5 ਲੱਖ ਰੁਪਏ ਰਿਸ਼ਵਤ ਲੈਣ ਵਾਲਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਗ੍ਰਿਫਤਾਰ

Vigilance Bureau Punjab

Vigilance Bureau Punjab

ਪੰਜਾਬ ਵਿਜੀਲੈਂਸ ਬਿਊਰੋ ਨੇ ਪਿੰਡ ਕਰੂਰਾਂ, ਤਹਿਸੀਲ ਨੂਰਪੁਰਬੇਦੀ, ਵਿਖੇ ਜੰਗਲਾਤ ਵਿਭਾਗ, ਪੰਜਾਬ ਦੀ ਜ਼ਮੀਨ ਦਾ ਗੈਰ-ਕਾਨੂੰਨੀ ਤਬਾਦਲਾ/ਇੰਤਕਾਲ ਕਰਨ ਦੇ ਦੋਸ਼ ਹੇਠ ਰੂਪਨਗਰ ਜ਼ਿਲ੍ਹੇ ਦੇ ਮਾਲ ਸਰਕਲ ਡੂਮੇਵਾਲ, ਤਹਿਸੀਲ ਨੰਗਲ ਵਿਖੇ ਤਾਇਨਾਤ ਪਟਵਾਰੀ (ਹੁਣ ਕਾਨੂੰਗੋ) ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਨੂਰਪੁਰਬੇਦੀ, ਰੂਪਨਗਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ, 8, 13 ਅਤੇ ਆਈਪੀਸੀ ਦੀ ਧਾਰਾ 420, 465, 467, 468, 471, 120-ਬੀ ਤਹਿਤ ਪਹਿਲਾਂ ਹੀ ਮੁਕੱਦਮਾ ਨੰਬਰ 69, ਮਿਤੀ 28.06.2022 ਤਹਿਤ ਕੇਸ ਦਰਜ ਹੈ।ਉਨ੍ਹਾਂ ਅੱਗੇ ਦੱਸਿਆ ਕਿ ਸਾਲ 2020 ਵਿੱਚ ਰਾਜ ਦੇ ਮਾਲ ਵਿਭਾਗ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਹੋਰ ਵਿਅਕਤੀਆਂ ਨਾਲ ਮਿਲੀਭੁਗਤ ਕਰਕੇ ਤਹਿਸੀਲ ਨੂਰਪੁਰਬੇਦੀ ਦੇ ਪਿੰਡ ਕਰੂਰਾਂ ਦੀ 54 ਏਕੜ ਦੀ ਜ਼ਮੀਨ ਮਹਿੰਗੇ ਭਾਅ ‘ਤੇ ਜੰਗਲਾਤ ਵਿਭਾਗ ਦੇ ਨਾਂ ‘ਤੇ ਰਜਿਸਟਰੀ ਕਰਵਾਈ ਸੀ, ਜਿਸ ਕਰਕੇ ਰਾਜ ਸਰਕਾਰ ਨੂੰ 5.35 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਪਟਵਾਰੀ ਕੁਲਦੀਪ ਸਿੰਘ ਨੇ ਹੋਰ ਵਿਅਕਤੀਆਂ ਨਾਲ ਮਿਲੀਭੁਗਤ ਕਰਕੇ ਜ਼ਮੀਨ ਦਾ ਇਹ ਗੈਰ-ਕਾਨੂੰਨੀ/ਫ਼ਰਜੀ ਤਬਾਦਲਾ ਦਰਜ ਕਰਵਾਇਆ ਅਤੇ ਉਸ ਸਮੇਂ ਦੇ ਨਾਇਬ-ਤਹਿਸੀਲਦਾਰ ਰਘਵੀਰ ਸਿੰਘ ਦੀ ਮਿਲੀਭੁਗਤ ਨਾਲ 73 ਫਰਜ਼ੀ ਇੰਤਕਾਲ ਅਤੇ ਤਬਾਦਲੇ ਮਨਜ਼ੂਰ ਕਰਵਾਏ। ਉਨ੍ਹਾਂ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਪਾਇਆ ਗਿਆ ਕਿ ਉਕਤ ਮੁਲਜ਼ਮ ਨੇ ਇਸ ਕੰਮ ਬਦਲੇ 15.09.2020 ਨੂੰ ਰਿਸ਼ਵਤ ਵਜੋਂ 5 ਲੱਖ ਰੁਪਏ ਲਏ ਸਨ ਅਤੇ ਆਪਣੀ ਪਤਨੀ ਸਨਪ੍ਰੀਤ ਸੇਖੋਂ ਦੇ ਅੰਮ੍ਰਿਤਸਰ ਸਥਿਤ ਇੱਕ ਪੁਰਾਣੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੇ ਸਨ।ਉਨ੍ਹਾਂ ਅੱਗੇ ਦੱਸਿਆ ਕਿ ਉਕਤ ਮੁਲਜ਼ਮ ਪਟਵਾਰੀ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਤਫਤੀਸ਼ ਜਾਰੀ ਹੈ।

Leave a Reply

Your email address will not be published. Required fields are marked *