Latest NewsNational

ਪਾਕਿਸਤਾਨੀ ਅੱਤਵਾਦੀ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਸ਼ਹਿਜ਼ਾਦ ਭੱਟੀ ਖ਼ਿਲਾਫ਼ ਰਾਸ਼ਟਰੀ ਜਾਂਚ ਏਜੰਸੀ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ

  ਪਾਕਿਸਤਾਨੀ ਅੱਤਵਾਦੀ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਸ਼ਹਿਜ਼ਾਦ ਭੱਟੀ ਖ਼ਿਲਾਫ਼ ਰਾਸ਼ਟਰੀ ਜਾਂਚ ਏਜੰਸੀ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ,ਰਾਸ਼ਟਰੀ…

Latest NewsPunjab

ਚੇਅਰਪਰਸਨ, ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ 28 ਜੁਲਾਈ ਤੋਂ 30 ਜੁਲਾਈ ਤੱਕ ਮਲੋਟ ਵਿੱਚ ਸਮਾਗਮਾਂ ਦਾ ਆਯੋਜਨ

ਸ੍ਰੀ ਮੁਕਤਸਰ ਸਾਹਿਬ, 27 ਜੁਲਾਈਸ੍ਰੀ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀਮਤੀ ਰਾਜ…

EducationLatest NewsPunjab

ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਵਲੋਂ ਸੀ.ਬੀ.ਐੱਸ.ਈ ਬਾਹਰਵੀਂ ਜਮਾਤ ਦੀ ਪ੍ਰੀਖਿਆ ਨੂੰ ਮੁੱਖ ਰੱਖਦਿਆਂ

ਗੁਰਦਾਸਪੁਰ, 27 ਜੁਲਾਈ () ਸ੍ਰੀ ਗੁਰਸਿਮਰਨ ਸਿੰਘ ਢਿੱਲੋਂ, ਵਧੀਕ, ਜਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163…

ਪਾਕਿਸਤਾਨੀ ਅੱਤਵਾਦੀ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਸ਼ਹਿਜ਼ਾਦ ਭੱਟੀ ਖ਼ਿਲਾਫ਼ ਰਾਸ਼ਟਰੀ ਜਾਂਚ ਏਜੰਸੀ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ

  ਪਾਕਿਸਤਾਨੀ ਅੱਤਵਾਦੀ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਸ਼ਹਿਜ਼ਾਦ ਭੱਟੀ ਖ਼ਿਲਾਫ਼ ਰਾਸ਼ਟਰੀ ਜਾਂਚ ਏਜੰਸੀ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ,ਰਾਸ਼ਟਰੀ ਜਾਂਚ ਏਜੰਸੀ (NIA) ਨੇ ਪਾਕਿਸਤਾਨ ‘ਚ ਬੈਠੇ ਗੈਂਗਸਟਰ ਤੋਂ ਅੱਤਵਾਦੀ ਬਣੇ ਸ਼ਹਿਜ਼ਾਦ ਭੱਟੀ ਅਤੇ ਉਸ ਦੇ ਨੈੱਟਵਰਕ ਖ਼ਿਲਾਫ਼ ਕਾਰਵਾਈ ਕਾਫ਼ੀ ਤੇਜ਼ ਕਰ ਦਿੱਤੀ ਹੈ। ਸੋਸ਼ਲ ਮੀਡੀਆ ਰਾਹੀਂ ਭਾਰਤੀ ਨੌਜਵਾਨਾਂ ਨੂੰ ਭੜਕਾਉਣ ਅਤੇ ਉਨ੍ਹਾਂ ਦੀ ਵਰਤੋਂ ਕਰਕੇ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਕਰਵਾਉਣ ਦੇ ਆਰੋਪ ਹੇਠ NIA ਉਸ ਦੇ ਕਈ ਨੈੱਟਵਰਕਾਂ ਦਾ ਪਰਦਾਫਾਸ਼ ਕਰ ਚੁੱਕੀ ਹੈ। 

 NIA ਦੀ ਕਾਰਵਾਈ ਨਾਲ ਜੁੜੀਆਂ ਮੁੱਖ ਗੱਲਾਂ:  

ਚਾਰਜਸ਼ੀਟ ਦਰਜ (Chargesheet Filed): NIA ਨੇ ਹਾਲ ਹੀ ਵਿੱਚ ਅੰਬਾਲਾ ਦੇ ਬਲਦੇਵ ਨਗਰ ਪੁਲਿਸ ਸਟੇਸ਼ਨ ਵਿਖੇ ਹੋਏ ਧਮਾਕੇ ਅਤੇ ਜਲੰਧਰ ‘ਚ ਯੂ-ਟਿਊਬਰ ਰੋਜਰ ਸੰਧੂ ਦੇ ਘਰ ‘ਤੇ ਹੋਏ ਹੈਂਡ ਗ੍ਰਨੇਡ ਹਮਲੇ ਵਰਗੇ ਮਾਮਲਿਆਂ ਵਿੱਚ ਸ਼ਹਿਜ਼ਾਦ ਭੱਟੀ ਖ਼ਿਲਾਫ਼ ਚਾਰਜਸ਼ੀਟ ਅਤੇ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਹੈ।  

ਸੋਸ਼ਲ ਮੀਡੀਆ ਰਾਹੀਂ ਰਿਕਰੂਟਮੈਂਟ (Social Media Target): ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਭੱਟੀ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਰੂਪ ਵਿੱਚ ਆਪਣੀ ਪਛਾਣ ਵਰਤ ਕੇ ਅਤੇ ਐਨਕ੍ਰਿਪਟਡ ਐਪਸ (Encrypted Apps) ਰਾਹੀਂ ਨੌਜਵਾਨਾਂ ਨੂੰ ਲਾਲਚ ਦੇ ਕੇ ਆਪਣੇ ਅੱਤਵਾਦੀ ਮੋਡਿਊਲ ਵਿੱਚ ਸ਼ਾਮਲ ਕਰਦਾ ਸੀ।  

