਕੀਮ ਤਹਿਤ 18.46 ਲੱਖ ਰੁਪਏ ਤੁਰੰਤ ਜਮ੍ਹਾਂ ਕਰਵਾਏ ਗਏ। ਇਹਨਾਂ ਹਾਲੀਆ ਪ੍ਰਾਪਤੀਆਂ ‘ਤੇ ਚਾਨਣਾ ਪਾਉਂਦਿਆਂ ਪੰਜਾਬ ਦੇ ਵਿੱਤ, ਕਰ ਤੇ ਆਬਕਾਰੀ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਰਾਜ ਭਰ ਦੇ ਸਾਰੇ ਯੋਗ ਬਕਾਇਆਦਾਰ ਡੀਲਰਾਂ ਨੂੰ ਅਪੀਲ ਕੀਤੀ ਕਿ ਉਹ 31 ਜੁਲਾਈ ਦੀ ਅੰਤਿਮ ਮਿਤੀ ਤੋਂ ਪਹਿਲਾਂ-ਪਹਿਲਾਂ ਓ.ਟੀ.ਐੱਸ. ਸਕੀਮ ਤਹਿਤ ਆਪਣੇ ਲੰਮੇ ਸਮੇਂ ਤੋਂ ਪੈਂਡਿੰਗ ਬਕਾਏ ਨਿਪਟਾਉਣ, ਨਹੀਂ ਤਾਂ ਜਾਇਦਾਦ ਕੁਰਕੀ ਅਤੇ ਜਨਤਕ ਨਿਲਾਮੀ ਵਰਗੀ ਸਖ਼ਤ ਵਸੂਲੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।

ਇੱਥੇ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਵਸੂਲੀ ਦੇ ਸਫ਼ਲ ਮਾਮਲਿਆਂ ਦਾ ਵੇਰਵਾ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ, “ਪਟਿਆਲਾ ਜ਼ਿਲ੍ਹੇ ਵਿੱਚ ਮੈਸਰਜ਼ ਗੁਰੂਜੀ ਫੀਡਸ, ਰਾਜਪੁਰਾ, ਜਿਸ ਸਿਰ ਕੁੱਲ 57.78 ਲੱਖ ਰੁਪਏ ਦਾ ਟੈਕਸ ਬਕਾਇਆ ਸੀ, ਦੀ ਜਾਇਦਾਦ ਦੀ ਨਿਲਾਮੀ 27 ਜੁਲਾਈ 2026 ਲਈ ਨਿਰਧਾਰਿਤ ਕੀਤੀ ਗਈ ਸੀ। ਨਿਲਾਮੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ, ਡੀਲਰ ਨੇ ਓ.ਟੀ.ਐੱਸ. ਸਕੀਮ ਦੇ ਲਾਭਕਾਰੀ ਨਿਯਮਾਂ ਦਾ ਲਾਭ ਲੈਣ ਲਈ ਅੱਗੇ ਆ ਕੇ ਕੇਸ ਦੇ ਨਿਪਟਾਰੇ ਲਈ 18.46 ਲੱਖ ਰੁਪਏ ਜਮ੍ਹਾਂ ਕਰਵਾਏ।” ਵਿੱਤ ਮੰਤਰੀ ਨੇ ਕਿਹਾ ਕਿ ਇਹ ਮਾਮਲਾ ਸਕੀਮ ਤਹਿਤ ਯੋਗ ਬਕਾਇਆਦਾਰਾਂ ਨੂੰ ਮਿਲਣ ਵਾਲੀ ਵੱਡੀ ਰਾਹਤ ਨੂੰ ਦਰਸਾਉਂਦਾ ਹੈ ਅਤੇ ਇਹ ਸਾਬਤ ਕਰਦਾ ਹੈ ਕਿ ਸਮੇਂ ਸਿਰ ਨਿਪਟਾਰਾ ਕਰਨ ਨਾਲ ਸਬੰਧਤ ਕਾਰੋਬਾਰੀ ਆਪਣੀਆਂ ਸੰਪਤੀਆਂ ਦੀ ਕੁਰਕੀ ਅਤੇ ਜ਼ਬਰਦਸਤੀ ਵਿਕਰੀ ਤੋਂ ਬਚ ਸਕਦੇ ਹਨ।

ਇੱਕ ਹੋਰ ਵੱਡੀ ਕਾਰਵਾਈ ਦਾ ਖੁਲਾਸਾ ਕਰਦਿਆਂ ਆਬਕਾਰੀ ਤੇ ਕਰ ਮੰਤਰੀ ਚੀਮਾ ਨੇ ਦੱਸਿਆ ਕਿ ਵਿਭਾਗ ਨੇ ਮੈਸਰਜ਼ ਸਮਾਨਾ ਰੋਲਰ ਫਲੌਰ ਮਿੱਲ ਲਿਮਟਿਡ ਦੀ ਜਾਇਦਾਦ ਨੂੰ 1.21 ਕਰੋੜ ਰੁਪਏ ਵਿੱਚ ਸਫ਼ਲਤਾਪੂਰਵਕ ਨਿਲਾਮ ਕੀਤਾ ਹੈ, ਜੋ ਕਿ ਇਸਦੀ ਰਾਖਵੀਂ ਕੀਮਤ 74.31 ਲੱਖ ਰੁਪਏ ਤੋਂ ਲਗਭਗ 46.69 ਲੱਖ ਰੁਪਏ ਵੱਧ ਹੈ। ਉਨ੍ਹਾਂ ਅੱਗੇ ਦੱਸਿਆ, “ਨਿਲਾਮੀ ਦੀ ਨਿਰਧਾਰਿਤ ਪ੍ਰਕਿਰਿਆ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ, ਨਿਲਾਮੀ ਵਾਲੇ ਦਿਨ ਹੀ ਸਭ ਤੋਂ ਵੱਧ ਬੋਲੀਦਾਤਾ ਤੋਂ ਸਫ਼ਲ ਬੋਲੀ ਦਾ 25 ਪ੍ਰਤੀਸ਼ਤ ਯਾਨੀ 30.25 ਲੱਖ ਰੁਪਏ ਦੀ ਰਕਮ ਤੁਰੰਤ ਵਸੂਲ ਕੀਤੀ ਗਈ।”

