ਅਮਰੀਕਾ, 25 ਸਤੰਬਰ 2025: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ‘ਚ ਤਿੰਨ ਵੱਡੀਆਂ ਘਟਨਾਵਾਂ ਵਾਪਰੀਆਂ। ਟਰੰਪ ਨੇ ਇਨ੍ਹਾਂ ਘਟਨਾਵਾਂ ਨੂੰ ਸਾਜ਼ਿਸ਼ ਕਿਹਾ ਹੈ।
ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਲਿਖਿਆ ਕਿ ਕੱਲ੍ਹ ਸੰਯੁਕਤ ਰਾਸ਼ਟਰ ‘ਚ ਸਿਰਫ਼ ਇੱਕ ਨਹੀਂ, ਦੋ ਨਹੀਂ, ਸਗੋਂ ਤਿੰਨ ਬਹੁਤ ਹੀ ਸ਼ੱਕੀ ਘਟਨਾਵਾਂ ਵਾਪਰੀਆਂ।
ਟਰੰਪ ਨੇ ਤਿੰਨ ਘਟਨਾਵਾਂ ਦਾ ਜ਼ਿਕਰ ਕੀਤਾ ਹੈ, ਜਿਸ ‘ਚ ਇੱਕ ਐਸਕੇਲੇਟਰ ਦਾ ਰੁਕਣਾ, ਇੱਕ ਖਰਾਬ ਟੈਲੀਪ੍ਰੋਂਪਟਰ, ਅਤੇ ਅਸੈਂਬਲੀ ਹਾਲ ਦੇ ਸਾਊਂਡ ਸਿਸਟਮ ‘ਚ ਖ਼ਰਾਬੀ ਸ਼ਾਮਲ ਹੈ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਨੂੰ ਪੱਤਰ ਲਿਖਿਆ ਹੈ, ਜਿਸ ‘ਚ ਤੁਰੰਤ ਜਾਂਚ ਦੀ ਮੰਗ ਕੀਤੀ ਹੈ ਅਤੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਸਾਰੇ ਐਸਕੇਲੇਟਰ ਸੁਰੱਖਿਆ ਕੈਮਰਿਆਂ ਅਤੇ ਐਮਰਜੈਂਸੀ ਸਟਾਪ ਬਟਨ ਤੋਂ ਰਿਕਾਰਡਿੰਗਾਂ ਨੂੰ ਸੁਰੱਖਿਅਤ ਰੱਖਿਆ ਜਾਵੇ, ਕਿਉਂਕਿ ਸੀਕ੍ਰੇਟ ਸਰਵਿਸ ਜਾਂਚ ‘ਚ ਸ਼ਾਮਲ ਹੋਵੇਗੀ।
ਸੰਯੁਕਤ ਰਾਸ਼ਟਰ ‘ਚ ਟਰੰਪ ਨਾਲ 3 ਦੁਰਘਟਨਾਵਾਂ
ਪਹਿਲੀ ਘਟਨਾ ‘ਚ ਮੁੱਖ ਮੰਜ਼ਿਲ ਵੱਲ ਜਾਣ ਵਾਲਾ ਐਸਕੇਲੇਟਰ ਅਚਾਨਕ ਬੰਦ ਹੋ ਗਿਆ। ਟਰੰਪ ਨੇ ਕਿਹਾ ਕਿ ਜੇਕਰ ਉਹ ਅਤੇ ਮੇਲਾਨੀਆ ਹੈਂਡਲਾਂ ਨੂੰ ਨਾ ਫੜਦੇ, ਤਾਂ ਇੱਕ ਹਾਦਸਾ ਹੋ ਸਕਦਾ ਸੀ। ਟਰੰਪ ਨੇ ਇਸਨੂੰ ਇੱਕ ਸਾਜ਼ਿਸ਼ ਕਿਹਾ ਅਤੇ ਜ਼ਿੰਮੇਵਾਰ ਲੋਕਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ।
ਇਸਦੇ ਨਾਲ ਹੀ ਦੂਜੀ ਘਟਨਾ ‘ਚ ਜਦੋਂ ਉਨ੍ਹਾਂ ਨੇ 80ਵੇਂ ਯੂਐਨਜੀਏ ਸੈਸ਼ਨ ‘ਚ ਆਪਣਾ ਭਾਸ਼ਣ ਸ਼ੁਰੂ ਕੀਤਾ ਤਾਂ ਟੈਲੀਪ੍ਰੋਂਪਟਰ ਕੰਮ ਨਹੀਂ ਕਰ ਰਿਹਾ ਸੀ। ਟਰੰਪ ਨੇ ਕਿਹਾ ਕਿ “ਐਸਕੇਲੇਟਰ ਤੋਂ ਬਾਅਦ, ਹੁਣ ਟੈਲੀਪ੍ਰੋਂਪਟਰ ਖ਼ਰਾਬ ਹੈ। ਇਹ ਕਿਹੋ ਜਿਹੀ ਜਗ੍ਹਾ ਹੈ?” ਇਸ ਦੇ ਬਾਵਜੂਦ, ਉਸਨੇ ਟੈਲੀਪ੍ਰੋਂਪਟਰ ਤੋਂ ਬਿਨਾਂ 57 ਮਿੰਟ ਦਾ ਭਾਸ਼ਣ ਦਿੱਤਾ।
ਤੀਜੀ ਘਟਨਾ ‘ਚ ਭਾਸ਼ਣ ਤੋਂ ਬਾਅਦ, ਅਸੈਂਬਲੀ ਹਾਲ ‘ਚ ਸਾਊਂਡ ਸਿਸਟਮ ਬੰਦ ਸੀ, ਜਿਸ ਕਾਰਨ ਦੂਜੇ ਵਿਸ਼ਵ ਆਗੂਆਂ ਨੂੰ ਟਰੰਪ ਨੂੰ ਸੁਣਨ ਲਈ ਅਨੁਵਾਦਕ ਦੇ ਈਅਰਪੀਸ ਦੀ ਵਰਤੋਂ ਕਰਨੀ ਪਈ। ਟਰੰਪ ਨੇ ਦੱਸਿਆ ਕਿ ਭਾਸ਼ਣ ਤੋਂ ਬਾਅਦ, ਮੇਲਾਨੀਆ ਨੇ ਕਿਹਾ, “ਮੈਂ ਇੱਕ ਸ਼ਬਦ ਵੀ ਨਹੀਂ ਸੁਣਿਆ।”