ਪੰਜਾਬ ਅਤੇ ਹਰਿਆਣਾ ‘ਚ ਛਾਪੇਮਾਰੀ: NIA ਨੇ ਭੱਟੀ ਦੇ ਸਥਾਨਕ ਨੈੱਟਵਰਕ, ਹਥਿਆਰਾਂ ਦੀ ਸਮਗਲਿੰਗ ਅਤੇ ਫੰਡਿੰਗ ਦੇ ਲਿੰਕਾਂ ਨੂੰ ਤੋੜਨ ਲਈ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ ਹੈ।  

ਭਗੌੜਾ ਕਰਾਰ (Declared Absconder): ਭਾਰਤ ਵਿੱਚ ਅੱਤਵਾਦੀ ਸਾਜ਼ਿਸ਼ਾਂ ਘੜਨ ਅਤੇ ਗੈਂਗਸਟਰ ਮੋਡਿਊਲਾਂ ਨੂੰ ਆਪ੍ਰੇਟ ਕਰਨ ਦੇ ਦੋਸ਼ ਹੇਠ NIA ਅਦਾਲਤ ਵਿੱਚ ਉਸ ਨੂੰ ਭਗੌੜਾ ਘੋਸ਼ਿਤ ਕੀਤਾ ਜਾ ਚੁੱਕਾ ਹੈ।  

 

ਪੰਜਾਬੀ ਅਤੇ ਸੂਫ਼ੀ ਗਾਇਕੀ ਦੇ ਮਸ਼ਹੂਰ ਸਿਤਾਰੇ ਪਦਮ ਸ਼੍ਰੀ ਹੰਸ ਰਾਜ ਹੰਸ ਆਪਣੇ ਨਵੇਂ ਪੰਜਾਬੀ ਗੀਤ ‘ਆਜਾ ਦੋਵੇਂ ਨੱਚੀਏ’ ਨਾਲ ਇੱਕ ਵਾਰ ਫਿਰ ਸਰੋਤਿਆਂ ਦਾ ਦਿਲ ਜਿੱਤਣ ਲਈ ਤਿਆਰ ਹਨ

  ਰਾਜ ਹੰਸ ਜੀ ਦੀ ਆਵਾਜ਼ ਅਤੇ ਗਾਇਕੀ ਦਾ ਆਪਣਾ ਹੀ ਇੱਕ ਵੱਖਰਾ ਅੰਦਾਜ਼ ਤੇ ਰੰਗ ਹੈ। ਪੰਜਾਬੀ ਸੰਗੀਤ ਅਤੇ ਸੂਫ਼ੀ ਗਾਇਕੀ ਵਿੱਚ ਉਨ੍ਹਾਂ ਦਾ ਯੋਗਦਾਨ ਬਹੁਤ ਵੱਡਾ ਹੈ। ਉਨ੍ਹਾਂ ਦਾ ਨਵਾਂ ਗੀਤ ‘ਆਜਾ ਦੋਵੇਂ ਨੱਚੀਏ’ ਯਕੀਨਨ ਹੀ ਸੰਗੀਤ ਪ੍ਰੇਮੀਆਂ ਅਤੇ ਸਰੋਤਿਆਂ ਲਈ ਇੱਕ ਬਹੁਤ ਹੀ ਖ਼ਾਸ ਤੋਹਫ਼ਾ ਸਾਬਤ ਹੋਵੇਗਾ।

ਹੰਸ ਰਾਜ ਹੰਸ ਜੀ ਵੱਲੋਂ ਲਿਆਂਦੇ ਜਾਂਦੇ ਗੀਤਾਂ ਵਿੱਚ ਹਮੇਸ਼ਾ ਹੀ ਪੰਜਾਬੀ ਸੱਭਿਆਚਾਰ ਦੀ ਮਿਠਾਸ ਅਤੇ ਸੁਰੀਲਾਪਣ ਦੇਖਣ ਨੂੰ ਮਿਲਦਾ ਹੈ।

ਗੀਤ ਦਾ ਫਰਸਟ ਲੁੱਕ ਪੋਸਟਰ ਅਤੇ ਟੀਜ਼ਰ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨੇ ਰਿਲੀਜ਼ ਤੋਂ ਪਹਿਲਾਂ ਹੀ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਪੈਦਾ ਕਰ ਦਿੱਤਾ ਹੈ।ਵੇਵਕਾਨੋ ਮਿਊਜ਼ਿਕ ਅਤੇ ਹਰਪ੍ਰੀਤ ਸੇਖੋਂ ਵੱਲੋਂ ਪੇਸ਼ ਕੀਤਾ ਜਾ ਰਿਹਾ ਇਹ ਗੀਤ ਪਿਆਰ, ਆਪਣਾਪਣ ਅਤੇ ਪੰਜਾਬੀ ਸੰਗੀਤ ਦੇ ਜਸ਼ਨ ਨੂੰ ਸਮਰਪਿਤ ਹੈ।