ਕਰ ਵਿਭਾਗ ਦੇ ਅਧਿਕਾਰੀਆਂ ਦੇ ਸ਼ਲਾਘਾਯੋਗ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਦੋਵੇਂ ਵੱਖ-ਵੱਖ ਨਤੀਜੇ ਪੰਜਾਬ ਦੇ ਸਾਰੇ ਵੈਟ ਬਕਾਇਆਦਾਰਾਂ ਨੂੰ ਇੱਕ ਸਪੱਸ਼ਟ ਸੁਨੇਹਾ ਦਿੰਦੇ ਹਨ। ਉਨ੍ਹਾਂ ਕਿਹਾ, “ਜਿੱਥੇ ਓ.ਟੀ.ਐੱਸ. ਸਕੀਮ ਬਹੁਤ ਲਾਭਕਾਰੀ ਸ਼ਰਤਾਂ ‘ਤੇ ਸੁਖਾਵੇਂ ਨਿਪਟਾਰੇ ਦਾ ਇੱਕ ਵਧੀਆ ਅਤੇ ਸੁਹਿਰਦ ਮੌਕਾ ਪ੍ਰਦਾਨ ਕਰਦੀ ਹੈ, ਉੱਥੇ ਹੀ ਇਸ ਮੌਕੇ ਦਾ ਲਾਭ ਨਾ ਉਠਾਉਣ ‘ਤੇ ਲਾਜ਼ਮੀ ਤੌਰ ‘ਤੇ ਸਖ਼ਤ ਵਸੂਲੀ ਉਪਾਅ ਕੀਤੇ ਜਾਣਗੇ। ਨਿਲਾਮੀ ਪ੍ਰਕਿਰਿਆ ਦੌਰਾਨ ਮੈਸਰਜ਼ ਗੁਰੂਜੀ ਫੀਡਸ ਦੁਆਰਾ ਹਾਸਲ ਕੀਤਾ ਗਿਆ ਨਿਪਟਾਰਾ ਇਹ ਸਾਬਤ ਕਰਦਾ ਹੈ ਕਿ ਇਹ ਸਕੀਮ ਇੱਕ ਵਿਹਾਰਕ ਰਸਤਾ ਪ੍ਰਦਾਨ ਕਰਦੀ ਹੈ, ਅਤੇ ਯੋਗ ਡੀਲਰਾਂ ਨੂੰ ਸਰਕਾਰ ਵੱਲੋਂ ਸਖ਼ਤ ਕਾਰਵਾਈ ਸ਼ੁਰੂ ਕਰਨ ਦਾ ਇੰਤਜ਼ਾਰ ਕਰਨ ਦੀ ਬਜਾਏ ਖੁਦ ਅੱਗੇ ਆਉਣਾ ਚਾਹੀਦਾ ਹੈ।”

ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ 31 ਜੁਲਾਈ, 2026 ਨੂੰ ਓ.ਟੀ.ਐੱਸ. ਸਕੀਮ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਸਾਰੇ ਯੋਗ ਬਕਾਇਆ ਮਾਮਲਿਆਂ ਨੂੰ ਹੱਲ ਕਰਨ ਦੀ ਪੁਰਜ਼ੋਰ ਅਪੀਲ ਕੀਤੀ। ਚੇਤਾਵਨੀ ਦਿੰਦਿਆਂ ਮੰਤਰੀ ਚੀਮਾ ਨੇ ਸਪੱਸ਼ਟ ਕੀਤਾ ਕਿ ਮਿਆਦ ਲੰਘਣ ਤੋਂ ਬਾਅਦ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, “ਜਿਹੜੇ ਬਕਾਇਆਦਾਰ ਨਿਰਧਾਰਿਤ ਮਿਤੀ ਤੱਕ ਸਕੀਮ ਤਹਿਤ ਆਪਣੇ ਬਕਾਏ ਅਦਾ ਕਰਨ ਵਿੱਚ ਅਸਫ਼ਲ ਰਹਿਣਗੇ, ਉਹਨਾਂ ਵਿਰੁੱਧ ਬਿਨਾਂ ਕਿਸੇ ਸਮਝੌਤੇ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਵਿੱਚ ਉਹਨਾਂ ਦੀ ਚੱਲ ਅਤੇ ਅਚੱਲ ਜਾਇਦਾਦਾਂ ਦੀ ਤੁਰੰਤ ਕੁਰਕੀ ਅਤੇ ਨਿਲਾਮੀ ਸ਼ਾਮਲ ਹੈ।”

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੁਹਰਾਇਆ ਕਿ ਕਰ ਵਿਭਾਗ ਸਰਕਾਰੀ ਮਾਲੀਏ ਦੀ ਰਾਖੀ ਲਈ ਪੂਰੀ ਪਾਰਦਰਸ਼ਤਾ, ਦ੍ਰਿੜ੍ਹਤਾ ਅਤੇ ਨਿਰਪੱਖਤਾ ਨਾਲ ਆਪਣੀ ਰਾਜ ਪੱਧਰੀ ਵਸੂਲੀ ਮੁਹਿੰਮ ਜਾਰੀ ਰੱਖੇਗਾ।