ਇਸ ਪ੍ਰੋਜੈਕਟ ਦੀ ਖ਼ਾਸ ਗੱਲ ਇਹ ਹੈ ਕਿ ਯੁਵਰਾਜ ਹੰਸ ਪਹਿਲੀ ਵਾਰ ਆਪਣੇ ਪਿਤਾ ਹੰਸ ਰਾਜ ਹੰਸ ਦੇ ਕਿਸੇ ਮਿਊਜ਼ਿਕ ਪ੍ਰੋਜੈਕਟ ਵਿੱਚ ਨਜ਼ਰ ਆਉਣਗੇ। ਗੀਤ ਵਿੱਚ ਸਾਕਸ਼ੀ ਸ਼ਰਮਾ, ਹਰਪ੍ਰੀਤ ਸੇਖੋਂ, ਰਾਜ ਢਾਲੀਵਾਲ, ਅਰਸ਼ ਨਾਗਰਾ, ਸਰਤਾਜ ਸਿੱਧੂ, ਭੂਪਿੰਦਰ ਸਿੰਘ, ਸਿਮਰਨ ਵੜਾਇਚ, ਦਮਨ ਮਜੀਠੀਆ, ਸ਼ੀਤਲ ਬਹਿਲ, ਰੋਬਿਨ ਸਿੱਧੂ, ਮਨਦੀਪ ਸਿੱਧੂ ਅਤੇ ਜਸਲੀਨ ਸੰਧੂ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 28-07-2026 ਅੰਗ 845

ਬਿਲਾਵਲੁ ਮਹਲਾ ੫ ਛੰਤ

ੴ ਸਤਿਗੁਰ ਪ੍ਰਸਾਦਿ

॥ ਮੰਗਲ ਸਾਜੁ ਭਇਆ ਪ੍ਰਭੁ ਅਪਨਾ ਗਾਇਆ ਰਾਮ ॥ ਅਬਿਨਾਸੀ ਵਰੁ ਸੁਣਿਆ ਮਨਿ ਉਪਜਿਆ ਚਾਇਆ ਰਾਮ ॥ ਮਨਿ ਪ੍ਰੀਤਿ ਲਾਗੈ ਵਡੈ ਭਾਗੈ ਕਬ ਮਿਲੀਐ ਪੂਰਨ ਪਤੇ ॥ ਸਹਜੇ ਸਮਾਈਐ ਗੋਵਿੰਦੁ ਪਾਈਐ ਦੇਹੁ ਸਖੀਏ ਮੋਹਿ ਮਤੇ ॥ ਦਿਨੁ ਰੈਣਿ ਠਾਢੀ ਕਰਉ ਸੇਵਾ ਪ੍ਰਭੁ ਕਵਨ ਜੁਗਤੀ ਪਾਇਆ ॥ ਬਿਨਵੰਤਿ ਨਾਨਕ ਕਰਹੁ ਕਿਰਪਾ ਲੈਹੁ ਮੋਹਿ ਲੜਿ ਲਾਇਆ ॥੧॥ ਭਇਆ ਸਮਾਹੜਾ ਹਰਿ ਰਤਨੁ ਵਿਸਾਹਾ ਰਾਮ ॥ ਖੋਜੀ ਖੋਜਿ ਲਧਾ ਹਰਿ ਸੰਤਨ ਪਾਹਾ ਰਾਮ ॥ ਮਿਲੇ ਸੰਤ ਪਿਆਰੇ ਦਇਆ ਧਾਰੇ ਕਥਹਿ ਅਕਥ ਬੀਚਾਰੋ ॥ ਇਕ ਚਿਤਿ ਇਕ ਮਨਿ ਧਿਆਇ ਸੁਆਮੀ ਲਾਇ ਪ੍ਰੀਤਿ ਪਿਆਰੋ ॥ ਕਰ ਜੋੜਿ ਪ੍ਰਭ ਪਹਿ ਕਰਿ ਬਿਨੰਤੀ ਮਿਲੈ ਹਰਿ ਜਸੁ ਲਾਹਾ ॥ ਬਿਨਵੰਤਿ ਨਾਨਕ ਦਾਸੁ ਤੇਰਾ ਮੇਰਾ ਪ੍ਰਭੁ ਅਗਮ ਅਥਾਹਾ ॥੨॥ ਸਾਹਾ ਅਟਲੁ ਗਣਿਆ ਪੂਰਨ ਸੰਜੋਗੋ ਰਾਮ ॥ ਸੁਖਹ ਸਮੂਹ ਭਇਆ ਗਇਆ ਵਿਜੋਗੋ ਰਾਮ ॥ ਮਿਲਿ ਸੰਤ ਆਏ ਪ੍ਰਭ ਧਿਆਏ ਬਣੇ ਅਚਰਜ ਜਾਞੀਆਂ ॥ ਮਿਲਿ ਇਕਤ੍ਰ ਹੋਏ ਸਹਜਿ ਢੋਏ ਮਨਿ ਪ੍ਰੀਤਿ ਉਪਜੀ ਮਾਞੀਆ ॥ ਮਿਲਿ ਜੋਤਿ ਜੋਤੀ ਓਤਿ ਪੋਤੀ ਹਰਿ ਨਾਮੁ ਸਭਿ ਰਸ ਭੋਗੋ ॥ ਬਿਨਵੰਤਿ ਨਾਨਕ ਸਭ ਸੰਤਿ ਮੇਲੀ ਪ੍ਰਭੁ ਕਰਣ ਕਾਰਣ ਜੋਗੋ ॥੩॥ ਭਵਨੁ ਸੁਹਾਵੜਾ ਧਰਤਿ ਸਭਾਗੀ ਰਾਮ ॥ ਪ੍ਰਭੁ ਘਰਿ ਆਇਅੜਾ ਗੁਰ ਚਰਣੀ ਲਾਗੀ ਰਾਮ ॥ ਗੁਰ ਚਰਣ ਲਾਗੀ ਸਹਜਿ ਜਾਗੀ ਸਗਲ ਇਛਾ ਪੁੰਨੀਆ ॥ ਮੇਰੀ ਆਸ ਪੂਰੀ ਸੰਤ ਧੂਰੀ ਹਰਿ ਮਿਲੇ ਕੰਤ ਵਿਛੁੰਨਿਆ ॥ ਆਨੰਦ ਅਨਦਿਨੁ ਵਜਹਿ ਵਾਜੇ ਅਹੰ ਮਤਿ ਮਨ ਕੀ ਤਿਆਗੀ ॥ ਬਿਨਵੰਤਿ ਨਾਨਕ ਸਰਣਿ ਸੁਆਮੀ ਸੰਤਸੰਗਿ ਲਿਵ ਲਾਗੀ ॥੪॥੧॥

 

ਅਰਥ:-  ਹੇ ਸਹੇਲੀਏ! ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵਿਆਂ (ਮਨ ਵਿਚ) ਖ਼ੁਸ਼ੀ ਦਾ ਰੰਗ-ਢੰਗ ਬਣ ਜਾਂਦਾ ਹੈ। ਉਸ ਕਦੇ ਨਾਹ ਮਰਨ ਵਾਲੇ ਖਸਮ-ਪ੍ਰਭੂ (ਦਾ ਨਾਮ) ਸੁਣਿਆਂ ਮਨ ਵਿਚ ਚਾਉ ਪੈਦਾ ਹੋ ਜਾਂਦਾ ਹੈ। (ਜਦੋਂ) ਵੱਡੀ ਕਿਸਮਤ ਨਾਲ (ਕਿਸੇ ਜੀਵ-ਇਸਤ੍ਰੀ ਦੇ) ਮਨ ਵਿਚ ਪਰਮਾਤਮਾ-ਪਤੀ ਦਾ ਪਿਆਰ ਪੈਦਾ ਹੁੰਦਾ ਹੈ, (ਤਦੋਂ ਉਹ ਉਤਾਵਲੀ ਹੋ ਹੋ ਪੈਂਦੀ ਹੈ ਕਿ ਉਸ) ਸਾਰੇ ਗੁਣਾਂ ਦੇ ਮਾਲਕ ਪ੍ਰਭੂ-ਪਤੀ ਨੂੰ ਕਦੋਂ ਮਿਲਿਆ ਜਾ ਸਕੇਗਾ। (ਉਸ ਨੂੰ ਅੱਗੋਂ ਇਹ ਉੱਤਰ ਮਿਲਦਾ ਹੈ-ਜੇ) ਆਤਮਕ ਅਡੋਲਤਾ ਵਿਚ ਲੀਨ ਰਹੀਏ ਤਾਂ ਪਰਮਾਤਮਾ-ਪਤੀ ਮਿਲ ਪੈਂਦਾ ਹੈ। (ਉਹ ਭਾਗਾਂ ਵਾਲੀ ਜੀਵ-ਇਸਤ੍ਰੀ ਮੁੜ ਮੁੜ ਪੁੱਛਦੀ ਹੈ-) ਹੇ ਸਹੇਲੀਏ! ਮੈਨੂੰ ਮਤਿ ਦੇਹਿ, ਕਿ ਕਿਸ ਤਰੀਕੇ ਨਾਲ ਪ੍ਰਭੂ-ਪਤੀ ਮਿਲ ਸਕਦਾ ਹੈ (ਹੇ ਸਹੇਲੀਏ! ਦੱਸ) ਮੈਂ ਦਿਨ ਰਾਤ ਖਲੋਤੀ ਤੇਰੀ ਸੇਵਾ ਕਰਾਂਗੀ। ਨਾਨਕ (ਭੀ) ਬੇਨਤੀ ਕਰਦਾ ਹੈ-(ਹੇ ਪ੍ਰਭੂ! ਮੇਰੇ ਉੱਤੇ) ਮਿਹਰ ਕਰ, (ਮੈਨੂੰ ਆਪਣੇ) ਲੜ ਨਾਲ ਲਾਈ ਰੱਖ।੧। ਹੇ ਭਾਈ! ਪਰਮਾਤਮਾ ਦਾ ਨਾਮ ਕੀਮਤੀ ਰਤਨ ਹੈ, ਜਿਹੜਾ ਮਨੁੱਖ ਇਹ) ਹਰਿ-ਨਾਮ ਵਿਹਾਝਦਾ ਹੈ, (ਉਸ ਦੇ ਅੰਦਰ) ਧੀਰਜ ਪੈਦਾ ਹੋ ਜਾਂਦੀ ਹੈ। ਪਰ ਇਹ ਨਾਮ-ਰਤਨ (ਕੋਈ ਵਿਰਲਾ) ਖੋਜ ਕਰਨ ਵਾਲਾ ਮਨੁੱਖ ਭਾਲ ਕਰ ਕੇ ਸੰਤ ਜਨਾਂ ਪਾਸੋਂ ਹੀ ਹਾਸਲ ਕਰਦਾ ਹੈ। ਜਿਸ ਵਡ-ਭਾਗੀ ਮਨੁੱਖ ਨੂੰ ਪਿਆਰੇ ਸੰਤ ਜਨ ਮਿਲ ਪੈਂਦੇ ਹਨ, (ਉਹੀ) ਮਿਹਰ ਕਰ ਕੇ (ਉਸ ਨੂੰ) ਅਕੱਥ ਪ੍ਰਭੂ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਂਦੇ ਹਨ। ਹੇ ਭਾਈ! ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ) ਸੁਰਤਿ ਜੋੜ ਕੇ, ਮਨ ਲਾ ਕੇ ਪ੍ਰਭੂ-ਚਰਨਾਂ ਨਾਲ ਪਿਆਰ ਪਾ ਕੇ (ਪਰਮਾਤਮਾ ਦਾ) ਨਾਮ ਸਿਮਰਿਆ ਕਰ। ਪ੍ਰਭੂ ਦੇ ਦਰ ਤੇ (ਦੋਵੇਂ) ਹੱਥ ਜੋੜ ਕੇ ਅਰਦਾਸ ਕਰਿਆ ਕਰ। (ਜਿਹੜਾ ਮਨੁੱਖ ਨਿੱਤ ਅਰਦਾਸ ਕਰਦਾ ਰਹਿੰਦਾ ਹੈ, ਉਸ ਨੂੰ ਮਨੁੱਖਾ ਜੀਵਨ ਦੀ) ਖੱਟੀ (ਵਜੋਂ) ਪਰਮਾਤਮਾ ਦੀ ਸਿਫ਼ਤਿ-ਸਾਲਾਹ (ਦੀ ਦਾਤਿ) ਮਿਲਦੀ ਹੈ। ਹੇ ਅਪਹੁੰਚ ਤੇ ਆਥਾਹ ਪ੍ਰਭੂ! ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ-ਮੈਂ ਤੇਰਾ ਦਾਸ ਹਾਂ, ਤੂੰ ਮੇਰਾ ਮਾਲਕ ਹੈਂ (ਮੈਨੂੰ ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਬਖ਼ਸ਼) ।੨। (ਕੁੜੀ ਮੁੰਡੇ ਦੇ ਵਿਆਹ ਦਾ ਮੁਹੂਰਤ ਮਿਥਿਆ ਜਾਂਦਾ ਹੈ। ਲਾੜੇ ਦੇ ਨਾਲ ਜਾਂਞੀ ਆਉਂਦੇ ਹਨ, ਲੜਕੀ ਵਾਲਿਆਂ ਦੇ ਘਰ ਢੁਕਦੇ ਹਨ, ਲੜਕੀ ਦੇ ਸਨ-ਬੰਧੀਆਂ ਦੇ ਮਨ ਵਿਚ ਉਸ ਵੇਲੇ ਖ਼ੁਸ਼ੀ ਹੁੰਦੀ ਹੈ। ਜਾਂਞੀਆਂ ਨੂੰ ਉਹ ਕਈ ਸੁਆਦਲੇ ਭੋਜਨ ਖੁਆਂਦੇ ਹਨ। ਪਾਂਧਾ ਲਾਵਾਂ ਪੜ੍ਹ ਕੇ ਲੜਕੇ ਲੜਕੀ ਦਾ ਮੇਲ ਕਰ ਦੇਂਦਾ ਹੈ) । (ਇਸੇ ਤਰ੍ਹਾਂ ਸਾਧ ਸੰਗਤਿ ਦੀ ਬਰਕਤ ਨਾਲ ਜੀਵ-ਇਸਤ੍ਰੀ ਅਤੇ ਪ੍ਰਭੂ-ਪਤੀ ਦੇ ਮਿਲਾਪ ਦਾ) ਕਦੇ ਨਾਹ ਖੁੰਝਣ ਵਾਲਾ ਮੁਹੂਰਤ ਸੋਧਿਆ ਜਾਂਦਾ ਹੈ। (ਸਾਧ ਸੰਗਤਿ ਦੀ ਕਿਰਪਾ ਨਾਲ ਜੀਵ-ਇਸਤ੍ਰੀ ਦਾ) ਪੂਰਨ ਪਰਮਾਤਮਾ ਨਾਲ ਮਿਲਾਪ (ਵਿਆਹ) ਹੋ ਜਾਂਦਾ ਹੈ, (ਜੀਵ-ਇਸਤ੍ਰੀ ਦੇ ਹਿਰਦੇ ਵਿਚ) ਸਾਰੇ ਸੁਖ ਆ ਵੱਸਦੇ ਹਨ (ਪ੍ਰਭੂ-ਪਤੀ ਨਾਲੋਂ ਉਸਦਾ) ਵਿਛੋੜਾ ਮੁੱਕ ਜਾਂਦਾ ਹੈ। ਸੰਤ ਜਨ ਮਿਲ ਕੇ (ਸਾਧ ਸੰਗਤਿ ਵਿਚ) ਆਉਂਦੇ ਹਨ, ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ (ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨਾਲ ਮਿਲਾਣ ਵਾਸਤੇ ਇਹ ਸਤਸੰਗੀ) ਅਸਚਰਜ ਜਾਂਞੀ ਬਣ ਜਾਂਦੇ ਹਨ। (ਸੰਤ ਜਨ) ਮਿਲ ਕੇ (ਸਾਧ ਸੰਗਤਿ ਵਿਚ) ਇਕੱਠੇ ਹੁੰਦੇ ਹਨ, ਆਤਮਕ ਅਡੋਲਤਾ ਵਿਚ (ਟਿਕਦੇ ਹਨ, ਮਾਨੋ, ਲੜਕੀ ਵਾਲਿਆਂ ਦੇ ਘਰ) ਢੁਕਾਉ ਹੋ ਰਿਹਾ ਹੈ, (ਜਿਵੇਂ,) ਲੜਕੀ ਦੇ ਸਨਬੰਧੀਆਂ ਦੇ ਮਨ ਵਿਚ ਚਾਉ ਪੈਦਾ ਹੁੰਦਾ ਹੈ (ਤਿਵੇਂ, ਜਿੰਦ ਦੇ ਸਾਥੀਆਂ ਦੇ ਮਨ ਵਿਚ, ਸਾਰੇ ਗਿਆਨ-ਇੰਦ੍ਰਿਆਂ ਦੇ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ) । (ਸਾਧ ਸੰਗਤਿ ਦੇ ਪਰਤਾਪ ਨਾਲ ਜੀਵ-ਇਸਤ੍ਰੀ ਦੀ) ਜਿੰਦ ਪ੍ਰਭੂ ਦੀ ਜੋਤਿ ਵਿਚ ਮਿਲ ਕੇ ਤਾਣੇ-ਪੇਟੇ ਵਾਂਗ ਇਕ-ਮਿਕ ਹੋ ਜਾਂਦੀ ਹੈ (ਜਿਵੇਂ ਜਾਂਞੀਆਂ ਮਾਂਞੀਆਂ ਨੂੰ) ਸਾਰੇ ਸੁਆਦਲੇ ਭੋਜਨ ਛਕਾਏ ਜਾਂਦੇ ਹਨ, (ਤਿਵੇਂ ਜੀਵ-ਇਸਤ੍ਰੀ ਨੂੰ) ਪਰਮਾਤਮਾ ਦਾ ਨਾਮ-ਭੋਜਨ ਪ੍ਰਾਪਤ ਹੁੰਦਾ ਹੈ। ਨਾਨਕ ਬੇਨਤੀ ਕਰਦਾ ਹੈ-(ਇਹ ਸਾਰੀ ਗੁਰੂ ਦੀ ਹੀ ਮਿਹਰ ਹੈ) ਗੁਰੂ-ਸੰਤ ਨੇ (ਸਰਨ ਪਈ) ਸਾਰੀ ਲੁਕਾਈ ਨੂੰ ਸਾਰੇ ਜਗਤ ਦਾ ਮੂਲ ਸਭਨਾਂ ਤਾਕਤਾਂ ਦਾ ਮਾਲਕ ਪਰਮਾਤਮਾ ਮਿਲਾਇਆ ਹੈ।੩। (ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਚਰਨੀਂ ਲੱਗਦੀ ਹੈ, ਉਸ ਦੇ (ਹਿਰਦੇ-) ਘਰ ਵਿਚ ਪ੍ਰਭੂ-ਪਤੀ ਆ ਬੈਠਦਾ ਹੈ, ਉਸ ਦਾ (ਸਰੀਰ-) ਭਵਨ ਸੋਹਣਾ ਹੋ ਜਾਂਦਾ ਹੈ, ਉਸ ਦੀ (ਹਿਰਦਾ-) ਧਰਤੀ ਭਾਗਾਂ ਵਾਲੀ ਬਣ ਜਾਂਦੀ ਹੈ। (ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਚਰਨੀਂ ਲੱਗਦੀ ਹੈ, ਉਹ ਆਤਮਕ ਅਡੋਲਤਾ ਵਿਚ (ਟਿਕ ਕੇ ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੀ ਹੈ, ਉਸ ਦੀਆਂ ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ। ਸਾਧ ਸੰਗਤਿ ਦੀ ਚਰਨ-ਧੂੜ ਦੇ ਪਰਤਾਪ ਨਾਲ (ਉਸ ਦੇ ਅੰਦਰੋਂ) ਮਮਤਾ ਵਧਾਣ ਵਾਲੀ ਆਸ ਖ਼ਤਮ ਹੋ ਜਾਂਦੀ ਹੈ, ਉਸ ਨੂੰ ਚਿਰਾਂ ਦੇ ਵਿਛੁੜੇ ਹੋਏ ਪ੍ਰਭੂ-ਕੰਤ ਜੀ ਮਿਲ ਪੈਂਦੇ ਹਨ। ਨਾਨਕ ਬੇਨਤੀ ਕਰਦਾ ਹੈ-(ਗੁਰੂ ਦੀ ਚਰਨੀਂ ਲੱਗੀ ਹੋਈ ਜੀਵ-ਇਸਤ੍ਰੀ ਦੇ ਅੰਦਰ) ਹਰ ਵੇਲੇ ਆਤਮਕ ਆਨੰਦ ਦੇ ਵਾਜੇ ਵੱਜਦੇ ਰਹਿੰਦੇ ਹਨ (ਜਿਸ ਦਾ ਸਦਕਾ ਉਹ ਆਪਣੇ) ਮਨ ਦੀ ਹਉਮੈ ਵਾਲੀ ਮਤਿ ਤਿਆਗ ਦੇਂਦੀ ਹੈ ਸਾਧ ਸੰਗਤਿ ਵਿਚ ਰਹਿ ਕੇ ਉਸ ਦੀ ਸੁਰਤਿ ਮਾਲਕ-ਪ੍ਰਭੂ ਵਿਚ ਲੱਗੀ ਰਹਿੰਦੀ ਹੈ, ਉਹ ਜੀਵ-ਇਸਤ੍ਰੀ ਮਾਲਕ-ਪ੍ਰਭੂ ਦੀ ਸਰਨ ਪਈ ਰਹਿੰਦੀ ਹੈ।੪।੧।

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!

ਪਿੰਡ ਰਾਮੇਆਣਾ ਵਿਖੇ ਆਮ ਆਦਮੀ ਕਲੀਨਿਕ ਲੋਕ ਅਰਪਣ

ਜੈਤੋ, 27 ਜੁਲਾਈ    ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਉੱਚ ਪੱਧਰੀ ਅਤੇ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਿਹਤ ਬਲਾਕ ਬਾਜਾਖਾਨਾ ਅਧੀਨ ਪੈਂਦੇ ਪਿੰਡ ਰਾਮੇਆਣਾ ਵਿਖੇ ਨਵੇਂ ਆਮ ਆਦਮੀ ਕਲੀਨਿਕ ਨੂੰ ਵਿਧਾਇਕ ਜੈਤੋ ਸ. ਅਮੋਲਕ ਸਿੰਘ ਵੱਲੋਂ ਲੋਕ ਅਰਪਣ ਕੀਤਾ ਗਿਆ।

ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ. ਅਮੋਲਕ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਤੱਕ ਬਿਹਤਰੀਨ ਸਿਹਤ ਸਹੂਲਤਾਂ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਤਕਨੀਕੀ ਸਹੂਲਤਾਂ ਨਾਲ ਲੈਸ ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਮਾਹਿਰ ਡਾਕਟਰਾਂ ਦੀ ਸਲਾਹ, ਮੁਫ਼ਤ ਦਵਾਈਆਂ ਅਤੇ ਲੋੜੀਂਦੇ ਮੈਡੀਕਲ ਟੈਸਟ ਇੱਕੋ ਛੱਤ ਹੇਠ ਬਿਨਾਂ ਕਿਸੇ ਖ਼ਰਚ ਦੇ ਉਪਲਬਧ ਕਰਵਾਏ ਜਾ ਰਹੇ ਹਨ।

ਚੇਅਰਮੈਨ ਸ. ਧਰਮਜੀਤ ਸਿੰਘ ਰਾਮੇਆਣਾ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਪੇਂਡੂ ਖੇਤਰਾਂ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਅਤੇ ਇਨ੍ਹਾਂ ਰਾਹੀਂ ਲੋਕਾਂ ਨੂੰ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਮੁਫ਼ਤ ਮਿਲ ਰਹੀਆਂ ਹਨ।

ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਪ੍ਰੀਤ ਗਰੇਵਾਲ ਨੇ ਦੱਸਿਆ ਕਿ ਇਸ ਕਲੀਨਿਕ ਵਿੱਚ ਮਰੀਜ਼ਾਂ ਨੂੰ ਓਪੀਡੀ ਸੇਵਾਵਾਂ, ਮੁਫ਼ਤ ਦਵਾਈਆਂ, ਵੱਖ-ਵੱਖ ਤਰ੍ਹਾਂ ਦੇ ਲੈਬ ਟੈਸਟ ਅਤੇ ਹੋਰ ਬੁਨਿਆਦੀ ਸਿਹਤ ਸੇਵਾਵਾਂ ਉਪਲਬਧ ਹੋਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਦੱਸਿਆ ਕਿ ਇਸ ਕਲੀਨਿਕ ਵਿੱਚ ਮੈਡੀਕਲ ਅਫ਼ਸਰ ਡਾ. ਅਨੁਰਾਗ ਗੋਇਲ ਆਪਣੀ ਟੀਮ ਸਮੇਤ ਸੇਵਾਵਾਂ ਨਿਭਾਉਣਗੇ।

ਇਸ ਮੌਕੇ ਮੈਡੀਕਲ ਅਫ਼ਸਰ ਡਾ. ਸਤਿੰਦਰ ਸਿੰਘ, ਏ.ਐੱਮ.ਓ. ਡਾ. ਸਨਮੀਤ ਸਿੰਘ, ਬੀ.ਈ.ਈ. ਫਲੈਗ ਚਾਵਲਾ, ਸਿਹਤ ਸੁਪਰਵਾਈਜ਼ਰ ਅਮਰਜੀਤ ਕੌਰ, ਐੱਮ.ਪੀ.ਐੱਚ.ਡਬਲਯੂ. ਚਮਕੌਰ ਸਿੰਘ, ਪਰਮਜੀਤ ਕੌਰ, ਰਣਜੀਤ ਸਿੰਘ, ਸੁਖਦੇਵ ਸਿੰਘ, ਫਾਰਮਾਸਿਸਟ ਜੋਤੀ, ਪਰਮਿੰਦਰ ਸਿੰਘ, ਸੰਦੀਪ ਕੌਰ, ਪੰਚਾਇਤ ਮੈਂਬਰ ਸ. ਸੁਖਦੇਵ ਸਿੰਘ, ਸ. ਹਰਜੀਤ ਸਿੰਘ ਸੋਢੀ, ਸ. ਸੰਤ ਰਾਮ, ਸ. ਦੀਪਾ ਸਿੰਘ, ਸ. ਗੁਰਚੇਤ ਸਿੰਘ ,ਸਮੂਹ ਆਸ਼ਾ ਵਰਕਰਾਂ ਅਤੇ ਪਿੰਡ ਵਾਸੀ ਹਾਜ਼ਰ ਸਨ। 

ਚੇਅਰਪਰਸਨ, ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ 28 ਜੁਲਾਈ ਤੋਂ 30 ਜੁਲਾਈ ਤੱਕ ਮਲੋਟ ਵਿੱਚ ਸਮਾਗਮਾਂ ਦਾ ਆਯੋਜਨ

ਸ੍ਰੀ ਮੁਕਤਸਰ ਸਾਹਿਬ, 27 ਜੁਲਾਈ
ਸ੍ਰੀ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀਮਤੀ ਰਾਜ ਲਾਲੀ ਗਿੱਲ ਚੇਅਰਪਰਸਨ, ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ 28 ਜੁਲਾਈ ਤੋਂ 30 ਜੁਲਾਈ ਤੱਕ ਮਲੋਟ ਵਿੱਚ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ।
 ਉਹਨਾਂ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਜੁਲਾਈ ਨੂੰ ਸਵੇਰੇ 10.30 ਵਜੇ ਕੰਪਿਊਟਰ ਰਿਸੋਰਸ ਸੈਂਟਰ ਨੇੜੇ ਮਿਮਿਟ ਕਾਲਜ ਵਿੱਚ ਲੋਕ ਅਦਾਲਤ ਦੀ ਪ੍ਰਧਾਨਗੀ ਕਰਨਗੇ ਹੈ।
 29 ਜੁਲਾਈ ਨੂੰ ਸਵੇਰੇ 10.00 ਵਜੇ ਕੇ.ਜੀ.ਰਿਜੋਰਟ ਮਲੋਟ ਵਿੱਚ ਤੀਆ ਦੇ ਪ੍ਰੋਗਰਾਮ ਵਿੱਚ ਭਾਗ ਲੈਣਗੇ, ਜਦਕਿ 30 ਜੁਲਾਈ ਨੂੰ ਮਿਮਿਟ ਕਾਲਜ ਮਲੋਟ ਵਿਖੇ ਅਵੇਅਰਨੈਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ।
 ਜਿਕਰਯੋਗ ਹੈ ਕਿ ਇਹਨਾਂ ਸਮਾਗਮਾਂ ਵਿੱਚ ਡਾ.ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਵਿਸ਼ੇਸ਼ ਤੌਰ ਤੇ ਸਿਰਕਤ ਕਰਨਗੇ।
                      ਉਹਨਾਂ ਲੋੜਵੰਦਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਸਮਾਗਮਾਂ ਵਿੱਚ ਸ਼ਾਮਿਲ ਹੋ ਕੇ ਵੱਧ ਤੋਂ ਵੱਧ ਲਾਭ ਉਠਾਉਣ।
 
 

ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਵਲੋਂ ਸੀ.ਬੀ.ਐੱਸ.ਈ ਬਾਹਰਵੀਂ ਜਮਾਤ ਦੀ ਪ੍ਰੀਖਿਆ ਨੂੰ ਮੁੱਖ ਰੱਖਦਿਆਂ

ਗੁਰਦਾਸਪੁਰ, 27 ਜੁਲਾਈ ()

ਸ੍ਰੀ ਗੁਰਸਿਮਰਨ ਸਿੰਘ ਢਿੱਲੋਂ, ਵਧੀਕ, ਜਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆ ਹੋਇਆ ਜ਼ਿਲ੍ਹਾ ਗੁਰਦਾਸਪੁਰ ਵਿਖੇ ਸਥਾਪਿਤ ਕੀਤੇ ਗਏ ਪ੍ਰੀਖਿਆ ਕੇਂਦਰਾਂ ਚੀਮਾਂ ਪਬਲਿਕ ਸਕੂਲ ਬਟਾਲਾ ਅਤੇ ਰਤਨ ਦਾਈ ਖੋਸਲਾ ਦਾਵ ਮਾਡਲ ਸੀਨੀਅਰ ਸੈਕੰਡਰੀ ਬਿੰਦੂ ਬੱਲਾ ਰਾਮ ਤੀਰਥ ਰੋਡ ਬਟਾਲਾ ਦੇ ਆਲੇ ਦੁਆਲੇ 100 ਮੀਟਰ ਦੇ ਘੇਰੇ ਵਿੱਚ ਲੋਕਾਂ ਦੇ ਇਕੱਠੇ ਹੋਣ ਤੇ ਮਿਤੀ 28.07.2026 ਨੂੰ ਪਾਬੰਦੀ ਲਗਾਈ ਗਈ ਹੈ, ਪਰ ਇਹ ਹੁਕਮ ਉਹਨਾਂ ਵਿਅਕਤੀਆਂ ‘ਤੇ ਲਾਗੂ ਨਹੀਂ ਹੋਵੇਗਾ ਜੋ ਇਹਨਾਂ ਪ੍ਰੀਖਿਆਵਾਂ ਵਿਚ ਡਿਊਟੀ ‘ਤੇ ਹੋਣਗੇ ।

ਹੁਕਮਾਂ ਵਿੱਚ ਦੱਸਿਆ ਗਿਆ ਹੈ ਕਿ ਸੀ.ਬੀ.ਐੱਸ.ਈ ਬਾਹਰਵੀਂ
ਜਮਾਤ ਦੀ ਪ੍ਰੀਖਿਆ ਮਿਤੀ 28.07.2026 ਨੂੰ ਜ਼ਿਲ੍ਹਾ ਗੁਰਦਾਸਪੁਰ ਵਿੱਚ ਬੋਰਡ ਵਲੋਂ ਸਥਾਪਿਤ ਕੀਤੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿਖੇ ਕਰਵਾਈ ਜਾ ਰਹੀ ਹੈ । ਪ੍ਰੀਖਿਆ ਸਵੇਰੇ 10 ਵਜੇ ਤੇ ਦੁਪਹਿਰ 01.30 ਵਜੇ ਤੱਕ ਹੋਵੇਗੀ।

ਪ੍ਰੀਖਿਆ ਕੇਂਦਰਾਂ ਦੇ ਆਲੇ ਦੁਆਲੇ ਵਿਘਨ ਪਾਉਣ ਵਾਲੇ ਅਨਸਰ ਇਕੱਠੇ ਹੋ ਜਾਂਦੇ ਹਨ। ਇਸ ਲਈ ਪ੍ਰੀਖਿਆ ਵਿਚ ਵਿਘਨ ਪਾਉਣ ਵਾਲੇ ਅਨਸਰਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ, ਟਰੈਫਿਕ ਦੀ ਵਿਵਸਥਾ ਨੂੰ ਸੁਚਾਰੂ ਬਣਾਈ ਰੱਖਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੇ ਲਈ ਇਹਨਾਂ ਪ੍ਰੀਖਿਆ ਕੇਂਦਰਾਂ ਦੇ ਆਲੇ ਦੁਆਲੇ 100 ਮੀਟਰ ਦੇ ਘੇਰੇ ਅੰਦਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੀ ਲੋੜ ਹੈ ਅਤੇ ਸਾਰੇ ਪ੍ਰੀਖਿਆ ਕੇਂਦਰਾਂ ਦੇ ਆਲੇ ਦੁਆਲੇ ਦੇ 100 ਮੀਟਰ ਦੇ ਘੇਰੇ ਅੰਦਰ ਆਮ ਪਬਲਿਕ ਦੇ ਇਕੱਠੇ ਹੋਣ ਦੀ ਮਨਾਹੀ ਕਰਨਾ ਅਤਿ ਜਰੂਰੀ ਹੈ, ਤਾਂ ਕਿ ਅਜਿਹੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ।